21 ਲੱਖ ਦਾ ਬਿਜਲੀ ਬਿੱਲ ਭਰਨ ਤੋਂ ਅਸਮਰਥ ਬੁੱਢੀ ਔਰਤ ਨੇ ਮਕਾਨ ਕੀਤਾ ਸਰਕਾਰ ਦੇ ਨਾਮ
ਸਾਲ 2019 ’ਚ ਬਜ਼ੁਰਗ ਸੁਮਨ ਦੇ ਘਰ ਦਾ ਬਿਜਲੀ ਬਿੱਲ 21 ਲੱਖ ਰੁਪਏ ਆਇਆ ਸੀ, ਜਿਸਦਾ ਉਹ ਭੁਗਤਾਨ ਨਹੀਂ ਕਰ ਸਕੀ ਤੇ ਇਸ ਮੂਲ ਰਕਮ ’ਤੇ ਵਿਭਾਗ ਵਲੋਂ ਲਗਾਤਾਰ ਵਿਆਜ ਵਸੂਲਿਆ ਜਾ ਰਿਹਾ ਹੈ।
Rs 21 Lakh Electricity Bill: ਪੰਜਾਬ ’ਚ ਜਿੱਥੇ ਸਰਕਾਰ ਵਲੋਂ ਆਮ ਲੋਕਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਦੀ ਸਹੂਲਤ ਦਿੱਤੀ ਜਾ ਰਹੀ ਹੈ ਉੱਥੇ ਹੀ ਹਰਿਆਣਾ ਦੇ ਪਾਣੀਪਤ ’ਚ ਬਜ਼ੁਰਗ ਔਰਤ ਦੇ ਘਰ ਦਾ 21 ਲੱਖ ਰੁਪਏ ਬਿੱਲ ਦਾ ਮਾਮਲਾ ਸਾਹਮਣੇ ਆਇਆ ਹੈ।
ਸੁਮਨ ਨਾਮ ਦੀ ਬਜ਼ੁਰਗ ਔਰਤ ਨੇ ਲੱਖਾਂ ਰੁਪਏ ਦਾ ਬਿਜਲੀ ਬਿੱਲ ਆਉਣ ’ਤੇ ਅਨੌਖੇ ਢੰਗ ਨਾਲ ਵਿਰੋਧ ਜਤਾਇਆ। ਉਹ ਸਬ-ਡਵੀਜ਼ਨਲ ਬਿਜਲੀ ਨਿਗਮ ਦੇ ਦਫ਼ਤਰ ’ਚ ਢੋਲ ਵਾਜਿਆਂ ਨਾਲ ਅਧਿਕਾਰੀਆਂ ਦਾ ਮੂੰਹ ਮਿੱਠਾ ਕਰਵਾਉਣ ਲਈ ਮਠਿਆਈ ਲੈਕੇ ਪਹੁੰਚੀ।
ਫੈਕਟਰੀ ’ਚ ਕੰਮ ਕਰ ਆਪਣੇ ਪੇਟ ਪਾਲਦੀ ਬਜ਼ੁਰਗ ਔਰਤ ਸੁਮਨ ਨੇ ਦੱਸਿਆ ਕਿ ਪਾਣੀਪਤ ਦੇ ਸੰਤ ਨਗਰ ’ਚ 60 ਗਜ਼ ਦਾ ਉਸਦਾ ਮਕਾਨ ਹੈ। ਸਾਲ 2019 ’ਚ ਉਸਦਾ ਬਿਜਲੀ ਬਿੱਲ 21 ਲੱਖ ਰੁਪਏ ਆਇਆ ਸੀ, ਜਿਸਦਾ ਉਹ ਭੁਗਤਾਨ ਨਹੀਂ ਕਰ ਸਕੀ ਤੇ ਇਸ ਮੂਲ ਰਕਮ ’ਤੇ ਵਿਭਾਗ ਵਲੋਂ ਲਗਾਤਾਰ ਵਿਆਜ ਵਸੂਲਿਆ ਜਾ ਰਿਹਾ ਹੈ।
ਹੈਰਾਨ ਦੀ ਗੱਲ ਇਹ ਹੈ ਕਿ 12 ਲੱਖ ਰੁਪਏ ਦੀ ਰਾਸ਼ੀ ਹੁਣ ਵਿਆਜ ਸਣੇ 21 ਲੱਖ 89 ਹਜ਼ਾਰ ਰੁਪਏ ਹੋ ਚੁੱਕੀ ਹੈ। ਬਜ਼ੁਰਗ ਸੁਮਨ ਨੇ ਦੱਸਿਆ ਕਿ ਉਸਦੇ ਘਰ ਦੇ ਬਿਜਲੀ ਬਿੱਲ ’ਚ ਮੀਟਰ ਰੀਡਿੰਗ 99,0000 ਦਿਖਾਈ ਗਈ ਹੈ, ਜਦੋਂ ਕਿ 2 ਕਿਲੋਵਾਟ ਦੀ ਸਮਰੱਥਾ ਵਾਲੇ ਮੀਟਰ ’ਚ ਇੰਨੀ ਰੀਡਿੰਗ 1 ਸਾਲ ’ਚ ਵੀ ਨਹੀਂ ਆ ਸਕਦੀ। ਬਜ਼ੁਰਗ ਦਾ ਕਹਿਣਾ ਹੈ ਕਿ ਬਿੱਲ ਦਾ ਭੁਗਤਾਨ ਕਰਨ ਲਈ ਉਸਨੂੰ ਆਪਣਾ ਘਰ ਵੇਚਣਾ ਪਵੇਗਾ। ਪਰ ਘਰ ਵੇਚਕੇ ਵੀ ਉਹ ਬਿੱਲ ਦਾ ਭੁਗਤਾਨ ਨਹੀਂ ਕਰ ਸਕੇਗੀ, ਕਿਉਂਕਿ ਘਰ ਦੀ ਕੀਮਤ ਵੀ 21 ਲੱਖ ਰੁਪਏ ਨਹੀਂ ਹੈ।
ਉੱਧਰ ਇਸ ਮਾਮਲੇ ’ਚ ਸਬ-ਡਵੀਜ਼ਨ ਬਿਜਲੀ ਨਿਗਮ ਦੇ ਐਸ. ਡੀ. ਓ ਨਰਿੰਦਰ ਜਗਲਾਨ ਦਾ ਕਹਿਣਾ ਹੈ ਕਿ ਔਰਤ ਦਾ ਘਰ ਉਨ੍ਹਾਂ ਦੀ ਡਵੀਜ਼ਨ ਅਧੀਨ ਨਹੀਂ ਆਉਂਦਾ, ਬਿਜਲੀ ਦਾ ਬਿੱਲ ਦਰੁਸਤ ਕਰਵਾਉਣ ਲਈ ਉਸਨੂੰ ਸਬੰਧਤ ਡਵੀਜ਼ਨ ’ਚ ਜਾਣਾ ਪਵੇਗਾ।