12 ਹਜ਼ਾਰ ਦੀ ਰਿਸ਼ਵਤ ਲੈਂਦਾ ਪੁੱਡਾ ਦਾ ਚਪੜਾਸੀ ਰੰਗੇ ਹੱਥੀਂ ਕਾਬੂ, ਐੱਸਡੀਓ ਫ਼ਰਾਰ
ਵਿਜੀਲੈਂਸ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ’ਚ ਪੂਡਾ (PUDA) ਦੇ ਇਕ ਕਰਮਚਾਰੀ ਨੂੰ 12 ਹਜ਼ਾਰ ਦੀ ਰਿਸ਼ਵਤ ਲੈਂਦਿਆ ਰੰਗੇ ਹੱਥੀਂ ਕਾਬੂ ਕਰ ਲਿਆ।
ਚੰਡੀਗੜ੍ਹ: ਵਿਜੀਲੈਂਸ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ’ਚ ਪੂਡਾ (PUDA) ਦੇ ਇਕ ਕਰਮਚਾਰੀ ਨੂੰ 12 ਹਜ਼ਾਰ ਦੀ ਰਿਸ਼ਵਤ ਲੈਂਦਿਆ ਰੰਗੇ ਹੱਥੀਂ ਕਾਬੂ ਕਰ ਲਿਆ। ਉੱਥੇ ਹੀ ਰਿਸ਼ਵਤ ਮੰਗਣ ਵਾਲੇ ਐੱਸਡੀਓ (SDO) ਵਿਜੈਪਾਲ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਲਾਟ ਦੀ NOC ਜਾਰੀ ਕਰਨ ਬਦਲੇ ਮੰਗ ਰਹੇ ਸਨ ਰਿਸ਼ਵਤ
ਵਿਜੀਲੈਂਸ ਬਿਓਰੋ ਦੇ ਐੱਸ. ਐੱਸ. ਪੀ (SSP) ਵਰਿੰਦਰ ਸਿੰਘ ਨੇ ਆਰੋਪੀਆਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਰਿਆਣਾ ਦੇ ਗੁੜਗਾਂਓ ’ਚ ਰਹਿਣ ਵਾਲੇ ਸੌਰਭ ਭਾਟੀਆ ਨੇ ਸ਼ਿਕਾਇਤ ਦਰਜ ਕਰਵਾਈ ਸੀ। ਸੁਸ਼ਾਂਤ ਦੀ ਸ਼ਿਕਾਇਤ ਅਨੁਸਾਰ ਪੁੱਡਾ ਦੇ SDO ਵਿਜੈਪਾਲ ਇੱਕ ਪਲਾਟ ਦੀ ਕੋਈ ਇਤਰਾਜ਼ ਨਹੀਂ (NOC) ਜਾਰੀ ਕਰਨ ਬਦਲੇ ਉਸ ਕੋਲੋਂ 12 ਹਜ਼ਾਰ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ।
ਐੱਸਡੀਓ ਵਿਜੈਪਾਲ ਦੀ ਭਾਲ ’ਚ ਕੀਤੀ ਜਾ ਰਹੀ ਛਾਪੇਮਾਰੀ
ਪ੍ਰਾਪਤ ਹੋਈ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਓਰੋ ਦੀ ਟੀਮ ਨੇ ਪੁੱਡਾ ਭਵਨ, ਅੰਮ੍ਰਿਤਸਰ ਦਫ਼ਤਰ ਦੇ ਬਾਹਰ ਸੇਵਾਦਾਰ ਅੰਮ੍ਰਿਤਦੀਪ ਸਿੰਘ (Amritdeep Singh ) ਨੂੰ ਸ਼ਿਕਾਇਤਕਰਤਾ ਸੌਰਭ ਭਾਟੀਆ ਤੋਂ 12 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਪਰ ਐੱਸ. ਡੀ. ਓ. ਵਿਜੈਪਾਲ ਨੂੰ ਮੌਕੇ ’ਤੇ ਹਾਜ਼ਰ ਨਾ ਹੋਣ ਕਰਕੇ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ, ਉਸਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਦੋਹਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ’ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7ਏ ਤਹਿਤ ਕੇਸ ਦਰਜ ਕਰਨ ਉਪਰੰਤ ਅਗਲੇਰੀ ਜਾਂਚ ਆਰੰਭ ਦਿੱਤੀ ਗਈ ਹੈ।