ਦੇਵਨੰਦ ਸ਼ਰਮਾ/ਫਰੀਦਕੋਟ: ਫਰੀਦਕੋਟ ਦੇ ਨਿਊ ਕੈਂਟ ਰੋਡ 'ਤੇ ਰਹਿੰਦੇ ਸੇਠੀ ਪਰਿਵਾਰ ਤੇ ਉਸ ਸਮੇਂ ਕਹਿਰ ਵਾਪਰਿਆ,ਜਦੋ ਕਨੈਡਾ ਵਿਚ ਰਹਿੰਦੇ ਉਹਨਾਂ ਦੇ 18 ਸਾਲਾਂ ਪੋਤਰੇ ਦੀ ਚਾਕੂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਮਿਲਿਆ। ਮਹਿਕਪ੍ਰੀਤ ਉਰਫ ਜੈਜੀ ਆਪਣੇ ਮਾਪਿਆਂ ਅਤੇ ਭੈਣ ਭਰਾ ਸਣੇ ਪਿਛਲੇ ਕੁਝ ਸਾਲ ਤੋਂ ਕਨੈਡਾ ਵਿਚ ਰਹਿ ਰਿਹਾ ਸੀ ਅਤੇ ਪੂਰੇ ਪਰਿਵਾਰ ਨੂੰ ਕਨੈਡਾ ਦੀ ਪੀਆਰ ਦੀ ਮਿਲ ਚੁੱਕੀ ਸੀ। ਮਹਿਕ ਪੜਾਈ ਦੇ ਨਾਲ ਨਾਲ ਨੌਕਰੀ ਵੀ ਕਰ ਰਿਹਾ ਸੀ ਅਤੇ ਉਸਦਾ ਸੁਪਨਾ ਕਨੈਡਾ ਆਰਮੀ ਵਿਚ ਭਰਤੀ ਹੋਣ ਦਾ ਸੀ ਲੇਕਿਨ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਲੰਘੀ 23 ਨਵੰਬਰ ਨੂੰ ਉਸਦਾ ਕਨੈਡਾ ਦੇ ਸਰੀ ਇਲਾਕੇ ਦੇ ਸਕੂਲ ਦੀ ਪਾਰਕਿੰਗ ਵਿਚ ਚਾਕੂ ਮਾਰਕੇ ਕਤਲ ਕਰ ਦਿਤਾ ਗਿਆ।


COMMERCIAL BREAK
SCROLL TO CONTINUE READING

ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਵਾਲੇ ਨੌਜਵਾਨ ਦੀ ਉਮਰ 17 ਸਾਲ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਰੀਦਕੋਟ ਵਿਚ ਉਨ੍ਹਾਂ ਦੇ ਪਰਿਵਾਰ ਵਿਚ ਮਾਤਮ ਛਾਇਆ ਹੋਇਆ  ਹੈ। ਫਰੀਦਕੋਟ ਵਿਚ ਉਸਦੇ ਦਾਦਾ ਦਾਦੀ,ਚਾਚਾ ਚਾਚੀ ਸਣੇ ਹੋਰ ਪਰਿਵਾਰਕ ਮੈਂਬਰ ਰਹਿੰਦੇ ਹਨ।


ਮ੍ਰਿਤਕ ਮਹਿਕ ਦੀ ਦਾਦੀ ਅਤੇ ਸੇਵਾਮੁਕਤ ਟੀਚਰ ਬਲਜੀਤ ਕੌਰ ਨੇ ਕਿਹਾ ਕਿ ਪੋਤਰੇ ਦੀ ਮੌਤ ਨੇ ਉਨ੍ਹਾਂ ਦੀ ਉਮਰ ਘਟਾ ਦਿੱਤੀ ਹੈ। ਉਨ੍ਹਾਂ ਕਨੈਡਾ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਰੋਸ ਜਤਾਇਆ ਕਿ ਅਜੇ ਤਕ ਉਨ੍ਹਾਂ  ਦੇ ਹਰਪ੍ਰੀਤ ਸਿੰਘ ਅਤੇ ਨੂੰਹ ਸੀਮਾ ਨੂੰ ਬੇਟੇ ਦੀ ਲਾਸ਼ ਨਹੀਂ ਦਿਖਾਈ ਹੈ। ਉਨ੍ਹਾਂ ਨੂੰ ਅਜੇ ਤਕ ਇਹ ਵੀ ਨਹੀਂ ਪਤਾ ਲੱਗਾ ਕਿ ਮਹਿਕ ਦੇ ਚਾਕੂ ਕਿਥੇ ਵਜਿਆ ਹੈ।


ਉਨ੍ਹਾਂ ਨੇ  ਨੌਜਵਾਨ ਪੀੜੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਆਪਣੇ ਮਾਪਿਆਂ ਦੀ ਸਲਾਹ ਮੁਤਾਬਕ ਕੰਮ ਕਰਨਾ ਚਾਹੀਦਾ ਹੈ ਤਾਂਕਿ ਉਹ ਮੁਸੀਬਤ ਤੋਂ ਬਚ ਸਕਣ। ਮਹਿਕ ਦੇ ਚਾਚਾ ਹਰਮੀਤ ਸਿੰਘ ਨੇ ਕਿਹਾ ਕਿ ਕਨੈਡਾ ਸਰਕਾਰ ਨੇ ਸੰਸਕਾਰ ਲਈ 5 ਦਸੰਬਰ ਦੀ ਤਰੀਕ ਦਿੱਤੀ ਸੀ ਲੇਕਿਨ ਉਸ ਦਿਨ ਛੋਟੇ ਭਤੀਜੇ ਦਾ ਜਨਮਦਿਨ ਹੈ ਇਸ ਲਈ ਹੁਣ ਉਨ੍ਹਾਂ ਨੇ 4 ਦਸੰਬਰ ਦੀ ਤਰੀਕ ਲਈ ਹੈ।