Mohali News: ਵਿਆਹ ਦੌਰਾਨ ਫੋਟੋਗ੍ਰਾਫਰ ਹਾਈਵੋਲਟੇਜ ਤਾਰਾਂ ਦੀ ਲਪੇਟ `ਚ ਆਇਆ; ਗਰਦਨ ਧੜ ਨਾਲੋਂ ਹੋਈ ਵੱਖ
Mohali News: ਮੋਹਾਲੀ ਦੇ ਸਿੰਘਾ ਦੇਵੀ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ।
Mohali News: ਮੋਹਾਲੀ ਦੇ ਸਿੰਘਾ ਦੇਵੀ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ। ਵਿਆਹ ਸਮਾਗਮ ਦੌਰਾਨ ਫੋਟੋਗ੍ਰਾਫੀ ਕਰਦੇ ਹੋਏ ਨੌਜਵਾਨ ਹਾਈਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਿਆ। ਇਸ ਕਾਰਨ ਉਸ ਦੀ ਗਰਦਨ ਧੜ ਤੋਂ ਅਲੱਗ ਹੋ ਕੇ ਥੱਲੇ ਡਿੱਗ ਪਈ।
ਜਾਣਕਾਰੀ ਅਨੁਸਾਰ 16 ਨਵੰਬਰ ਦੀ ਰਾਤ ਸਿੰਘਾ ਦੇਵੀ ਦੇ ਤੁਬੇਕਾ ਵਾਲੀ ਗਲ਼ੀ ਵਿੱਚ ਵਿਆਹ ਦਾ ਲੇਡੀ ਸੰਗੀਤ ਚੱਲ ਰਿਹਾ ਸੀ। ਇਸ ਵਿਆਹ ਵਿੱਚ ਫੋਟੋਗ੍ਰਾਫੀ ਕਰਨ ਆਇਆ ਫੋਟੋਗ੍ਰਾਫਰ ਪ੍ਰੋਗਰਾਮ ਦੌਰਾਨ ਮਕਾਨ ਦੀ ਦੂਜੀ ਮੰਜ਼ਿਲ ਉਤੇ ਚਲਾ ਗਿਆ ਅਤੇ ਉਥੇ ਥੱਲੇ ਦਾ ਸ਼ਾਟ ਬਣਾਉਣ ਲੱਗਾ ਪਰ ਇਸ ਦੌਰਾਨ ਗਲੀ ਵਿਚੋਂ ਲੰਘ ਰਹੀਆਂ 11 ਕੇਵੀ ਦੀ ਲਾਈਨ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ ਅਤੇ ਉਹ ਤਾਰਾਂ ਵਿੱਚ ਫਸ ਗਿਆ।
ਇਹ ਵੀ ਪੜ੍ਹੋ : Punjab Breaking Live Updates: ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
ਹਾਦਸਾ ਇੰਨਾ ਭਿਆਨਕ ਸੀ ਕਿ ਫੋਟੋਗ੍ਰਾਫਰ ਦੀ ਗਰਦਨ ਕੱਟ ਕੇ ਥੱਲੇ ਜ਼ਮੀਨ ਉਤੇ ਜਾ ਡਿੱਗੀ ਅਤੇ ਉਸ ਦਾ ਸਰੀਰ ਬਾਲਕਨੀ ਵਿੱਚ ਲਟਕਿਆ ਰਿਹਾ। ਮ੍ਰਿਤਕ ਫੋਟੋਗ੍ਰਾਫਰ ਦੀ ਪਛਾਣ 32 ਸਾਲਾਂ ਜਤਿੰਦਰ ਜੈਨ ਉਰਫ ਜਤਿਨ ਦੇ ਰੂਪ ਵਿੱਚ ਹੋਈ ਹੈ ਜੋ ਕਿ ਬਲੌਂਗੀ ਵਿੱਚ ਸਟੂਡੀਓ ਚਲਾਉਂਦਾ ਸੀ ਅਤੇ ਫੇਜ਼-9 ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ। ਹਾਦਸੇ ਦੇ ਤਿੰਨ ਘੰਟੇ ਤੱਕ ਬਾਲਕਨੀ ਦੀ ਰੇਲਿੰਗ ਉਤੇ ਲਾਸ਼ ਲਟਕੀ ਰਹੀ।
ਘਰ ਦੀ ਗਰਿੱਲ ਤੋਂ ਮਹਿਜ਼ ਡੇਢ ਮੀਟਰ ਦੀ ਦੂਰੀ 'ਤੇ 11 ਹਜ਼ਾਰ ਵੋਲਟੇਜ ਦੀ ਹਾਈ ਟੈਂਸ਼ਨ ਤਾਰ ਲੰਘ ਰਹੀ ਸੀ। ਇੱਕ ਸਾਲ ਪਹਿਲਾਂ ਸੜਕ ਹਾਦਸੇ ਵਿੱਚ ਜਤਿੰਦਰ ਦੀ ਸੱਜੀ ਬਾਂਹ ਟੁੱਟ ਗਈ ਸੀ ਅਤੇ ਉਸ ਦੀ ਬਾਂਹ ਵਿੱਚ ਪਲੇਟ ਲੱਗੀ ਹੋਈ ਸੀ। ਸਾਮਾਨ ਚੁੱਕਦਾ ਹੋਇਆ ਜਦੋਂ ਉਹ ਗਰਿੱਲ ਨੇੜੇ ਪਹੁੰਚਿਆ ਤਾਂ ਉਸ ਨੂੰ ਪਹਿਲੀ ਵਾਰ ਬਿਜਲੀ ਦਾ ਹਲਕਾ ਝਟਕਾ ਲੱਗਾ ਅਤੇ ਉਹ ਪਿੱਛੇ ਹਟ ਗਿਆ।
ਇਸ ਦੌਰਾਨ ਉਸ ਨੂੰ ਫਿਰ ਤੋਂ ਬਿਜਲੀ ਦਾ ਹਲਕਾ ਝਟਕਾ ਲੱਗਾ ਅਤੇ ਉਸ ਨੇ ਸੰਭਲਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਕਿ ਉਹ ਪੂਰੀ ਤਰ੍ਹਾਂ ਸੰਭਲਦਾ ਹਾਈ ਟੈਂਸ਼ਨ ਤਾਰ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ। ਤਾਰ ਦੀ ਲਪੇਟ ਵਿੱਚ ਆਉਂਦੇ ਸਾਰ ਹੀ ਉਸ ਦੀ ਗਰਦਨ ਪੂਰੀ ਤਰ੍ਹਾਂ ਝੁਲਸ ਗਈ ਅਤੇ ਧੜ ਤੋਂ ਵੱਖ ਹੋ ਕੇ ਜ਼ਮੀਨ 'ਤੇ ਡਿੱਗ ਗਈ। ਧੜ ਤਾਰਾਂ ਨਾਲ ਲਟਕਦਾ ਰਿਹਾ। ਵਿਆਹ ਵਾਲੇ ਘਰ 'ਚ ਅਚਾਨਕ ਹਫੜਾ-ਦਫੜੀ ਮਚ ਗਈ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਜਤਿੰਦਰ ਜੈਨ ਆਪਣੀ ਪਤਨੀ ਅਤੇ ਅੱਠ ਸਾਲ ਦੇ ਬੇਟੇ ਨਾਲ ਫੇਜ਼-9 ਵਿੱਚ ਰਹਿੰਦਾ ਸੀ। ਉਸਦੇ ਮਾਤਾ-ਪਿਤਾ ਪਹਿਲਾਂ ਹੀ ਮਰ ਚੁੱਕੇ ਹਨ। ਉਹ ਘਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਸੀ। ਉਸ ਦੀ ਮੌਤ ਤੋਂ ਬਾਅਦ, ਉਹ ਆਪਣੀ ਪਤਨੀ ਅਤੇ ਪੁੱਤਰ ਨੂੰ ਛੱਡ ਗਿਆ ਹੈ। ਪਤਾ ਲੱਗਾ ਹੈ ਕਿ ਤਿੰਨ ਦਿਨ ਬਾਅਦ ਉਸ ਨੇ ਆਪਣੇ ਦੋਸਤਾਂ ਨਾਲ ਮਾਤਾ ਵੈਸ਼ਨੋ ਦੇਵੀ ਕਟੜਾ ਵਿਖੇ ਮੱਥਾ ਟੇਕਣ ਜਾਣਾ ਸੀ।
ਇਹ ਵੀ ਪੜ੍ਹੋ : Weather Update: ਪੰਜਾਬ 'ਚ ਧੁੰਦ ਦੀ ਚਿੱਟੀ ਚਾਦਰ ! ਸੜਕਾਂ ਉੱਤੇ ਘਟੀ ਵਿਜੀਬਿਲਟੀ; ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ