Ban on Chinese dor:  ਪੰਜਾਬ ਦੇ ਬਠਿੰਡਾ ’ਚ ਇੱਕ ਸਕੂਟਰ ਸਵਾਰ ਬਜ਼ੁਰਗ ਦੀ ਚਾਈਨਾ ਡੋਰ ਕਾਰਨ ਉਂਗਲ ਵੱਢੀ ਗਈ, ਇਸ ਤੋਂ ਇਲਾਵਾ ਸਿਰ ’ਚ ਵੀ ਟਾਂਕੇ ਲੱਗੇ ਹਨ। 


COMMERCIAL BREAK
SCROLL TO CONTINUE READING


ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਪਰਸਰਾਮ ਨਗਰ ਦਾ ਰਹਿਣ ਵਾਲਾ ਗੁਰਚਰਨ ਸਿੰਘ ਐਕਟਿਵਾ ਸਕੂਟਰ ’ਤੇ ਕਿਸੇ ਕੰਮ ਜਾ ਰਿਹਾ ਸੀ। ਇਸ ਦੌਰਾਨ ਸ਼ਹਿਰ ਦੇ ਬੀਬੀ ਵਾਲਾ ਚੌਂਕ ’ਚ ਅਚਾਨਕ ਡੋਰ ਉਸਦੇ ਗਲ ’ਚ ਫਸ ਗਈ। ਨੌਜਵਾਨ ਵੈਲਫ਼ੇਅਰ ਸੋਸਾਇਟੀ ਦੇ ਮੈਬਰਾਂ ਦੁਆਰਾ ਜਖ਼ਮੀ ਬਜ਼ੁਰਗ ਨੂੰ ਤੁਰੰਤ ਬਠਿੰਡਾ ਦੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਦੇ ਸਿਰ ’ਤੇ ਟਾਂਕੇ ਲਗਾਏ ਪਰ ਉਂਗਲੀ ਹੱਥ ਨਾਲੋਂ ਅੱਲਗ ਹੋ ਜਾਣ ਕਾਰਨ ਉਸਦਾ ਆਪ੍ਰੇਸ਼ਨ ਕੀਤਾ ਜਾਵੇਗਾ। 



ਦੱਸਿਆ ਜਾ ਰਿਹਾ ਹੈ ਕਿ ਚਾਈਨਾ ਡੋਰ ਨੇ ਬਜ਼ੁਰਗ ਦੀ ਉਂਗਲ ਕੱਟ ਦਿੱਤੀ ਅਤੇ ਗਰਦਨ ’ਚ ਕੱਟ ਲੱਗਿਆ, ਫਿਲਹਾਲ ਗੁਰਚਰਨ ਸਿੰਘ ਹਸਪਤਾਲ ’ਚ ਜ਼ੇਰੇ ਇਲਾਜ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਲੁਧਿਆਣਾ ’ਚ ਚਾਈਨਾ ਡੋਰ ਕਾਰਨ 4 ਸਾਲ ਦੇ ਹਰਜੋਤ ਸਿੰਘ ਦੇ ਮੂੰਹ ’ਤੇ 120 ਟਾਂਕੇ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ।  



ਹਰਜੋਤ ਦੇ ਪਿਤਾ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਵਾਪਸ ਆਉਣ ਮੌਕੇ ਜਦੋਂ ਉਹ ਨੀਲੋਂ ਨਹਿਰ ਦੇ ਪੁੱਲ ਕੋਲ ਟੌਲ ਟੈਕਸ ਬੈਰੀਅਰ ਪਾਰ ਕਰ ਰਹੇ ਸਨ ਤਾਂ ਬੇਟੇ ਨਾ ਪਤੰਗ ਵੇਖਣ ਲਈ ਮੂੰਹ ਕਾਰ ਦੀ ਖਿੜਕੀ ’ਚੋਂ ਬਾਹਰ ਕੱਢਿਆ। 



ਇਸ ਦੌਰਾਨ ਅਚਾਨਕ ਪਲਾਸਟਿਕ ਦੀ ਡੋਰ (China dor gattu) ਉਸਦੇ ਮੂੰਹ ਨਾਲ ਲਿਪਟ ਗਈ, ਜਿਸ ਨਾਲ ਉਸਦੇ ਮੂੰਹ ’ਤੇ ਵੱਡਾ ਕੱਟ ਲੱਗ ਗਿਆ। ਉਨ੍ਹਾਂ ਨੇ ਜਲਦੀ ਰੋਡ ’ਤੇ ਸਥਿਤ ਨਿੱਜੀ ਹਸਪਤਾਲ ’ਚ ਲੈ ਗਏ, ਜਿੱਥੇ ਉਸਦੀ ਹਾਲਤ ਜ਼ਿਆਦਾ ਵਿਗੜਦੀ ਜਾ ਰਹੀ ਸੀ ਤਾਂ ਉਹ ਡਾਕਟਰਾਂ ਦੇ ਕਹਿਣ ’ਤੇ ਪੁੱਤਰ ਨੂੰ DMC ਹਸਪਤਾਲ ’ਚ ਲੈ ਆਏ। 
ਜਿੱਥੇ ਇਲਾਜ ਦੌਰਾਨ ਮਾਸੂਮ ਹਰਜੋਤ ਸਿੰਘ ਦੇ ਚਿਹਰੇ ’ਤੇ ਤਕਰੀਬਨ 120 ਟਾਂਕੇ ਲੱਗੇ, ਬਾਅਦ ’ਚ ਡਾਕਟਰਾਂ ਵਲੋਂ ਉਸਦੇ ਚਿਹਰੇ ਦੀ ਸਰਜਰੀ ਕੀਤੀ ਜਾਵੇਗੀ।



ਦੱਸ ਦੇਈਏ ਕਿ ਪੰਜਾਬ ਸਰਕਾਰ ਵਲੋਂ ਚਾਈਨਾ ਡੋਰ ਦੀ ਵਿਕਰੀ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੋਈ ਹੈ। ਚਾਈਨਾ ਡੋਰ ਦੀ ਵਿਕਰੀ ਰੋਕਣ ਲਈ ਪੁਲਿਸ ਵਿਭਾਗ ਵਲੋਂ ਦੁਕਾਨਾਂ ’ਚ ਛਾਪੇਮਾਰੀ ਵੀ ਕੀਤੀ ਜਾਂਦੀ ਹੈ। ਕਾਨੂੰਨ ਦੇ ਮੁਤਾਬਕ ਜੇਕਰ ਕੋਈ ਚਾਈਨਾ ਡੋਰ ਵੇਚਦਾ ਜਾਂ ਇਸਦਾ ਉਤਪਾਦਨ ਕਰਦਾ ਫੜਿਆ ਜਾਂਦਾ ਹੈ ਤਾਂ ਉਸਨੂੰ 5 ਸਾਲ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਤੱਕ ਜ਼ੁਰਮਾਨਾ ਹੋ ਸਕਦਾ ਹੈ।  


ਇਹ ਵੀ ਪੜ੍ਹੋ: ਚਾਈਨਾ ਡੋਰ ਦਾ ਕਹਿਰ, ਮਾਸੂਮ ਬੱਚੇ ਦੇ ਚਿਹਰੇ ’ਤੇ ਲੱਗੇ 120 ਟਾਂਕੇ!