Amritsar News: ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਅਲੌਕਿਕ ਨਗਰ ਕੀਰਤਨ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਵਿੱਚ ਸ਼ਾਮਿਲ ਹੋਈ। ਮਨਮੋਹਕ ਫੁੱਲਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਾੜਿਆਂ ਦੀ ਗੂੰਜ ਦੇ ਨਾਲ ਨਗਰ ਕੀਰਤਨ ਦੀ ਸ਼ੁਰੂਆਤ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਸਾਹਿਬਾਨਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਸਿੱਖ ਸੰਗਤ ਨੂੰ ਵਧਾਈ ਦਿੱਤੀ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਗੱਲਬਾਤ ਕਰਦਿਆਂ ਸੰਗਤਾਂ ਨੂੰ ਦਿੱਤੀ ਵਧਾਈ ਅਤੇ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ ਸਮਝ ਰਹੇ ਹਨ ਕਿ ਉਨ੍ਹਾਂ ਨੂੰ ਗੁਰੂ ਨਗਰੀ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਪਲਾਜ਼ਾ ਘੰਟਾ ਘਰ, ਜਲ੍ਹਿਆਂਵਾਲਾ ਬਾਗ, ਘਿਓ ਮੰਡੀ ਚੌਕ, ਸ਼ੇਰਾਂ ਵਾਲ ਗੇਟ, ਮਹਾਂ ਸਿੰਘ ਗੇਟ, ਚੌਂਕ ਰਾਮ ਬਾਗ, ਹਾਲ ਗੇਟ, ਹਾਥੀ ਗੇਟ, ਲੋਹਗੜ੍ਹ ਗੇਟ, ਲਾਹੌਰੀ ਗੇਟ, ਬੇਰੀ ਗੇਟ, ਖ਼ਜ਼ਾਨਾ ਗੇਟ, ਗੇਟ ਹਕੀਮਾਂ, ਭਗਤਾਂ ਵਾਲਾ ਚੌਕ, ਚਾਟੀਵਿੰਡ ਗੇਟ, ਸੁਲਤਾਨਵਿੰਡ ਗੇਟ, ਘਿਓ ਮੰਡੀ ਚੌਕ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਸੰਪੂਰਨ ਹੋਵੇਗਾ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ , ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੈਨੇਜਰ ਸਤਨਾਮ ਸਿੰਘ ਰਿਆੜ, ਨਿਸ਼ਾਨ ਸਿੰਘ, ਵਧੀਕ ਮੈਨੇਜਰ ਬਿਕਰਮਜੀਤ ਸਿੰਘ ਝੰਗੀ, ਅਜੈ ਸਿੰਘ ਹਾਜ਼ਰ ਸਨ।