Nangal Flyover News: ਨੰਗਲ ਦਾ ਫਲਾਈਓਵਰ ਜਲਦ ਹੋਵੇਗਾ ਸ਼ੁਰੂ, ਰਾਹਗੀਰਾਂ ਨੂੰ ਮਿਲੇਗੀ ਲੰਬੇ ਜਾਮ ਤੋਂ ਰਾਹਤ
Nangal Flyover News: ਮੌਕੇ ਦੀਆਂ ਤਸਵੀਰਾਂ ਉੱਤੇ ਜਾਣਕਾਰੀ ਮੁਤਾਬਿਕ ਰੰਗ ਰੋਗਨ, ਸੜਕ ਤੇ ਲੁੱਕ ਪਾਉਣ ਦਾ ਕੰਮ ਤੇ ਫਲਾਈਓਵਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਤੇ ਆਸ ਹੈ ਜਲਦ ਹੀ ਪੰਜਾਬ , ਹਿਮਾਚਲ , ਹਰਿਆਣਾ , ਚੰਡੀਗੜ੍ਹ , ਦਿੱਲੀ ਤੇ ਖ਼ਾਸ ਕਰ ਨੰਗਲ ਦੇ ਲੋਕਾਂ ਨੂੰ ਰਾਹਤ ਮਿਲੇਗੀ।
Nangal Flyover News: ਨੰਗਲ ਵਿਖੇ ਚੰਡੀਗੜ੍ਹ ਊਨਾ ਹਾਈਵੇ 2018 ਤੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਇੱਕ ਫਲਾਈਓਵਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਕਿ ਸਮੇਂ ਸਿਰ ਪੂਰਾ ਨਾ ਹੋਣ ਕਾਰਨ ਹਾਈਵੇ 'ਤੇ ਗੁਜ਼ਰਨ ਵਾਲੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਕਈ-ਕਈ ਕਿਲੋਮੀਟਰ ਲੰਬੇ ਜਾਮ ਵਿੱਚ ਫਸਣਾ ਪੈਂਦਾ ਹੈ ਮਗਰ ਹੁਣ ਹਾਈਵੇ ਤੇ ਗੁਜ਼ਰਨ ਵਾਲੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਣ ਵਾਲੀ ਹੈ। ਕਿਉਂਕਿ ਇਸ ਫਲਾਈਓਵਰ ਦਾ ਇੱਕ ਪਾਸਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਜਿਸਦੀ ਜਾਣਕਾਰੀ ਖੁਦ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਵਲੋਂ ਦਿੱਤੀ ਗਈ। ਜਦੋਂ ਸਾਡੀ ਟੀਮ ਵਲੋਂ ਮੌਕੇਂ ਉੱਤੇ ਜਾ ਕੇ ਦੇਖਿਆ ਤਾਂ ਫਲਾਈਓਵਰ ਤੇ ਲੁੱਕ ਪਾਈ ਜਾ ਰਹੀ ਹੈ ਤੇ ਟੈਸਟਿੰਗ ਦਾ ਕੰਮ ਚੱਲ ਰਿਹਾ ਹੈ।
ਨੰਗਲ ਵਿਖੇ ਚੰਡੀਗੜ੍ਹ - ਊਨਾ ਹਾਈਵੇ 'ਤੇ 2018 ਵਿੱਚ ਇੱਕ ਫਲਾਈ ਓਵਰ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ ਜੋ ਕਿ 2020 ਦੇ ਵਿੱਚ ਮੁਕੰਮਲ ਕੀਤਾ ਜਾਣਾ ਸੀ ਮਗਰ ਅਲੱਗ ਅਲੱਗ ਵਿਭਾਗਾਂ ਦੀਆਂ ਪਰਮੀਸ਼ਨ ਸਮੇਂ ਸਿਰ ਨਾਂ ਮਿਲਣ ਕਰਕੇ ਇਹ 2023 ਵਿੱਚ ਵੀ ਮੁਕੰਮਲ ਨਹੀਂ ਹੋ ਪਾਇਆ ਜਿਸ ਕਾਰਨ ਹਾਈਵੇ 'ਤੇ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਕਈ ਕਿਲੋਮੀਟਰ ਲੰਬੇ ਜਾਮ ਵਿੱਚ ਫਸਣਾ ਪੈ ਰਿਹਾ ਇੱਥੋਂ ਤੱਕ ਕਿ ਸਕੂਲੀ ਬੱਸਾਂ ਤੇ ਪੀ ਜੀ ਆਈ ਜਾਣ ਵਾਲੀਆਂ ਐਂਬੂਲੈਂਸਾਂ ਵੀ ਕਈ ਕਈ ਘੰਟੇ ਜਾਮ ਵਿੱਚ ਫਸੀਆਂ ਰਹਿੰਦੀਆਂ ਹਨ। ਕੁੱਲ ਮਿਲਾ ਕੇ ਜਿੱਥੇ ਹਿਮਾਚਲ ਤੋਂ ਪੰਜਾਬ ਤੇ ਚੰਡੀਗੜ੍ਹ ਵਾਲੇ ਪਾਸੇ ਜਾਣ ਵਾਲੇ ਵਾਹਨ ਚਾਲਕਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈਂਦੀ ਹੈ।
ਇਹ ਵੀ ਪੜ੍ਹੋ; Nangal Flyover News: ਹਰਜੋਤ ਬੈਂਸ ਦਾ ਬਿਆਨ, 'ਲਗਭਗ 12 ਦਿਨਾਂ 'ਚ ਨੰਗਲ ਫਲਾਈਓਵਰ ਦੇ ਇੱਕ ਪਾਸੇ ਤੋਂ ਸ਼ੁਰੂ ਹੋਵੇਗੀ ਆਵਾਜਾਈ'
ਇਸ ਫਲਾਈਓਵਰ ਬਣਨ ਕਰਕੇ ਰਸਤਿਆਂ ਨੂੰ ਵੀ ਡਾਈਵਰਟ ਕੀਤਾ ਗਿਆ। ਜਿਸ ਕਾਰਨ ਹਾਦਸੇ ਵੀ ਹੋਏ ਅਤੇ ਕਈ ਕੀਮਤੀ ਜਾਨਾਂ ਵੀ ਗਈਆਂ। ਇਸ ਫਲਾਈਓਵਰ ਵਿੱਚ ਦੇਰੀ ਦਾ ਸਭ ਤੋਂ ਵੱਡਾ ਕਾਰਨ ਸਮੇਂ ਸਿਰ ਅਲੱਗ ਅਲੱਗ ਵਿਭਾਗਾਂ ਦੀਆਂ ਪਰਮੀਸ਼ਨਾਂ ਦਾ ਨਾ ਮਿਲਣਾ ਹੈ। ਜਨਤਾ ਦੀ ਅਸੁਵਿਧਾ ਨੂੰ ਦੇਖਦੇ ਹੋਏ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਪ੍ਰੋਜੈਕਟ ਉੱਤੇ ਗੰਭੀਰਤਾ ਦਿਖਾਈ ਜਿੱਥੇ ਉਹਨਾਂ ਕੇਂਦਰੀ ਅਦਾਰਿਆਂ ( ਰੇਲਵੇ ਅਤੇ ਐਨ ਐਫ ਐਲ ) ਨਾਲ ਰਾਬਤਾ ਕਾਇਮ ਕੀਤਾ ਤੇ ਰੁਕੀਆਂ ਹੋਈਆਂ ਪਰਮੀਸ਼ਨਾ ਲਈਆਂ ਅਤੇ ਇਸ ਫਲਾਈਓਵਰ ਨਾਲ ਸੰਬੰਧਿਤ ਅਲੱਗ ਅਲੱਗ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਹਫਤਾਵਾਰ ਮੀਟਿੰਗਾਂ ਕੀਤੀਆਂ ਤੇ ਹੁਣ ਇਸ ਫਲਾਈਓਵਰ ਦੀ ਇੱਕ ਪਾਸੇ ਦੀ ਆਵਾਜਾਈ ਕੁਝ ਦਿਨਾਂ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਜਿਸ ਨਾਲ ਜਨਤਾ ਨੂੰ ਬਹੁਤ ਵੱਡੀ ਰਾਹਤ ਮਿਲਣ ਜਾ ਰਹੀ ਹੈ।
ਅਗਰ ਫਲਾਈਓਵਰ ਦੇ ਦੂਸਰੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਦੋ ਤੋਂ ਤਿੰਨ ਮਹੀਨੇ ਵਿੱਚ ਇਹ ਵੀ ਮੁਕੰਮਲ ਹੋਣ ਦੀ ਗੱਲ ਹਲਕਾ ਵਿਧਾਇਕ ਵਲੋਂ ਕੀਤੀ ਜਾ ਰਹੀ ਹੈ। ਮੌਕੇ ਦੀਆਂ ਤਸਵੀਰਾਂ ਉੱਤੇ ਜਾਣਕਾਰੀ ਮੁਤਾਬਿਕ ਰੰਗ ਰੋਗਨ, ਸੜਕ ਤੇ ਲੁੱਕ ਪਾਉਣ ਦਾ ਕੰਮ ਤੇ ਫਲਾਈਓਵਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਤੇ ਆਸ ਹੈ ਜਲਦ ਹੀ ਪੰਜਾਬ , ਹਿਮਾਚਲ , ਹਰਿਆਣਾ , ਚੰਡੀਗੜ੍ਹ , ਦਿੱਲੀ ਤੇ ਖ਼ਾਸ ਕਰ ਨੰਗਲ ਦੇ ਲੋਕਾਂ ਨੂੰ ਰਾਹਤ ਮਿਲੇਗੀ।