Gidderbaha News: ਸੰਸਦ ਮੈਂਬਰ ਰਾਜਾ ਵੜਿੰਗ ਨੇ ਸੜਕ `ਤੇ ਬੈਠੇ ਕੱਟੀ ਰਾਤ, ਸਰਕਾਰ ਖਿਲਾਫ ਖੋਲ੍ਹਿਆ ਮੋਰਚਾ
Gidderbaha News: ਬੀਤੇ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਦੀ ਅਗਵਾਈ ਹੇਠ ਇਥੋਂ ਦੇ ਐੱਸ.ਡੀ.ਐੱਮ. ਦੇ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ।
Gidderbaha News: ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਬੀਤੇ ਦਿਨ ਸਰਪੰਚੀ ਚੋਣਾਂ ਦੇ ਲਈ ਖੜ੍ਹੇ ਹੋਏ ਹਲਕਾ ਗਿੱਦੜਬਾਹਾ ਦੇ ਵੱਡੀ ਗਿਣਤੀ ਦੇ ’ਚ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ-ਪੱਤਰ ਰੱਦ ਕਰਨ ਕਾਰਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਦੀ ਅਗਵਾਈ ਹੇਠ ਇਥੋਂ ਦੇ ਐੱਸ.ਡੀ.ਐੱਮ. ਦੇ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਤੋਂ ਬਾਅਦ ਇਹ ਧਰਨਾ ਹਾਈਵੇ 'ਤੇ ਸ਼ਿਫਟ ਕਰ ਦਿੱਤਾ ਗਿਆ।
ਅਰਮਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਦਿਆਂ ਲਿਖਿਆ ਕਿ...ਮੈਨੂੰ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਅਸੀਂ ਸਵੇਰ ਤੋਂ ਧਰਨੇ ਉੱਤੇ ਬੈਠੇ ਹਾਂ ਤੇ ਤਕਰੀਬਨ 13 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਸਰਕ ਰਹੀ। ਜਿਸ ਤਰ੍ਹਾਂ ਦੀ ਧੱਕੇਸ਼ਾਹੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਰਨਾ ਚਾਹੁੰਦੀ ਹੈ ਪੰਜਾਬ ਦੇ ਲੋਕ ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ ਤੇ ਡਟ ਕੇ ਇਸ ਦਾ ਵਿਰੋਧ ਕਰਨਗੇ। ਬਾਕੀ ਮੈਦਾਨ ਵਿੱਚ ਡਟੇ ਹੋਏ ਹਾਂ, ਕਾਂਗਰਸ ਪਾਰਟੀ ਨਾ ਕਦੇ ਤਾਨਾਸ਼ਾਹੀ ਦੇ ਅੱਗੇ ਝੁਕੀ ਹੈ ਤੇ ਨਾਹੀ ਪੰਜਾਬ ਦੇ ਲੋਕ ਕਦੇ ਝੁਕੇ ਹਨ। ਲੋਕਾਂ ਵੱਲੋਂ ਹੀ ਬਣਾਈ ਸਰਕਾਰ ਜੇਕਰ ਲੋਕਾਂ ਨਾਲ ਮੱਥਾ ਲਾਉਣਾ ਚਾਹੁੰਦੀ ਹੈ ਤਾਂ ਅਸੀ ਤਿਆਰ ਹਾਂ ਡਟ ਕੇ ਲੜਾਈ ਲੜਾਂਗੇ।
ਰਾਜਾ ਵੜਿੰਗ ਵੱਲੋਂ ਬੀਤੇ ਦਿਨ ਐੱਸ.ਡੀ.ਐੱਮ. ਦਫਤਰ ਦੇ ਬਾਹਰ ਧਰਨਾ ਦਿੰਦੇ ਹੋਏ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੱਸਿਆ ਕਿ ਹਲਕਾ ਗਿੱਦੜਬਾਹਾ ਦੇ ਪਿੰਡ ਮਨਿਆਂਵਾਲਾ, ਲੋਹਾਰਾ, ਮਧੀਰ, ਵਾੜਾ ਕਿਸ਼ਨਪੁਰਾ, ਦੌਲਾ, ਆਸਾ ਬੁੱਟਰ, ਕਰਨੀਵਾਲਾ, ਬਬਾਣੀਆਂ, ਅਬਲੂਕੋਟਲੀ, ਬੁੱਟਰ ਬਖੁਆ ਅਤੇ ਖਿੜਕੀਆਂ ਵਾਲਾ ਆਦਿ ਕੁੱਲ 29 ਪਿੰਡਾਂ ਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨ ਦੇ ਬਾਵਜੂਦ ਸਵੇਰੇ 4 ਵਜੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ, ਜੋ ਕਿ ਸਰਾਸਰ ਧੱਕਾ ਹੈ ਅਤੇ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ ਲੋਕਤੰਤਰ ਦਾ ਘਾਣ ਕਰਨ ਵਾਲੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਗਿੱਦੜਬਾਹਾ ਦੇ ਐੱਸ.ਡੀ.ਐੱਮ. ਇਸ ਸਭ ਦੇ ਲਈ ਜ਼ਿੰਮੇਵਾਰ ਹਨ, ਇਸ ਕਾਰਨ ਇਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਇਨਸਾਫ ਦੇ ਲਈ ਹਾਈਕੋਰਟ ਦਾ ਦਰਵਾਜਾ ਖੜਕਾਇਆ ਜਾਵੇਗਾ।