Kiratpur Toll Tax News(Bimal Sharma): ਚੰਡੀਗੜ੍ਹ- ਕੁੱਲੂ ਮਨਾਲੀ ਕੌਮੀ ਮਾਰਗ 'ਤੇ ਪਿੰਡ ਮੋੜਾ ਵਿਖੇ ਲੱਗੇ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਾ ਦੇ ਕਰਿੰਦਿਆਂ ਉੱਪਰ ਕੁਝ ਲੋਕਾਂ ਨੇ ਗੁੰਡਾਗਰਦੀ ਕਰਨ ਦੇ ਦੋਸ਼ ਲਗਾਏ ਹਨ। ਲੋਕਾਂ ਨੇ ਇਲਜ਼ਾਮ ਲਗਾਏ ਹਨ ਕਿ ਕਰਮਚਾਰੀਆਂ ਵੱਲੋਂ ਲੋਕਾਂ ਨਾਲ ਧੱਕਾ ਕੀਤਾ ਜਾਂਦਾ ਹੈ। ਲੋਕਾਂ ਨਾਲ ਕੁੱਟ ਮਾਰ ਕੀਤੀ ਜਾਂਦੀ ਹੈ। ਪਰ ਇਸ ਸਬੰਧ ਵਿੱਚ ਟੋਲ ਪਲਾਜ਼ਾ ਦੇ ਮਾਲਕਾਂ ਨੇ ਲੋਕਾਂ ਦੇ ਇਹਨਾਂ ਲਗਾਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ।


COMMERCIAL BREAK
SCROLL TO CONTINUE READING

ਪਿੰਡ ਵਾਸੀਆਂ ਨੇ ਲਗਾਏ ਕੁੱਟਮਾਰ ਦੇ ਇਲਜ਼ਾਮ


ਇਸ ਸਬੰਧੀ ਪਿੰਡ ਮੋੜਾ ਦੇ ਵਸਨੀਕ ਦੇਸ ਰਾਜ ਨੇ ਦੱਸਿਆ ਕਿ ਉਸ ਦਾ ਘਰ ਬਿਲਕੁਲ ਟੋਲ ਪਲਾਜੇ ਦੇ ਨਜ਼ਦੀਕ ਹੈ। ਟੋਲ ਪਲਾਜ਼ਾ ਉੱਪਰ ਅਕਸਰ ਰਾਤ ਨੂੰ ਗਾਲੀ ਗਲੋਚ ਲੜਾਈ ਝਗੜੇ ਦੀਆਂ ਉੱਚੀਆਂ ਉੱਚੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ। ਟੋਲ ਪਲਾਜ਼ਾ ਵਲੋਂ ਰੱਖੇ ਹੋਏ ਕੁਝ ਨੌਜਵਾਨਾਂ ਵੱਲੋਂ ਟੋਲ ਪਲਾਜ਼ੇ 'ਤੇ ਅਕਸਰ ਵਾਹਨ ਚਾਲਕਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ। ਉਹਨਾਂ ਦੇ ਵਾਹਨਾਂ ਦੇ ਸ਼ੀਸ਼ੇ ਤੋੜੇ ਜਾਂਦੇ ਹਨ, ਟੋਲ ਪਲਾਜਾ 'ਤੇ ਵਾਪਰਦੀਆਂ ਲੜਾਈ ਝਗੜੇ ਦੀਆਂ ਵਾਰਦਾਤਾਂ ਕਾਰਨ ਉਹਨਾਂ ਦਾ ਪਰਿਵਾਰ ਕਾਫੀ ਪਰੇਸ਼ਾਨ ਹੈ, ਜੋ ਵੀ ਲੜਾਈ ਝਗੜਾ ਹੁੰਦਾ ਹੈ। ਉਸ ਦੀ ਸਾਰੀ ਆਵਾਜ਼ ਉਹਨਾਂ ਦੇ ਘਰ ਤੱਕ ਪਹੁੰਚਦੀ ਹੈ।


ਟੋਲ ਪਲਾਜ਼ਾ ਨਜ਼ਦੀਕ ਦੁਕਾਨ ਕਰਦੇ ਚੰਨਣ ਰਾਮ ਨੇ ਦੱਸਿਆ ਕਿ ਉਹ ਟੋਲ ਪਲਾਜ਼ਾ ਦੇ ਨਜ਼ਦੀਕ ਫਾਸਟ ਟੈਗ ਦਾ ਕੰਮ ਕਰਦਾ ਹੈ ਜਦੋਂ ਉਸ ਨੇ ਲੜਾਈ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਹ ਆਪਣੀ ਦੁਕਾਨ ਤੋਂ ਬਾਹਰ ਆ ਗਿਆ ਅਤੇ ਟੋਲ ਪਲਾਜ਼ਾ 'ਤੇ ਪਹੁੰਚ ਗਿਆ। ਜਿੱਥੇ ਟੋਲ ਪਲਾਜ਼ਾ ਵਾਲੇ ਅਤੇ ਕੁਝ ਹੋਰ ਵਿਅਕਤੀ ਕੁਝ ਗੱਡੀਆਂ ਵਾਲਿਆਂ ਨਾਲ ਕੁੱਟਮਾਰ ਕਰ ਰਹੇ ਸਨ ਅਤੇ ਉਹਨਾਂ ਵੱਲੋਂ ਬੱਸ ਦੇ ਸ਼ੀਸ਼ੇ ਵੀ ਭੰਨੇ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਅਤੇ ਪਿੰਡ ਦੇ ਕੁਝ ਹੋਰ ਵਿਅਕਤੀ ਲੜਾਈ ਛਡਵਾਉਣ ਲਈ ਵਿੱਚ ਵਿਚਾਲੇ ਹੋਏ ਤਾਂ ਟੋਲ ਤੇ ਰੱਖੇ ਹੋਏ ਕੁਝ ਨੌਜਵਾਨਾਂ ਨੇ ਉਹਨਾਂ ਨਾਲ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।


ਟੋਲ ਪਲਾਜ਼ਾ ਮੈਨੇਜਰ ਨੇ ਦੋਸ਼ ਨਕਾਰੇ


ਇਸ ਸੰਬੰਧ ਦੇ ਵਿੱਚ ਟੋਲ ਪਲਾਜ਼ਾ ਦੇ ਮੈਨੇਜਰ ਨੇ ਕਿਹਾ ਕਿ ਜੋ ਦੋਸ਼ ਸਾਡੇ 'ਤੇ ਪਿੰਡ ਵਾਸੀਆਂ ਨੇ ਲਗਾਏ ਗਏ ਹਨ, ਉਹ ਬਿਲਕੁਲ ਗਲਤ ਹਨ। ਉਹਨਾਂ ਕਿਹਾ ਕਿ ਉਕਤ ਵਿਅਕਤੀ ਆਪਣੇ ਕੁਝ ਸਾਥੀਆਂ ਸਮੇਤ  ਰਾਤ ਸਮੇਂ ਸ਼ਰਾਬ ਪੀ ਕੇ ਟੋਲ ਪਲਾਜੇ ਤੇ ਆ ਜਾਂਦੇ ਹਨ ਅਤੇ ਟੋਲ ਤੋਂ ਲੰਘਣ ਵਾਲੇ ਟਰੱਕਾਂ ਵਾਲਿਆਂ ਅਤੇ ਹੋਰ ਵਹੀਕਲਾਂ ਵਾਲਿਆਂ ਨੂੰ ਟੋਲ ਪਲਾਜਾ ਵਾਲਿਆਂ ਦੇ ਖਿਲਾਫ ਭੜਕਾਉਂਦੇ ਹਨ। ਟੋਲ ਨਾ ਦੇਣ ਬਾਰੇ ਉਹਨਾਂ ਨੂੰ ਕਹਿੰਦੇ ਹਨ, ਅਜਿਹਾ ਕਰਕੇ ਉਹ ਟੋਲ ਪਲਾਜ਼ੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ।


ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜਿਸ ਟਰੱਕ ਦੇ ਸ਼ੀਸ਼ੇ ਭੰਨੇ ਗਏ ਸਨ ,ਉਸ ਟਰੱਕ ਵਾਲੇ ਵੱਲੋਂ ਉਹਨਾਂ ਦੇ ਟੋਲ ਪਲਾਜ਼ੇ 'ਤੇ ਲੱਗਿਆ ਬੂਮ ਤੋੜ ਦਿੱਤਾ ਗਿਆ ਸੀ, ਜਿਸ ਕਾਰਨ ਉਹਨਾਂ ਦਾ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ ਹੈ। ਉਹਨਾਂ ਕਿਹਾ ਕਿ ਸਾਡੇ ਟੋਲ ਪਲਾਜੇ ਤੇ ਸੀਸੀਟੀਵੀ ਕੈਮਰਿਆਂ ਵਿੱਚ ਹਰ ਇੱਕ ਘਟਨਾ ਕੈਦ ਹੋਈ ਪਈ ਹੈ। ਉਹਨਾਂ ਕਿਹਾ ਕਿ ਸਾਡਾ ਕੋਈ ਵੀ ਕਰਮਚਾਰੀ ਗੁੰਡਾਗਰਦੀ ਨਹੀਂ ਕਰਦਾ ਅਤੇ ਨਾ ਹੀ ਉਹਨਾਂ ਵੱਲੋਂ ਕਿਸੇ ਦੀ ਕੁੱਟਮਾਰ ਕੀਤੀ ਗਈ।


ਪੁਲਿਸ ਨੇ ਮਾਮਲਾ ਕੀਤਾ ਦਰਜ


ਕੀਰਤਪੁਰ ਸਾਹਿਬ ਐਸਐਚਓ ਦਾ ਕਹਿਣਾ ਹੈ ਕਿ ਪਿੰਡ ਮੋੜਾ ਵਿਖੇ ਕੁਝ ਦਿਨ ਪਹਿਲਾਂ  ਦੋ ਧਿਰਾਂ ਦੇ ਵਿਚਕਾਰ ਬਹਿਸਬਾਜੀ ਤੋਂ ਬਾਅਦ ਲੜਾਈ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਦੋਵੇਂ ਧਿਰਾਂ ਚੰਨਣ ਰਾਮ ਅਤੇ ਦੂਸਰੀ ਧਿਰ  ਕੁਲਬੀਰ ਸਿੰਘ ਅਤੇ ਲਖਵਿੰਦਰ ਸਿੰਘ ਵੱਲੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਇੱਕ ਦੂਸਰੇ ਦੇ ਖਿਲਾਫ ਦਰਖਾਸਤਾਂ ਦਿੱਤੀਆਂ ਗਈਆਂ ਸਨ। ਚੰਨਣ ਰਾਮ ਦੀ ਐਮ ਐਲ ਆਰ ਰਿਪੋਰਟ ਵਿੱਚ ਉਸਦੇ ਸੱਟਾਂ ਲੱਗੀਆਂ ਪਾਈਆਂ ਗਈਆਂ।


ਜਿਸ ਆਧਾਰ ਤੇ ਪੁਲਿਸ ਵੱਲੋਂ ਉਸ ਦੇ ਬਿਆਨਾਂ ਦੇ ਆਧਾਰ ਉੱਪਰ ਲਖਵਿੰਦਰ ਸਿੰਘ ਅਤੇ ਕੁਲਵੀਰ ਸਿੰਘ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਉਨਾਂ ਨੂੰ ਟੋਲ ਪਲਾਜਾ ਦੇ ਕਰਿੰਦਿਆਂ ਵੱਲੋ ਟਰੱਕ ਚਾਲਕ ਦੀ ਕੁੱਟਮਾਰ ਕਰਨ, ਉਸ ਦੇ ਵਾਹਨ ਦੇ ਸ਼ੀਸ਼ੇ ਭੰਨਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਨੂੰ ਕਿਸੇ ਦੀ ਵੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ।