Punjabi News: ਬਾਲ ਵਿਆਹ ਨੂੰ ਜੜੋਂ ਖਤਮ ਕਰਨ ਦੇ ਉਦੇਸ਼ ਨਾਲ ਕੱਲ 27 ਨਵੰਬਰ ਨੂੰ ਪੰਜਾਬ ਭਰ ‘ਚ ‘ਬਾਲ ਵਿਆਹ ਮੁਕਤ ਭਾਰਤ’ ਮੁਹਿੰਮ ਸਬੰਧੀ ਵੈਬਕਾਸਟ ਲਿੰਕ ਰਾਹੀਂ ਸਹੁੰ ਚੁਕਾਈ ਜਾਵੇਗੀ।


COMMERCIAL BREAK
SCROLL TO CONTINUE READING

ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਸੂਬੇ ਭਰ ਵਿੱਚ ਬਾਲ ਵਿਆਹ ਨੂੰ ਖਤਮ ਕਰਨਾ ਹੈ। ਉਨ੍ਹਾਂ ਨੇ ਇਸ ਵਿਸ਼ੇਸ਼ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਮਹਿਲਾ ਸਵੈ ਸਹਾਇਤਾ ਸਮੂਹ, ਆਂਗਣਵਾੜੀ ਵਰਕਰ, ਆਸ਼ਾ ਵਰਕਰ ਅਤੇ ਹੈਲਪਰ, ਏ.ਐਨ.ਐਮ, ਬਾਲ ਵਿਆਹ ਰੋਕੂ ਅਧਿਕਾਰੀ ਸਥਾਨਕ ਭਾਈਚਾਰੇ ਦੇ ਆਗੂ, ਅਧਿਆਪਕ, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ, ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਤੋਂ ਚੁਣੇ ਹੋਏ ਨੁਮਾਇੰਦੇ, ਕਮਿਊਨਿਟੀ ਹੈਲਥ ਪ੍ਰੈਕਟੀਸ਼ਨਰ, ਪੀ.ਐਚ.ਸੀਜ਼, ਡਾਕਟਰ, ਸਿਵਲ ਸੁਸਾਇਟੀ ਸੰਸਥਾਵਾਂ ਦੇ ਮੈਂਬਰ ਰਾਜ ਤੇ ਜ਼ਿਲ੍ਹਾ ਬਾਰ ਕੌਂਸਲਾਂ, ਕਾਨੂੰਨੀ ਸੇਵਾ ਅਥਾਰਟੀਆਂ ਦੇ ਮੈਂਬਰ ਅਤੇ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਹੈ।


ਡਾ. ਬਲਜੀਤ ਕੌਰ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਮਾਜ ਦੇ ਸਾਰੇ ਵਰਗਾਂ ਦੇ ਸਮੂਹਿਕ ਯਤਨਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਚੁਣੇ ਹੋਏ ਨੁਮਾਇੰਦਿਆਂ, ਸਿਹਤ ਕਰਮਚਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬਾਲ ਵਿਆਹ ਦੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਦਾ ਸੱਦਾ ਦਿੱਤਾ।


ਡਾ. ਬਲਜੀਤ ਕੌਰ ਨੇ ਮੁਹਿੰਮ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਆਪਣੀ ਵਚਨਬੱਧਤਾ ਦਰਸਾਉਦਿਆਂ ਕਿਹਾ ਕਿ ਬਾਲ ਵਿਆਹ-ਮੁਕਤ ਸੂਬਾ ਸਿਰਫ਼ ਇੱਕ ਵਿਜ਼ਨ ਨਹੀਂ ਹੈ, ਸਗੋਂ ਸਾਡੇ ਬੱਚਿਆਂ ਅਤੇ ਸਮਾਜ ਦੇ ਸਰਵਪੱਖੀ ਵਿਕਾਸ ਲਈ ਇੱਕ ਲੋੜ ਹੈ। ਉਨ੍ਹਾਂ ਸਾਰੇ ਹਿੱਸੇਦਾਰਾਂ ਨੂੰ ਇਸ ਇਤਿਹਾਸਕ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਨੌਜਵਾਨਾਂ ਦੇ ਉੱਜਵਲ ਭਵਿੱਖ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।


ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਜੇਕਰ ਅਸੀ ਸਾਰੇ ਮਿਲ ਕੇ ਬਾਲ ਵਿਆਹ ਦੀ ਸਮਾਜਿਕ ਬੁਰਾਈ ਨੂੰ ਇਕੱਠੇ ਹੋ ਕੇ ਖਤਮ ਕਰੀਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਾਲ ਵਿਆਹ ਦੀ ਇਸ ਬੁਰੀ ਪ੍ਰਥਾ ਨੂੰ ਠੱਲ ਪਾਉਣ ਲਈ ਲਗਤਾਰ ਯਤਨ ਕਰ ਰਹੀ ਹੈ।