Patiala Road Accident News: ਪੰਜਾਬ ਵਿੱਚ ਹਰ ਰੋਜ਼ ਤੇਜ਼ ਰਫ਼ਤਾਰ ਵਾਹਨਾਂ ਦੇ ਕਾਰਨ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਨਜ਼ਦੀਕ ਪਿੰਡ ਦੁਲੱਦੀ ਵਿਖੇ ਤੇਜ਼ ਰਫਤਾਰ ਟਰੱਕ ਨੇ 15 ਸਾਲਾ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਹਿਚਾਣ ਭੁਪਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਨਾਭਾ ਦਾ ਰਹਿਣ ਵਾਲਾ ਸੀ। ਮ੍ਰਿਤਕ ਭੁਪਿੰਦਰ ਸਿੰਘ ਆਪਣੇ ਮਿੱਤਰ ਮਨਵੀਰ ਸਿੰਘ ਨੂੰ ਮਿਲਣ ਲਈ ਪਿੰਡ ਦੁਲੱਦੀ ਵਿਖੇ ਆਇਆ ਸੀ ਦੋਨਾਂ ਨੇ ਫੋਟੋਸ਼ੂਟ ਕਰਾਉਣ ਲਈ ਪਟਿਆਲੇ ਜਾਣਾ ਸੀ।


COMMERCIAL BREAK
SCROLL TO CONTINUE READING

ਦੋਨੋਂ ਨੌਜਵਾਨ ਆਪਣੇ ਘਰ ਤੋਂ ਪਟਿਆਲੇ ਦੀ ਬੱਸ ਫੜਣ ਲਈ ਅੱਡੇ ਵੱਲ ਤੁਰੇ ਜਾ ਰਹੇ ਸਨ। ਇਸ ਦੇ ਨਾਲ ਹੀ ਮਨਵੀਰ ਸਿੰਘ ਦੀ ਮਾਂ ਤੇ ਭੈਣ ਨੇ ਬੱਸ ਫੜਕੇ ਉਸਦੇ ਨਾਨਕੇ ਜਾਣਾ ਸੀ, ਦੋਨੋਂ ਨੌਜਵਾਨ ਪੈਦਲ ਤੁਰੇ ਜਾ ਰਹੇ ਸਨ। ਇੱਕ ਦਮ ਪਿੱਛੋਂ ਤੇਜ਼ ਰਫ਼ਤਾਰ ਟਰੱਕ ਆਉਂਦਾ ਹੈ ਤੇ ਉਨ੍ਹਾਂ ਦੇ ਉੱਪਰ ਚੜ੍ਹ ਜਾਂਦਾ ਹੈ ਜਿਸ ਵਿੱਚ 15 ਸਾਲਾ ਭੁਪਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਮਨਵੀਰ ਸਿੰਘ ਫੱਟੜ ਹੋ ਜਾਂਦਾ ਹੈ। ਟਰੱਕ ਚਾਲਕ ਮੌਕੇ 'ਤੇ ਹੀ ਟਰੱਕ ਛੱਡ ਕੇ ਭੱਜ ਜਾਂਦਾ ਹੈ। ਪੁਲਿਸ ਵੱਲੋਂ ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।



ਇਸ ਮੌਕੇ 'ਤੇ ਮ੍ਰਿਤਕ ਨੌਜਵਾਨ ਦੀ ਮਾਤਾ ਨੇ ਕਿਹਾ ਕਿ ਇਹ ਸਾਡਾ ਇਕਲੌਤਾ ਪੁੱਤਰ ਸੀ, ਜੋ ਕਿ ਟਰੱਕ ਦੀ ਅਣਗਹਿਲੀ ਦੇ ਚਲਦੇ ਉਹ ਮੌਤ ਦੇ ਮੂੰਹ ਵਿੱਚ ਚਲਾ ਗਿਆ। ਅਸੀਂ ਹੁਣ ਕਿਸ ਦੇ ਸਹਾਰੇ ਜਿੰਦਗੀ ਬਤੀਤ ਕਰਾਂਗੇ। ਅਸੀਂ ਤਾਂ ਮੰਗ ਕਰਦੇ ਹਾਂ ਕਿ ਟਰੱਕ ਚਾਲਕ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ 'ਤੇ ਫੱਟੜ ਹੋਏ ਨੌਜਵਾਨ ਮਨਵੀਰ ਸਿੰਘ ਨੇ ਕਿਹਾ ਕਿ ਅਸੀਂ ਤਾਂ ਸਾਈਡ 'ਤੇ ਤੁਰਦੇ ਜਾ ਰਹੇ ਸੀ ਤਾਂ ਅਚਾਨਕ ਟਰੱਕ ਚਾਲਕ ਨੇ ਸਾਡੇ ਉੱਤੇ ਚੜ੍ਹਾ ਦਿੱਤਾ। ਟਰੱਕ ਚਾਲਕ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਉਹ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।


ਇਹ ਵੀ ਪੜ੍ਹੋ: Punjab News: ਨੌਜਵਾਨ ਨੇ 10 ਲੱਖ 'ਚ ਵੇਚੀ ਕਿਡਨੀ! ਮਿਲੇ ਲੱਖਾਂ ਰੁਪਏ, ਫਿਰ ਹੋਇਆ ਅਜਿਹਾ... ਸੋਚ ਵੀ ਸਕਦੇ

ਇਸ ਮੌਕੇ ਮ੍ਰਿਤਕ ਭੁਪਿੰਦਰ ਸਿੰਘ ਦੇ ਦਾਦੇ ਨੇ ਕਿਹਾ ਕਿ ਮੈਂ ਜੋ ਮਾੜਾ ਮੋਟਾ ਕੰਮ ਕਰਦਾ ਸੀ ਆਪਣੇ ਪੋਤੇ ਦੇ ਸਹਾਰੇ ਹੀ ਕਰਦਾ ਸੀ, ਭਾਵੇਂ ਮੇਰਾ ਪੋਤਾ ਪੜ੍ਹਦਾ ਸੀ ਪਰ ਮੇਰੇ ਨਾਲ ਕੰਮ ਕਰਾਉਂਦਾ ਸੀ,ਮੇਰੀ ਉਮਰ 85 ਸਾਲ ਹੈ ਅਤੇ ਮੈਂ ਹੁਣ ਕੀ ਕੰਮ ਕਰਾਂਗਾ ਤੇ ਮੈਂ ਕਿਸ ਦੇ ਸਹਾਰੇ ਜ਼ਿੰਦਗੀ ਬਤੀਤ ਕਰਾਂਗਾ। ਇਸ ਨਾਲੋਂ ਤਾਂ ਚੰਗਾ ਹੁੰਦਾ ਮੇਰੀ ਪੋਤੇ ਦੀ ਜਗਾ ਪਰਮਾਤਮਾ ਮੈਨੂੰ ਲੈ ਜਾਂਦਾ।


ਇਸ ਮੌਕੇ 'ਤੇ ਫੱਟੜ ਮਨਵੀਰ ਸਿੰਘ ਦੀ ਭੈਣ ਨੇ ਕਿਹਾ ਕਿ ਇਨ੍ਹਾਂ ਦੋਵੇਂ ਦੋਸਤਾਂ ਨੇ ਪਟਿਆਲੇ ਜਾਣਾ ਸੀ ਅਤੇ ਇਹ ਬੱਸ ਚੜ੍ਹਨ ਲਈ ਜਾ ਰਹੇ ਸਨ ਤਾਂ ਅਚਾਨਕ ਟਰੱਕ ਚਾਲਕ ਨੇ ਇਨ੍ਹਾਂ ਉਪਰ ਟਰੱਕ ਚੜ੍ਹਾ ਦਿੱਤਾ ਅਤੇ ਭੁਪਿੰਦਰ ਸਿੰਘ ਦੀ ਮੌਕੇ 'ਤੇ ਮੌਤ ਹੋਈ ਅਤੇ ਮੇਰੇ ਭਰਾ ਦੀ ਲੱਤ ਫਰੈਕਚਰ ਹੋ ਗਈ। ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ। ਇਸ ਮੌਕੇ 'ਤੇ ਨਾਭਾ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਭੁਪਿੰਦਰ ਸਿੰਘ ਦੀ ਮ੍ਰਿਤਕ ਬਾਡੀ ਆਈ ਹੈ ਅਤੇ ਦੂਸਰੇ ਨੌਜਵਾਨ ਗੰਭੀਰ ਫੱਟੜ ਹੈ ਅਤੇ ਅਸੀਂ ਕਾਰਵਾਈ ਲਈ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।


(ਹਰਮੀਤ ਸਿੰਘ ਦੀ ਰਿਪੋਰਟ)