Punjab News: ਜ਼ਿਲ੍ਹਾ ਮੋਗਾ ਦੇ ਲੋਕਾਂ 'ਚ ਪੜ੍ਹਨ ਲਿਖਣ ਦੀ ਰੁਚੀ ਨੂੰ ਹੋਰ ਪਰਪੱਕ ਕਰਨ ਤੇ ਨੌਜਵਾਨਾਂ ਨੂੰ ਸਾਹਿਤ ਤੇ ਪੜ੍ਹਾਈ ਨਾਲ ਜੋੜਨ ਦੇ ਮਕਸਦ ਨਾਲ ਜ਼ਿਲ੍ਹਾ ਮੋਗਾ ਵਿੱਚ ਕਮਿਊਨਿਟੀ ਲਾਇਬ੍ਰੇਰੀ ਖੋਲ੍ਹਣ ਦੇ ਪ੍ਰਸਤਾਵ ਨੂੰ ਨੀਤੀ ਆਯੋਗ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਨੂੰ ਅਮਲੀਜਾਮਾ ਪਹਿਨਾਉਣ ਲਈ ਨੀਤੀ ਆਯੋਗ ਵੱਲੋਂ 2 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਹੈ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਨੀਤੀ ਆਯੋਗ ਵੱਲੋ ਐਲਾਨੇ ਗਏ ਐਸਪੀਰੇਸ਼ਨਲ ਜ਼ਿਲ੍ਹਿਆਂ ਦੀ ਸੂਚੀ ਵਿੱਚ ਦਰਜ ਹੈ। ਪਿਛਲੇ ਸਮੇਂ ਦੌਰਾਨ ਨੀਤੀ ਆਯੋਗ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਲੋਕਾਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਪ੍ਰੋਜੈਕਟ ਤਿਆਰ ਕਰਕੇ ਭੇਜਣ ਲਈ ਕਿਹਾ ਗਿਆ ਸੀ। ਜਿਸ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਕਤ ਪ੍ਰਸਤਾਵ ਬਣਾ ਕੇ ਭੇਜਿਆ ਸੀ। ਜਿਸ ਨੂੰ ਨੀਤੀ ਆਯੋਗ ਨੇ ਮੰਨ ਲਿਆ ਹੈ ਅਤੇ ਇਸ ਮਕਸਦ ਲਈ ਤੁਰੰਤ 2 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਹੈ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਹਰੇਕ ਸਬ ਡਵੀਜ਼ਨ ਵਿੱਚ ਦੋ ਵਧੀਆ ਕਮਿਊਨਿਟੀ ਲਾਇਬ੍ਰੇਰੀ ਸਥਾਪਤ ਕੀਤੀਆਂ ਜਾਣ। ਇਹ ਲਾਇਬ੍ਰੇਰੀ ਦੋ ਪੜਾਵਾਂ ਵਿੱਚ ਬਣਾਈਆਂ ਜਾਣਗੀਆਂ। ਪਹਿਲੇ ਪੜਾਅ ਵਿੱਚ ਹਰੇਕ ਸਬ-ਡਵੀਜ਼ਨ ਵਿੱਚ 1 ਲਾਇਬ੍ਰੇਰੀ ਖੋਲ੍ਹੀ ਜਾਵੇਗੀ। ਇਨ੍ਹਾਂ ਲਾਇਬ੍ਰੇਰੀ ਨੂੰ ਸਰਕਾਰੀ ਇਮਾਰਤਾਂ, ਖਾਸ ਕਰਕੇ ਸਹਿਕਾਰੀ ਸਭਾਵਾਂ, ਵਿੱਚ ਖੋਲ੍ਹਣ ਨੂੰ ਤਰਜੀਹ ਦਿੱਤੀ ਜਾਵੇਗੀ। ਕਿਹੜੇ ਪਿੰਡ ਜਾਂ ਖੇਤਰ ਵਿੱਚ ਖੋਲ੍ਹਣੀ ਹੈ, ਇਸ ਬਾਰੇ ਸਬੰਧਤ ਖੇਤਰ ਦੇ ਪਾਠਕਾਂ ਦੀ ਰੁਚੀ ਅਤੇ ਪ੍ਰਬੰਧ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।

 

ਉਨ੍ਹਾਂ ਦੱਸਿਆ ਕਿ ਇਹ ਲਾਇਬ੍ਰੇਰੀ ਅਤਿ-ਆਧੁਨਿਕ ਤਕਨੀਕ ਨਾਲ ਲੈੱਸ ਹੋਣਗੀਆਂ। ਇਨ੍ਹਾਂ ਵਿੱਚ ਉੱਚ ਪੱਧਰ ਦੀਆਂ ਕਿਤਾਬਾਂ ਹੋਣ ਦੇ ਨਾਲ-ਨਾਲ ਡਿਜੀਟਲ ਕੰਟੈਂਟ ਵੀ ਰੱਖਿਆ ਜਾਵੇਗਾ। ਲਾਇਬ੍ਰੇਰੀ ਵਿੱਚ ਲੋੜੀਂਦਾ ਸਟਾਫ਼, ਇੰਟਰਨੈਟ ਸੁਵਿਧਾ, ਪਖਾਨੇ, ਰੀਡਿੰਗ ਰੂਮ ਤੇ ਰੈਫਰੈਂਸ ਰੂਮ ਆਦਿ ਹੋਰ ਸਹੂਲਤਾਂ ਹੋਣਗੀਆਂ। ਇਸ ਤੋਂ ਇਲਾਵਾ ਜੇਕਰ ਕਿਸੇ ਨੇ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਰਨੀ ਹੈ ਤਾਂ ਉਨ੍ਹਾਂ ਲਈ ਵਿਸ਼ੇਸ਼ ਏਰੀਆ ਰਿਜ਼ਰਵ ਰੱਖਿਆ ਜਾਵੇਗਾ।

 

ਉਨ੍ਹਾਂ ਦੱਸਿਆ ਕਿ ਨੀਤੀ ਆਯੋਗ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵੀ ਜ਼ਿਲ੍ਹਾ ਮੋਗਾ ਵਿੱਚ ਇੱਕ ਜਨਤਕ ਲਾਇਬ੍ਰੇਰੀ ਖੋਲ੍ਹੀ ਜਾ ਰਹੀ ਹੈ। ਇਸ ਲਈ ਸਥਾਨਕ ਗੀਤਾ ਭਵਨ ਵਾਲੀ ਪਾਰਕ ਵਿੱਚ ਜਗ੍ਹਾ ਨਿਰਧਾਰਤ ਕਰ ਲਈ ਗਈ ਹੈ। ਇਸ ਲਾਇਬ੍ਰੇਰੀ ਲਈ ਪੰਜਾਬ ਸਰਕਾਰ ਵੱਲੋਂ ਬਕਾਇਦਾ ਬਜਟ ਵਿੱਚ ਰਾਸ਼ੀ ਰਾਖਵੀਂ ਰੱਖੀ ਗਈ ਹੈ। ਡਿਪਟੀ ਕਮਿਸ਼ਨਰ ਨੇ ਅੱਜ ਆਪਣੇ ਦਫ਼ਤਰ ਵਿਖੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਨੀਤੀ ਆਯੋਗ ਦੀਆਂ ਲਾਇਬ੍ਰੇਰੀ ਸਥਾਪਤ ਕਰਨ ਲਈ ਢੁੱਕਵੇਂ ਸਥਾਨਾਂ ਦੀ ਭਾਲ ਕਰਨ ਦੀ ਹਦਾਇਤ ਕੀਤੀ।

 


 

ਉਨ੍ਹਾਂ ਕਿਹਾ ਕਿ ਭਾਵੇਂ ਕਿ ਨੀਤੀ ਆਯੋਗ ਵੱਲੋਂ ਇਹ ਲਾਇਬ੍ਰੇਰੀ ਸਥਾਪਤ ਕਰਨ ਲਈ ਦੋ ਸਾਲ ਦਾ ਸਮਾਂ ਦਿੱਤਾ ਗਿਆ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਦੀ ਕੋਸ਼ਿਸ਼ ਰਹੇਗੀ ਕਿ ਲਾਇਬ੍ਰੇਰੀ ਜਲਦ ਤੋਂ ਜਲਦ ਆਮ ਲੋਕਾਂ ਲਈ ਖੋਲ੍ਹ ਦਿੱਤੀਆਂ ਜਾਣ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਦਾ ਲਾਭ ਲੈ ਸਕਣ। ਉਨ੍ਹਾਂ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਵਧੀਆ ਕਿਤਾਬਾਂ ਇਨ੍ਹਾਂ ਲਾਇਬ੍ਰੇਰੀ ਲਈ ਦਾਨ ਕਰਨ। ਇਸ ਤੋਂ ਇਲਾਵਾ ਇਨ੍ਹਾਂ ਲਾਇਬ੍ਰੇਰੀ ਨੂੰ ਚਲਾਉਣ ਲਈ ਵੀ ਆਮ ਲੋਕਾਂ ਦੇ ਸਹਿਯੋਗ ਦੀ ਲੋੜ ਹੈ।

 


 

ਮੋਗਾ ਤੋਂ ਨਵਦੀਪ ਮਹੇਸਰੀ ਦੀ ਰਿਪੋਰਟ