Lok Sabha elections Boycott (ਮਨੋਜ ਜੋਸ਼ੀ): ਸਰਕਾਰਾਂ ਬਦਲੀਆਂ ਪਰ ਰਾਜਧਾਨੀ ਦੀ ਨੇੜੇ ਵੱਸਦੇ ਪਿੰਡਾਂ ਦੀ ਤਕਦੀਰ ਨਹੀਂ ਬਦਲੀ। ਹੁਣ ਪੰਜ ਪਿੰਡਾਂ ਦੇ ਬਸ਼ਿੰਦਿਆਂ ਨੇ ਏਕਾ ਕਰਕੇ ਵੱਡੀ ਤਦਬੀਰ ਦਾ ਫ਼ੈਸਲਾ ਲਿਆ ਹੈ। ਆਜ਼ਾਦੀ ਦੇ 76 ਸਾਲ ਬੀਤ ਜਾਣ ਦੇ ਬਾਵਜੂਦ ਵੀਆਈਪੀ ਇਲਾਕਿਆਂ ਦੇ ਵਿਚਕਾਰ ਵੱਸੇ 5 ਪਿੰਡ ਅੱਜ ਵੀ ਪੱਕੇ ਰਸਤਿਆਂ ਅਤੇ ਸਿਹਤ ਅਤੇ ਸਿੱਖਿਆ ਸਹੂਲਤਾਂ ਤੋਂ ਸੱਖਣੇ ਹਨ। ਸਰਕਾਰਾਂ ਦੇ ਵੱਡੇ-ਵੱਡੇ ਦਾਅਵਿਆਂ ਦੀ ਪਿੰਡਾਂ ਦੀ ਜੂਹ ਵਿੱਚ ਪੁੱਜਦੇ ਸਾਰ ਹੀ ਫੂਕ ਨਿਕਲ ਜਾਂਦੀ ਹੈ। ਇਥੋਂ ਤੱਕ ਕਿ ਬਰਸਾਤ ਦੇ ਦਿਨਾਂ ਵਿੱਚ ਇਹ ਪਿੰਡ ਦੂਜੇ ਇਲਾਕਿਆਂ ਨਾਲੋਂ ਟੁੱਟ ਜਾਂਦੇ ਹਨ।


ਜ਼ਮੀਨਾਂ ਦੇ ਇੰਤਕਾਲ ਰੱਦ ਹੋਣ ਕਾਰਨ ਲੋਕ ਨਾਰਾਜ਼


COMMERCIAL BREAK
SCROLL TO CONTINUE READING

ਨਿਊ ਚੰਡੀਗੜ੍ਹ ਕੋਲ ਵਸੇ ਪਿੰਡ ਗੁਡਾ, ਕਸੌਲੀ, ਜੈਅੰਤੀ ਮਾਜਰਾ, ਬਗਿੰਡੀ ਤੇ ਕਰੌਂਦੇਬਾਲ ਦੇ ਲੋਕਾਂ ਨੇ ਮੁੱਢਲੀਆਂ ਸਹੂਲਤਾਂ ਨਾ ਮਿਲਣ ਤੇ ਜ਼ਮੀਨਾਂ ਦੇ ਇੰਤਕਾਲ ਰੱਦ ਹੋਣ 'ਤੇ ਲੋਕ ਸਭਾ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਇਹ ਪਿੰਡ ਪੰਜਾਬ ਸਰਕਾਰ ਦੇ ਸਕੱਤਰੇਤ ਤੋਂ ਮਹਿਜ਼ 8 ਕਿਲੋਮੀਟਰ ਦੀ ਦੂਰੀ ਉਤੇ ਵਸੇ ਹਨ।


ਲੋਕ ਸਭਾ ਚੋਣਾਂ ਦੇ ਬਾਈਕਾਟ ਦਾ ਐਲਾਨ


ਇਸ ਤੋਂ ਥੋੜ੍ਹੀ ਦੂਰੀ ਉਤੇ ਕੈਪਟਨ ਅਮਰਿੰਦਰ ਸਿੰਘ ਦਾ ਸਿਸਵਾਂ ਫਾਰਮ ਹਾਊਸ, ਬਾਦਲ ਪਰਿਵਾਰ ਦਾ ਸੁੱਖ ਵਿਲਾਸ ਹੋਟਲ ਤੇ ਵਿਧਾਇਕਾਂ ਦੇ ਫਲੈਟ ਵੀ ਹਨ। ਇੰਨੇ ਵੀਆਈਪੀ ਇਲਾਕੇ ਹੋਣ ਦੇ ਬਾਵਜੂਦ ਇਨ੍ਹਾਂ ਪਿੰਡਾ ਉਪਰ ਕਿਸੇ ਦੀ ਪੈਣੀ ਨਜ਼ਰ ਨਹੀਂ ਪਈ ਹੈ। ਇਨ੍ਹਾਂ ਦੇ ਪਿੰਡਾਂ ਦੇ ਹਾਲਾਤ ਬਿਲਕੁਲ ਵੀ ਨਹੀਂ ਬਦਲੇ, ਜਿਸ ਕਾਰਨ ਉਨ੍ਹਾਂ ਨੇ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ।


ਅਜੇ ਨਹੀਂ ਨਸੀਬ ਹੋਈ ਪੱਕੀ ਸੜਕ


ਪਿੰਡ ਨਗਰ ਖੇੜਾ ਵਿੱਚ ਇਕੱਠੇ ਹੋਏ ਪੰਜ ਪਿੰਡਾਂ ਦੇ ਲੋਕਾਂ ਨੇ ਆਪਣਾ ਰੋਸ ਜ਼ਾਹਿਰ ਕਰਦੇ ਹੋਏ ਚੋਣਾਂ ਦੇ ਬਾਈਕਾਟ ਦੀ ਵਜ੍ਹਾ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜ਼ਮੀਨਾਂ ਦੇ ਇੰਤਕਾਲ ਰੱਦ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਮੀਨਾਂ ਦਾ ਬਹਾਲੀ ਲਈ ਉਹ ਠੋਕਰਾਂ ਖਾ ਰਹੇ ਹਨ। ਸੜਕ ਦਾ ਉਹ ਹਿੱਸਾ ਜੋ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਬਣਵਾਉਣਾ ਚਾਹੁੰਦੇ ਹਨ, ਉਸ ਨੂੰ ਢਾਈ ਕਿਲੋਮੀਟਰ ਲੰਬਾ ਦਿਖਾਇਆ ਗਿਆ ਹੈ ਜੋ ਕਦੇ ਵੀ ਨਹੀਂ ਬਣਿਆ ਅਤੇ ਸਾਰੀ ਸੜਕ ਨੂੰ ਚੌੜਾ ਕਰਨ ਲਈ ਕਿਹਾ ਗਿਆ ਹੈ।


ਬਰਸਾਤ ਦੇ ਦਿਨਾਂ ਵਿੱਚ ਟੁੱਟ ਜਾਂਦਾ ਸੰਪਰਕ


ਪਿੰਡ ਦੇ ਲੋਕਾਂ ਨੇ ਉਹ ਹਿੱਸਾ ਦਿਖਾਇਆ ਜਿਥੇ ਅਜੇ ਦਰਿਆ ਉਤੇ ਪੁਲ ਬਣਾਏ ਜਾਣੇ ਹਨ ਜੋ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ, ਜਿਸ ਕਾਰਨ ਬਰਸਾਤ ਦੇ ਦਿਨਾਂ ਵਿੱਚ ਹੋਰ ਇਲਾਕਿਆਂ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ। ਪਿੰਡ ਵਾਲਿਆਂ ਨੇ ਜੈਅੰਤੀ ਮਾਜਰਾ ਦੀ ਆਯੂਰਵੈਦਿਕ ਡਿਸਪੈਂਸਰੀ ਵੀ ਦਿਖਾਈ ਜੋ ਲੋਕਾਂ ਨੂੰ ਸਿਹਤ ਸਹੂਲਤਾਂ ਦਿੰਦੀ ਹੈ। ਲੋਕਾਂ ਨੇ ਕਿਹਾ ਕਿ ਇਥੇ ਦੇਸੀ ਦਵਾਈ ਮਿਲਦੀ ਹੈ। 5 ਪਿੰਡਾਂ ਵਿੱਚ ਵੀ ਡਿਸਪੈਂਸਰੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਮੀਨ ਦੇਣ ਬਾਵਜੂਦ ਆਮ ਆਦਮੀ ਕਲੀਨਿਕ ਨਹੀਂ ਖੋਲ੍ਹਿਆ ਗਿਆ ਹੈ।


ਪ੍ਰਸ਼ਾਸਨ ਪਿੰਡ ਵਾਸੀਆਂ ਨੂੰ ਮਨਾਉਣ ਵਿੱਚ ਜੁੱਟਿਆ


ਮੁਹਾਲੀ ਜ਼ਿਲ੍ਹੇ ਦੇ ਏਡੀਸੀ ਜਨਰਲ ਵਿਰਾਜ ਵਿਜੈਕਰਨ ਤਿੜਕੇ ਨੇ ਦੱਸਿਆ ਕਿ ਪੰਜ ਪਿੰਡਾਂ ਨੇ ਇਸ ਵਾਰ ਵੋਟ ਨਾ ਪਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਪਿੰਡਾਂ ਦੇ ਸਰਪੰਚਾਂ ਤੇ ਹੋਰ ਮੋਹਤਬਰਾਂ ਵਿਅਕਤੀਆਂ ਨਾਲ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਸਮੱਸਿਆ ਦਾ ਹੱਲ ਕੱਢਿਆ ਜਾ ਰਿਹਾ ਹੈ। ਇੰਤਕਾਲ ਨੂੰ ਲੈ ਕੇ ਕੇਸ ਹਾਈ ਕੋਰਟ ਵਿੱਚ ਹੈ ਜੋ ਅਦਾਲਤ ਫੈਸਲਾ ਹੋਵੇਗਾ ਉਸਦੇ ਆਧਾਰ ਉਤੇ ਕੰਮ ਕੀਤਾ ਜਾਵੇਗਾ।


ਬਾਕੀ ਆਮ ਆਦਮੀ ਕਲੀਨਿਕ ਬਣਾਉਣ, ਪੁਲ ਦੀ ਉਸਾਰੀ, ਬੱਸ ਸੇਵਾ ਸ਼ੁਰੂ ਕਰਨਾ ਹੈ ਅਤੇ ਸੜਕ ਬਣਵਾਉਣ ਦੇ ਕੰਮਾਂ ਨੂੰ ਲੈ ਕੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਤੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਲੋਕ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ। ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਤੰਤਰ ਦੇ ਇਸ ਪਰਵ ਵਿੱਚ ਹਿੱਸਾ ਜ਼ਰੂਰ ਲੈਣ।


ਇਹ ਵੀ ਪੜ੍ਹੋ : Faridkot Jail: ਕੇਂਦਰੀ ਜੇਲ੍ਹ ਫ਼ਰੀਦਕੋਟ 'ਚੋਂ ਇਕ ਹੋਰ ਹਵਾਲਾਤੀ ਦੀ ਰੀਲ ਵਾਲੀ ਵੀਡੀਓ ਵਾਇਰਲ