ਪਾਕਿਸਤਾਨ ਦੀ ਨਾਪਾਕ ਹਰਕਤ; ਫਿਰ ਦਿਖਿਆ ਡਰੋਨ, 7.5 ਕਿਲੋ ਹੈਰੋਇਨ, ਪਿਸਤੌਲ-ਕਾਰਤੂਸ ਬਰਾਮਦ
ਪਾਕਿਸਤਾਨ ਲਗਾਤਾਰ ਆਪਣੀਆਂ ਨਾਪਾਕ ਹਰਕਤਾਂ ਨੂੰ ਬਾਜ ਨਹੀਂ ਆ ਰਿਹਾ ਹੈ ਪਰ ਬੀਐੱਸਐੱਫ ਵੀ ਉਨ੍ਹਾਂ ਦੀਆਂ ਹਰਕਤਾਂ ਦਾ ਕਰਾਰਾ ਜਵਾਬ ਦੇ ਰਹੀ ਹੈ। ਇਸੇ ਕੜੀ ਵਿਚ ਪਾਕਿਸਤਾਨ ਵੱਲੋਂ ਅੱਜ ਮੁੜ ਡਰੋਨ ਹਰਕਤ ਦੇਖੀ ਗਈ ਹੈ।
ਚੰਡੀਗੜ੍ਹ: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਆਏ ਦਿਨ ਬਾਰਡਰ ਪਾਰ ਡਰੋਨ ਦੀਆਂ (drone movement) ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਅੱਜ ਫ਼ਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੋਂ 7.5 ਕਿਲੋ ਹੈਰੋਇਨ, ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਨਸ਼ੀਲੇ ਪਦਾਰਥ ਅਤੇ ਹਥਿਆਰ ਡਰੋਨ ਰਾਹੀਂ ਸੁੱਟੇ ਗਏ ਸਨ ਜਿਸ ਨੂੰ ਬੀਐਸਐਫ (BSF) ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਇਹ ਖੇਪ ਫਾਜ਼ਿਲਕਾ ਦੇ ਪਿੰਡ ਚੂੜੀਵਾਲਾ ਚੁਸਤੀ ਤੋਂ ਜ਼ਬਤ ਕੀਤੀ ਗਈ ਹੈ।
ਹੁਣ ਬੀਐਸਐਫ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬੀਐਸਐਫ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਰਾਤ 12 ਵਜੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ। ਧੁੰਦ ਕਾਰਨ ਸਹੀ ਥਾਂ ਦਾ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਬੀਐਸਐਫ ਜਵਾਨਾਂ ਨੇ ਵੀ ਗੋਲੀਬਾਰੀ ਕੀਤੀ। ਡਰੋਨ ਦੀ ਆਵਾਜ਼ ਤੋਂ ਬਾਅਦ ਪਿੰਡ ਚੂੜੀਵਾਲਾ ਚੁਸਤੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਖੇਤਾਂ ਵਿੱਚੋਂ ਇੱਕ ਥੈਲਾ ਮਿਲਿਆ।
ਦੱਸਣਯੋਗ ਹੈ ਕਿ ਪਿਛਲੇ ਚਾਰ ਦਿਨਾਂ ਵਿੱਚ ਇਹ ਤੀਜਾ ਮਾਮਲਾ ਹੈ, ਜਦੋਂ ਸਰਹੱਦ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਬਰਾਮਦ ਹੋਈ ਹੈ। ਕਾਊਂਟਰ ਇੰਟੈਲੀਜੈਂਸ ਪੰਜਾਬ ਤੋਂ ਬਾਅਦ ਹੁਣ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਡਰੋਨ ਰਾਹੀਂ ਸੁੱਟੀ ਗਈ ਖੇਪ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਪੈਕਟਾਂ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚ 3 ਪੈਕੇਟ ਸਨ। ਜਦੋਂ ਉਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ 9 ਪੈਕੇਟ ਹੈਰੋਇਨ ਬਰਾਮਦ ਹੋਈ। ਜਿਸ ਦਾ ਕੁੱਲ ਵਜ਼ਨ 7.5 ਕਿਲੋ ਸੀ। ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 56 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ 'ਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ
ਗੌਰਤਲਬ ਹੈ ਕਿ ਬੀਤੇ ਦਿਨੀ ਤਰਨਤਾਰਨ ਦੇ ਸਰਹੱਦੀ ਪਿੰਡ ਵੈਨ ਤੋਂ ਇੱਕ ਕਿਸਾਨ ਵੱਲੋਂ ਖੇਤਾਂ ਵਿੱਚ ਡਿੱਗਿਆ ਡਰੋਨ ਦੇਖਿਆ ਗਿਆ ਹੈ। ਇਸ ਡਰੋਨ ਨੂੰ ਵੇਖਣ ਤੋਂ ਬਾਅਦ (Drone Movement ) ਕਿਸਾਨ ਨੇ ਖਲਾਡਾ ਪੁਲਿਸ ਅਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੂੰ ਸੂਚਿਤ ਕੀਤਾ। ਫਿਲਹਾਲ ਟੁੱਟੇ ਡਰੋਨ ਦੇ ਪੁਰਜ਼ੇ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।ਮੌਸਮ 'ਚ ਬਦਲਾਅ ਤੋਂ ਬਾਅਦ ਸਰਹੱਦ 'ਤੇ ਧੁੰਦ ਕਾਫੀ ਵੱਧ ਗਈ ਹੈ। ਬਾਰਡਰ 'ਤੇ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਹੋ ਗਈ ਹੈ। ਪਾਕਿਸਤਾਨ ਵਿੱਚ ਬੈਠੇ ਤਸਕਰ ਇਸ ਦਾ ਫਾਇਦਾ ਉਠਾ ਰਹੇ ਹਨ।