Panchayat elections:  ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਪੰਚਾਇਤ ਚੋਣਾਂ ਦੌਰਾਨ ਨਾਮਜ਼ਦਗੀ ਦੇ ਆਖ਼ਰੀ ਦਿਨ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਵੇਲੇ ਵੀਡੀਓਗ੍ਰਾਫੀ ਕਰਵਾਈ ਜਾਵੇ ਅਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਦੀ ਖਜੱਲ ਖੁਆਰੀ ਰੋਕੀ ਜਾਵੇ ਅਤੇ ਪਾਰਟੀ ਨੇ ਸੂਬਾ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਰਿਟਰਨਿੰਗ ਅਫਸਰਾਂ ਨੂੰ ਹਦਾਇਤ ਦੇਵੇ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਜੇਕਰ ਚੁੱਲ੍ਹਾ ਟੈਕਸ ਜਾਂ ਕੋਈ ਹੋਰ ਬਕਾਇਆ ਹੈ ਤਾਂ ਉਹ ਆਪਣੇ ਦਫਤਰਾਂ ਵਿਚ ਹੀਇਹ ਜਮ੍ਹਾਂ ਕਰਵਾਉਣ।


COMMERCIAL BREAK
SCROLL TO CONTINUE READING

ਇਹ ਪ੍ਰਗਟਾਵਾ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੁ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਵਾਲੇ ਵਫਦ ਵੱਲੋਂ ਸੂਬਾ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨਾਲ ਮੁਲਾਕਾਤ ਵੇਲੇ ਕੀਤਾ ਗਿਆ। ਵਫਦ ਵਿਚ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੀ ਸ਼ਾਮਲ ਸਨ।
ਕਮਿਸ਼ਨਰ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਭਾਗਾਂ ਤੋਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਹਨਾਂ ਵਿਚ ਕਿਹਾ ਗਿਆ ਕਿ ਬੀ ਡੀ ਪੀ ਓ ਸਮੇਤ ਚੋਣ ਅਫਸਰ ਆਪੋ ਆਪਣੇ ਦਫਤਰਾਂ ਵਿਚ ਬੈਠਣ ਦੀ ਥਾਂ ਸੱਤਾਧਾਰੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਤੇ ਹੋਰ ਅਹੁਦੇਦਾਰਾਂ ਦੇ ਦਫਤਰਾਂ ਤੇ ਘਰਾਂ ਵਿਚ ਬੈਠੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਇਹਨਾਂ ਅਫਸਰਾਂ ਦੀ ਦੁਰਵਰਤੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਐਨ ਓ ਸੀ ਤੇ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਦੇਣ ਤੋਂ ਇਨਕਾਰ ਕਰਨ ਵਾਸਤੇ ਕਰ ਰਹੇ ਹਨ।


ਡਾ. ਚੀਮਾ ਨੇ ਕਿਹਾ ਕਿ ਮਜੀਠਾ ਹਲਕੇ ਵਿਚ ਆਈ ਏ ਐਸ ਅਫਸਰ ਸੋਨਮ ਨੂੰ ਐਸ ਡੀ ਐਮ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਚਾਰਜ ਇਕ ਜੂਨੀਅਰ ਅਫਸਰ ਅਮਨਪ੍ਰੀਤ ਸਿੰਘ ਨੂੰ ਦੇ ਦਿੱਤਾ ਗਿਆ ਜੋ ਆਪ ਆਗੂਆਂ ਤੋਂ ਹਦਾਇਤਾਂ ਲੈ ਰਹੇ ਹਨ। ਉਹਨਾਂ ਕਿਹਾ ਕਿ ਧਰਮਕੋਟ ਦੇ ਕੋਟ ਈਸੇ ਖਾਂ ਵਿਚ ਵਿਧਾਇਕ ਦਵਿੰਦਰਜੀਤ ਸਿੰਘ ਢੋਸ ਨੇ ਪੁਲਿਸ ਅਧਿਕਾਰੀਆਂ ’ਤੇ ਦਬਾਅ ਬਣਾਇਆ ਕਿ ਵਿਰੋਧੀ ਧਿਰ ਦੇ ਸਾਰੇ ਉਮੀਦਵਾਰਾਂ ਨੂੰ ਬੀ ਡੀ ਪੀ ਓ ਦਫਤਰ ਵਿਚੋਂ ਬਾਹਰ ਕੱਢ ਦਿੱਤਾ ਜਾਵੇ।
ਵਫਦ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੰਤਿਮ ਦਿਨ ਰਿਟਰਨਿੰਗ ਅਫਸਰਾਂ ਦੇ ਦਫਤਰਾਂ ਵਿਚ ਵੀਡੀਓਗ੍ਰਾਫੀ ਕਰਵਾਈ ਜਾਵੇ ਤਾਂ ਜੋ ਵਿਰੋਧੀ ਧਿਰ ਦੇ ਉਮੀਦਵਾਰ ਖੱਜਲ ਖੁਆਰ ਨਾ ਹੋ ਸਕਣ। ਵਫਦ ਨੇ ਇਹ ਵੀ ਅਪੀਲ ਕੀਤੀ ਕਿ ਹਰ ਜ਼ਿਲ੍ਹੇ ਵਿਚ ਅਤੇ ਸੂਬਾ ਪੱਧਰ ’ਤੇ ਸਪੈਸ਼ਲ ਕੰਟਰੋਲ ਰੂਮ ਬਣਾਏ ਜਾਣ ਅਤੇ ਜਿਥੇ ਕਿਤੇ ਵੀ ਕੋਈ ਵਿਵਾਦ ਦੀ ਖਬਰ ਆਵੇ, ਉਥੇ ਤੁਰੰਤ ਜ਼ਿਲ੍ਹਾ ਅਧਿਕਾਰੀ ਭੇਜੇ ਜਾਣ।


ਡਾ. ਚੀਮਾ ਨੇ ਹੋਰ ਦੱਸਿਆ ਕਿ ਵਫਦ ਨੇ ਇਹ ਵੀ ਅਪੀਲ ਕੀਤੀ ਹੈ ਕਿ 5 ਅਕਤੂਬਰ ਨੂੰ ਦਸਤਾਵੇਜ਼ਾਂ ਦੀ ਪੜਤਾਲ ਵੇਲੇ ਵੀ ਵੀਡੀਓਗ੍ਰਾਫੀ ਕਰਵਾਈ ਜਾਵੇ ਅਤੇ ਜੇਕਰ ਰਿਟਰਨਿੰਗ ਅਫਸਰ ਕੋਈ ਨਾਮਜ਼ਦਗੀ ਪੱਤਰ ਰੱਦ ਕਰਨਾ ਚਾਹੁੰਦਾ ਹੈ ਤਾਂ ਇਸ ਲਈ ਪਹਿਲਾਂ ਚੋਣ ਕਮਿਸ਼ਨ ਤੋਂ ਅਗਾਊਂ ਆਗਿਆ ਲਈ ਜਾਵੇ।


ਉਹਨਾਂ ਇਹ ਵੀ ਦੱਸਿਆ ਕਿ ਵਫਦ ਨੇ ਕਮਿਸ਼ਨ ਨੂੰ ਦੱਸਿਆ ਹੈ ਕਿ ਉਹਨਾਂ ਨੇ ਤਾਂ ਚੰਗੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਪਰ ਜ਼ਮੀਨੀ ਪੱਧਰ ’ਤੇ ਇਹ ਲਾਗੂ ਨਹੀਂ ਹੋਈਆਂ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਵਿੱਤ ਮੰਤਰੀ ਹਰਪਾਲ ਚੀਮਾ ਜੋ ਸਰਕਾਰ ਦਾ ਹਿੱਸਾ ਹਨ, ਉਹਨਾਂ ਨੂੰ ਵੀ ਭਰੋਸਾ ਨਹੀਂ ਹੈ ਕਿ ਚੋਣਾਂ ਆਜ਼ਾਦ ਤੇ ਨਿਰਪੱਖ ਹੋਣਗੀਆਂ। ਸੂਬਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਪ੍ਰਤੀ ਨਜ਼ਰੀਆ ਬਦਲਣ ਲਈ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਸੁਝਾਅ ਦੇਣ ਬਾਰੇ ਸਵਾਲ ਦੇ ਜਵਾਬ ਵਿਚ ਅਕਾਲੀ ਆਗੂ ਨੇ ਕਿਹਾ ਕਿ ਉਹ ਇਸ ’ਤੇ ਕੁਝ ਨਹੀਂ ਆਖ ਸਕਦੇ ਕਿਉਂਕਿ ਇਸ ਬਾਰੇ ਖਬਰ ਵਿਚ ਸਿਰਫ ਸੂਤਰਾਂ ਦਾ ਹਵਾਲਾ ਦਿੱਤਾ ਗਿਆ ਹੈ ਪਰ ਜੇਕਰ ਸ੍ਰੀ ਜਾਖੜ ਨੇ ਅਜਿਹਾ ਸੁਝਾਅ ਦਿੱਤਾ ਹੈ ਤਾਂ ਚੰਗੀ ਗੱਲ ਹੈ।


ਐਮ ਪੀ ਕੰਗਣਾ ਰਣੌਤ ਵੱਲੋਂ ਫਿਰ ਤੋਂ ਕੀਤੀ ਕੁੜਤਣ ਵਾਲੀ ਬਿਆਨ ਬਾਰੇ ਸਵਾਲ ਦੇ ਜਵਾਬ ਵਿਚ ਉਹਨਾਂ ਨੇ ਭਾਜਪਾ ਹਾਈ ਕਮਾਂਡ ਨੂੰ ਸਵਾਲ ਕੀਤੀ ਕਿ ਉਹ ਕੰਗਣਾ ਰਣੌਤ ਦੇ ਖਿਲਾਫ ਕਾਰਵਾਈ ਕਰਨ ਵਿਚ ਇੰਨੀ ਬੇਵੱਸ ਕਿਉਂ ਹੈ ਜਦੋਂ ਕਿ ਉਹ ਆਪਣੇ ਆਪ ਨੂੰ ਸਭ ਤੋਂ ਅਨੁਸ਼ਾਸਤ ਪਾਰਟੀ ਕਹਾਉਂਦੀ ਹੈ। ਉਹਨਾਂ ਕਿਹਾ ਕਿ ਪਾਰਟੀ ਦੀ ਸਹਿਮਤੀ ਤੋਂ ਬਗੈਰ ਕੋਈ ਵੀ ਐਮ ਪੀ ਅਜਿਹੇ ਬਿਆਨ ਨਹੀਂ ਦੇ ਸਕਦਾ।