ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸੁਰੱਖਿਆ ਦੀ ਮੰਗ ਵਧੀ ਹੈ। ਹੁਣ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਇਸ ਦੇ ਲਈ ਉਨ੍ਹਾਂ ਨੇ ਬਕਾਇਦਾ ਤੌਰ ਉੱਤੇ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਖਹਿਰਾ ਨੇ ਸੂਬੇ ਦੇ ਵਿਗੜ ਰਹੇ ਹਾਲਾਤਾਂ ਦੇ ਮੱਦੇਨਜ਼ਰ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਪੱਤਰ ਵਿੱਚ ਸਪਸ਼ਟ ਕਿਹਾ ਹੈ ਕਿ ਜੇਕਰ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਪਰਿਵਾਰ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਪੁਲਿਸ ਹੋਵੇਗੀ।


COMMERCIAL BREAK
SCROLL TO CONTINUE READING

ਖਹਿਰਾ ਨੇ ਕਿਹਾ ਕਿ ਕੁਝ ਹਫ਼ਤਿਆਂ ਵਿੱਚ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਹੀ ਨਾਜ਼ੁਕ ਬਣ ਚੁੱਕੀ ਹੈ, ਜਿਸ ਦੀ ਉਦਾਹਰਨ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਹੁੰਦੇ ਸਮੇਂ ਤੋਂ ਹੀ ਉਹ ਪੰਜਾਬੀਆਂ ਦੇ ਹੱਕਾਂ ਦੀ ਗੱਲ ਜ਼ੋਰਦਾਰ ਢੰਗ ਨਾਲ ਉਠਾਉਂਦੇ ਰਹੇ। ਭਾਵੇਂ ਉਹ ਭੂ ਮਾਫ਼ੀਆ, ਡਰੱਗ ਮਾਫ਼ੀਆ, ਰੇਤ ਮਾਫ਼ੀਆ, ਕੇਬਲ ਮਾਫ਼ੀਆ, ਗੈਂਗਸਟਰਾਂ ਜਾਂ ਡੇਰਾਵਾਦ ਵਿਰੁੱਧ ਹੋਵੇ।


ਕਾਂਗਰਸੀ ਵਿਧਾਇਕ ਨੇ ਡੀਜੀਪੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਜਦੋਂ ਉਸ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਸੀ ਤਾਂ ਉਸ ਨੇ ਆਪਣੀ ਆਵਾਜ ਬੁਲੰਦ ਕੀਤੀ ਸੀ, ਇਸ ਦੌਰਾਨ ਕੱਟੜਵਾਦੀ ਸੰਸਥਾਵਾਂ ਤੇ ਵਿਅਕਤੀਆਂ ਵੱਲੋਂ ਆਵਾਜ਼ ਦਬਾਉਣ ਲਈ ਧਮਕੀਆਂ ਮਿਲੀਆਂ ਸਨ।


ਇਸ ਸਬੰਧੀ ਉਨ੍ਹਾਂ ਨੇ ਏਡੀਜੀਪੀ ਸਕਿਉਰਟੀ ਨੂੰ 11 ਜੁਲਾਈ 2020 ਅਤੇ ਡੀਜੀਪੀ ਦਫ਼ਤਰ ਨੂੰ 16 ਨਵੰਬਰ 2020 ਅਤੇ 28 ਜੂਨ 2021 ਨੂੰ ਪੱਤਰ ਲਿਖ ਕੇ ਜਾਣੂ ਕਰਵਾ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਕਿਹਾ ਹੁਣ ਵੀ ਉਨ੍ਹਾਂ ਵੱਲੋਂ ਪੰਜਾਬ ਦੇ ਮਸਲਿਆਂ ਅਤੇ ਭੂ ਮਾਫ਼ੀਆ, ਰੇਤ ਮਾਫ਼ੀਆ, ਕੇਬਲ ਮਾਫ਼ੀਆ, ਡੇਰਾਵਾਦ ਅਤੇ ਬੇਰੁਜ਼ਗਾਰੀ ਖ਼ਿਲਾਫ਼ ਜਮਹੂਰੀ ਢੰਗ ਨਾਲ ਲੜਾਈ ਲੜਨ ਦੀ ਜੱਦੋ-ਜਹਿਦ ਜਾਰੀ ਹੈ।


ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਜੋ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਉਹ ਨਾਕਾਫੀ ਹੈ। ਇਸ ਲਈ ਉਨ੍ਹਾਂ ਡੀਜੀਪੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀਆਂ ਦੋਵੇਂ ਰਿਹਾਇਸ਼ਾਂ ’ਤੇ ਗਾਰਦ ਤਾਇਨਾਤ ਕੀਤੇ ਜਾਣ, ਇੱਕ ਸੁਰੱਖਿਆ ਵਾਹਨ ਮੁਹੱਈਆ ਕਰਵਾਇਆ ਜਾਵੇ ਅਤੇ ਲੋੜੀਂਦੇ ਸੁਰੱਖਿਆ ਮੁਲਾਜ਼ਮਾਂ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰ ਕੇ ਤਾਇਨਾਤ ਕੀਤਾ ਜਾਵੇ।  ਸੁਖਪਾਲ ਸਿੰਘ ਖਹਿਰਾ ਨੇ ਡੀਜੀਪੀ ਨੂੰ ਪੱਤਰ ਵਿੱਚ ਦੱਸਿਆ ਕਿ ਉਨ੍ਹਾਂ ਦੀ ਇੱਕ ਰਿਹਾਇਸ਼ ਪਿੰਡ ਰਾਮਗੜ੍ਹ ਥਾਣਾ ਭੁਲੱਥ, ਜ਼ਿਲ੍ਹਾ ਕਪੂਰਥਲਾ ਅਤੇ ਦੂਜੀ ਰਿਹਾਇਸ਼ ਚੰਡੀਗੜ੍ਹ ਵਿੱਚ ਹੈ।