International News  (ਬਿਮਲ ਸ਼ਰਮਾ) :  ਜ਼ਿਲ੍ਹਾ ਰੋਪੜ ਦੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਡੂਮੇਵਾਲ ਦਾ ਮਨਦੀਪ ਸਿੰਘ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਭਾਰਤ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ ਸੀ। ਉਹ ਨਿਹੰਗ ਸਿੰਘ ਬਾਣੇ ਵਿੱਚ ਸੀ। ਮਨਦੀਪ ਸਿੰਘ ਨੂੰ ਪਾਕਿਸਤਾਨ ਵਿੱਚ ਕਈ ਘੰਟਿਆਂ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਬੇਲੋੜੀ ਪੁੱਛਗਿੱਛ ਕਰਨ ਤੋਂ ਬਾਅਦ ਉਸ ਨਾਲ ਬਦਸਲੂਕੀ ਕਰਕੇ ਵਾਪਸ ਭੇਜ ਦਿੱਤਾ ਗਿਆ।


COMMERCIAL BREAK
SCROLL TO CONTINUE READING

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਾਪਸੀ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਅਤੇ ਨਾ ਹੀ ਵਾਪਸੀ ਦੀ ਮੋਹਰ ਲਗਾਈ ਗਈ। ਮਨਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ 8 ਘੰਟੇ ਤੱਕ ਬਿਨਾਂ ਪਾਣੀ ਅਤੇ ਪੱਖੇ ਤੋਂ ਕਮਰੇ ਵਿੱਚ ਰੱਖਿਆ ਗਿਆ। ਉਸ ਨੇ ਦੱਸਿਆ ਕਿ ਉਹ ਪਹਿਲਾਂ ਵੀ ਜੂਨ 2023 ਨੂੰ ਪਾਕਿਸਤਾਨ ਗਿਆ ਸੀ ਪਰ ਉਸ ਵੇਲੇ ਉਸ ਨਾਲ ਅਜਿਹਾ ਨਹੀਂ ਹੋਇਆ ਸੀ। ਉਨ੍ਹਾਂ ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਭਾਰਤ ਸਰਕਾਰ ਤੋਂ ਦਖਲ ਦੇਣ ਦੀ ਮੰਗ ਕੀਤੀ ਹੈ।


ਗੱਲਬਾਤ ਕਰਦੇ ਹੋਏ ਮਨਦੀਪ ਸਿੰਘ ਨੇ ਦੱਸਿਆ ਕਿ ਉਹ 8 ਜੂਨ ਨੂੰ ਰਾਤ 3.30 ਵਜੇ ਦੇ ਕਰੀਬ ਆਪਣੇ ਘਰੋਂ ਨਿਕਲਿਆ ਸੀ ਅਤੇ ਇਸ ਤੋਂ ਪਹਿਲਾਂ ਉਸ ਨੇ ਫ਼ਿਰੋਜ਼ਪੁਰ ਤੋਂ ਗਰੁੱਪ ਨਾਲ ਪਾਕਿਸਤਾਨ ਜਾਣਾ ਸੀ। ਉਸ ਨੇ ਦੱਸਿਆ ਕਿ ਉਹ ਸਵੇਰੇ ਅਟਾਰੀ ਸਰਹੱਦ 'ਤੇ ਪਹੁੰਚਿਆ ਅਤੇ ਫਿਰ ਭਾਰਤੀ ਦੂਤਾਘਰ ਦੇ ਅਧਿਕਾਰੀਆਂ ਨੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ 8:30 ਵਜੇ ਉਸ ਨੂੰ ਸਰਹੱਦ ਪਾਰ ਭੇਜ ਦਿੱਤਾ।


ਇਸ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਉਸ ਦੇ ਪਾਸਪੋਰਟ 'ਤੇ ਮੋਹਰ ਲਗਾ ਕੇ ਉਸ ਨੂੰ ਇਮੀਗ੍ਰੇਸ਼ਨ ਤੋਂ ਬਾਅਦ ਅੱਗੇ ਭੇਜ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਦਸਤਾਵੇਜ਼ਾਂ ਦੇ ਨਾਂ 'ਤੇ ਦੁਬਾਰਾ ਬੁਲਾਇਆ ਗਿਆ। ਇਸ ਦੌਰਾਨ ਪਾਕਿਸਤਾਨੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਨਿਹੰਗ ਸਿੰਘਾਂ ਦੇ ਪਹਿਰਾਵੇ ਅਤੇ ਦਾੜ੍ਹੀ ਦੇ ਨਾਲ-ਨਾਲ ਕਿਰਪਾਨ, ਕੜਾ ਅਤੇ ਹੋਰ ਸ਼ਸਤਰ ਪਹਿਨਣ ਬਾਰੇ ਤੇ ਸਿੱਖ ਧਰਮ ਨਾਲ ਸਬੰਧਤ ਸਵਾਲ ਵਾਰ-ਵਾਰ ਪੁੱਛੇ। ਇਸ ਦੌਰਾਨ ਉਸ ਨੂੰ ਕਰੀਬ 8 ਘੰਟੇ ਤੱਕ ਬਿਨਾਂ ਪਾਣੀ ਅਤੇ ਪੱਖੇ ਦੇ ਇੱਕ ਕਮਰੇ ਵਿੱਚ ਬਿਠਾ ਕੇ ਰੱਖਿਆ ਗਿਆ। 


ਉਨ੍ਹਾਂ ਦੱਸਿਆ ਕਿ ਉਕਤ ਸਮੂਹ ਦੇ ਸਾਰੇ ਸ਼ਰਧਾਲੂਆਂ ਨੂੰ ਸ਼ਾਮ 4.30 ਵਜੇ ਦੇ ਕਰੀਬ ਪਾਕਿਸਤਾਨ ਜਾਣ ਤੋਂ ਬਾਅਦ ਵਾਪਸ ਭਾਰਤ ਭੇਜ ਦਿੱਤਾ ਗਿਆ। ਇਸ ਦੌਰਾਨ ਪਾਕਿਸਤਾਨੀ ਅਧਿਕਾਰੀਆਂ ਨੇ ਉਸ ਦੇ ਪਾਸਪੋਰਟ 'ਤੇ ਕੋਈ ਵਾਪਸੀ ਦੀ ਮੋਹਰ ਨਹੀਂ ਲਗਾਈ। ਇਸ ਸਬੰਧੀ ਜਦੋਂ ਉਨ੍ਹਾਂ ਨੇ ਮੁੜ ਭਾਰਤੀ ਦੂਤਾਘਰ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਾਰੇ ਦਸਤਾਵੇਜ਼ ਸਹੀ ਹੋਣ 'ਤੇ ਹੀ ਜਾਣ ਦੀ ਇਜਾਜ਼ਤ ਦਿੱਤੀ ਹੈ।


ਸਿੱਖ ਸ਼ਰਧਾਲੂ ਮਨਦੀਪ ਸਿੰਘ ਨੇ ਕਿਹਾ ਕਿ ਉਸ ਨੂੰ ਭਾਰਤ ਵਾਪਸ ਭੇਜਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਜਦਕਿ ਜਾਂਚ ਦੇ ਨਾਂ ਉਤੇ ਸਿਰਫ਼ ਤੰਗ ਪ੍ਰੇਸ਼ਾਨ ਕੀਤਾ ਗਿਆ। ਉਸ ਨੇ ਦੱਸਿਆ ਕਿ ਉਸ ਨੂੰ ਪਾਕਿਸਤਾਨ ਸਰਕਾਰ ਵੱਲੋਂ ਪੂਰੀ ਪੁਲਿਸ ਜਾਂਚ ਅਤੇ ਹੋਰ ਜਾਂਚਾਂ ਤੋਂ ਬਾਅਦ ਬਕਾਇਦਾ ਵੀਜ਼ਾ ਜਾਰੀ ਕੀਤਾ ਗਿਆ ਸੀ ਪਰ ਉਕਤ ਅਧਿਕਾਰੀਆਂ ਵੱਲੋਂ ਪੁੱਛਗਿੱਛ ਦੌਰਾਨ ਉਸ ਨੂੰ ਦੋਸ਼ੀ ਜਾਂ ਅੱਤਵਾਦੀ ਦੱਸਣ ਦੀ ਕੋਸ਼ਿਸ਼ ਕੀਤੀ ਗਈ।


ਸਿੱਖ ਸ਼ਰਧਾਲੂ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਜੂਨ 2023 ਵਿੱਚ ਪਾਕਿਸਤਾਨ ਗਿਆ ਸੀ ਪਰ ਇਸ ਵਾਰ ਬਿਨਾਂ ਕਿਸੇ ਕਾਰਨ ਰੋਕੇ ਜਾਣ ਕਾਰਨ ਉਹ ਬਹੁਤ ਦੁਖੀ ਹੈ। ਅੱਜ ਸਵੇਰੇ ਪਿੰਡ ਪੁੱਜੇ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਕਰੀਬ 33 ਘੰਟੇ ਬਾਅਦ ਘਰ ਪਹੁੰਚਿਆ ਅਤੇ ਖਾਣਾ ਖਾਧਾ ਅਤੇ ਇਸ ਸਾਰੀ ਘਟਨਾ ਨੇ ਉਸ ਦੇ ਮਨ ਨੂੰ ਕਾਫੀ ਠੇਸ ਪਹੁੰਚਾਈ ਹੈ।


ਇਸ ਦੌਰਾਨ ਮਨਦੀਪ ਸਿੰਘ ਨੇ ਭਾਰਤ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਸਾਰੀ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਪਾਕਿਸਤਾਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਅਜਿਹਾ ਰਵੱਈਆ ਅਪਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਿਸੇ ਹੋਰ ਭਾਰਤੀ ਜਾਂ ਸਿੱਖ ਸ਼ਰਧਾਲੂ ਨਾਲ ਅਜਿਹੀ ਕਾਰਵਾਈ ਨਾ ਦੁਹਰਾਈ ਜਾਵੇ, ਜਿਸ ਕਾਰਨ ਉਨ੍ਹਾਂ ਵੱਲੋਂ ਉਪਰੋਕਤ ਮਾਮਲਾ ਉਠਾਇਆ ਗਿਆ ਹੈ।


ਇਹ ਵੀ ਪੜ੍ਹੋ : Chandigarh News: ਦੇਸ਼ 'ਚ ਪਹਿਲੀ ਵਾਰ ਡਾ. ਸੰਜੇ ਕੁਮਾਰ ਬਢਾਡਾ ਨੂੰ ਮਿਲਿਆ ਵੱਕਾਰੀ ਐਵਾਰਡ