Phulkari: ਦਿੜਬਾ ਦੀਆਂ ਕੁੜੀਆਂ ਵੱਲੋਂ ਕੱਢੀ ਫੁਲਕਾਰੀ ਵਿਧਾਨ ਸਭਾ `ਚ ਲਿਸ਼ਕੀ
Fulkari In Vidhansabha: ਦਿੜਬਾ ਦੀਆਂ ਕੁੜੀਆਂ ਵੱਲੋਂ ਇਹ ਫੌਲਡਰ ਤਿਆਰ ਕੀਤਾ ਗਿਆ ਹੈ। ਇਸ ਦੇ ਜ਼ਰੀਏ ਸਰਕਾਰ ਸਵਦੇਸ਼ੀ ਅਤੇ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ।
Dirba News(ਕੀਰਤੀ ਪਾਲ): ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਦਾ ਤੀਜਾ ਬਜਟ ਪੇਸ਼ ਕੀਤਾ ਗਿਆ। ਇਸ ਮੌਕੇ ਇੱਕ ਖੂਬਸੂਰਤ ਤਸਵੀਰ ਦੇਖਣ ਨੂੰ ਮਿਲੀ। ਜਦੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਪਣੇ ਹੱਥ ਵਿੱਚ ਸੁੰਦਰ ਫੁਲਕਾਰੀ ਵਿੱਚ ਲਪੇਟਿਆ ਹੋਇਆ ਟੈਬ ਫੜ੍ਹਕੇ ਵਿਧਾਨਸਭਾ ਪਹੁੰਚੇ। ਜਿਸ ਤੋਂ ਪੂਰੇ ਪੰਜਾਬ ਭਰ ਵਿੱਚ ਇਸ ਫੁਲਕਾਰੀ ਵਾਲ ਕਵਰ ਦੀ ਚਰਚਾ ਸ਼ੁਰੂ ਹੋ ਗਈ। ਟੈਬ ਨੂੰ ਕਵਰ ਕਰਨ ਵਰਤੇ ਗਏ ਫੁਲਕਾਰੀ ਵਾਲੇ ਇਸ ਕਵਰ ਸੰਗਰੂਰ 'ਚ ਪੈਂਦੇ ਦਿੜਬਾ ਦੀਆਂ ਕੁੜੀਆਂ ਨੇ ਤਿਆਰ ਕੀਤੀ ਹੈ।
ਦਿੜ੍ਹਬਾ ਦੀ ਲੜਕੀਆਂ ਨੇ ਤਿਆਰ ਕੀਤੀ ਫੁਲਕਾਰੀ
ਸੰਗਰੂਰ ਦੇ ਹਲਕਾ ਦਿੜਬਾ ਦੀ ਵਸਨੀਕ ਮਨਦੀਪ ਕੌਰ ਅਤੇ ਉਸ ਦੀਆਂ ਸਾਥਣਾਂ ਵੱਲੋਂ ਇਹ ਫੌਲਡਰ ਵਿਸ਼ੇਸ਼ ਤੌਰ ਉਤੇ ਤਿਆਰਾ ਕੀਤਾ ਗਿਆ। ਮਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਦੇ ਵਿੱਤ ਮੰਤਰੀ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰਦਰਸ਼ਨੀ ਦੌਰਾਨ ਮਿਲੇ ਸਨ। ਜਦੋਂ ਅਸੀਂ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਬਣੀ ਫੁਲਕਾਰੀ ਦਿਖਾਈ ਤਾਂ ਉਨ੍ਹਾਂ ਨੇ ਇਹ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋਏ। ਜਿਸ ਤੋਂ ਬਾਅਦ ਅਸੀਂ ਆਪਣੇ ਹੱਥਾਂ ਨਾਲ ਟੈਬ ਦੇ ਲਈ ਫੁਲਕਾਰੀ ਵਾਲਾ ਕਵਰ ਤਿਆਰ ਕੀਤਾ। ਇਸ ਫੁਲਕਾਰੀ 'ਤੇ ਪੰਜਾਬ ਸਰਕਾਰ ਦਾ ਲੋਗੋ ਬਣਾਇਆ ਗਿਆ ਹੈ।
ਵਿਧਾਨਸਭਾ 'ਚ ਫੁਲਕਾਰੀ ਮਾਣ ਵਾਲੀ ਗੱਲ
ਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ। ਕਿ ਪੰਜਾਬ ਦੇ ਵਿੱਤ ਮੰਤਰੀ ਉਨ੍ਹਾਂ ਵੱਲੋਂ ਤਿਆਰ ਕੀਤੀ ਫੁਲਕਾਰੀ ਨਾਲ ਢੱਕੀ ਟੈਬ ਲੈ ਕੇ ਵਿਧਾਨ ਸਭਾ ਵਿੱਚ ਪੁੱਜੇ। ਜਦੋਂ ਪੂਰੇ ਦੇਸ਼ ਨੇ ਇਸ ਤਸਵੀਰ ਨੂੰ ਦੇਖਿਆ, ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਮਨਦੀਪ ਕੌਰ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਉਨ੍ਹਾਂ ਨੇ ਲੜਕੀਆਂ ਨੂੰ ਫੁਲਕਾਰੀ ਸਿਖਾਉਣ ਅਤੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਜਿਸ ਵਿੱਚ ਉਨ੍ਹਾਂ ਨੂੰ ਨਾਬਾਰਡ ਅਤੇ ਪੰਜਾਬ ਸਰਕਾਰ ਵੱਲੋਂ ਵੀ ਮਦਦ ਮਿਲੀ ਹੈ।
ਸੱਭਿਆਚਾਰ ਨੂੰ ਬਚਾਉਣ ਦਾ ਉਪਰਾਲਾ
ਦਿੜ੍ਹਬਾ ਦੀ ਮਨਦੀਪ ਕੌਰ ਰੁਜ਼ਗਾਰ ਦੇ ਨਾਲ-ਨਾਲ ਸੱਭਿਆਚਾਰ ਨੂੰ ਬਚਾਉਣ ਦਾ ਵੀ ਉਪਰਾਲਾ ਕਰ ਰਹੀ ਹੈ। ਇਸ ਵੇਲੇ ਉਸ ਦੇ ਨਾਲ 370 ਲੜਕੀਆਂ ਫੁਲਕਾਰੀ ਦੇ ਕਾਰੋਬਾਰ ਨਾਲ ਜੁੜੀਆਂ ਹੋਈਆਂ ਹਨ। ਜਿਨ੍ਹਾਂ ਵਿੱਚੋਂ ਕੁੱਝ ਉਸ ਦੇ ਪਿੰਡਾਂ ਦੀਆਂ ਹਨ ਜਦੋ ਕਿ ਬਾਕੀ ਗੁਆਂਢੀ ਪਿੰਡਾਂ ਨਾਲ ਸਬੰਧ ਰੱਖਦੀਆਂ ਹਨ। ਉਹ ਹਰ ਮਹੀਨੇ 6000 ਤੋਂ 10,000 ਤੱਕ ਦੀ ਆਮਦਨ ਫੁਲਕਾਰੀ ਤੋਂ ਪ੍ਰਾਪਕ ਕਰ ਰਹੀਆਂ ਹਨ। ਮਨਦੀਪ ਕੌਰ ਆਪਣੇ ਪੰਜਾਬ ਦੀ ਸਭਿਅਤਾ ਦਾ ਸਭ ਤੋਂ ਵੱਡਾ ਪ੍ਰਤੀਕ ਦੇਸ਼-ਵਿਦੇਸ਼ ਵਿੱਚ ਭੇਜ ਰਹੀ ਹੈ।
ਫੁਲਕਾਰੀ ਹੁੰਦੀ ਕੀ ਹੈ
ਫੁਲਕਾਰੀ ਇੱਕ ਤਰ੍ਹਾਂ ਦੀ ਕਢਾਈ ਹੁੰਦੀ ਹੈ ਜੋ ਚੁੰਨੀਆਂ/ਦੁਪੱਟਿਆਂ ਉੱਤੇ ਹੱਥਾਂ ਰਾਹੀਂ ਕੀਤੀ ਜਾਂਦੀ ਹੈ। ਫੁਲਕਾਰੀ ਸ਼ਬਦ "ਫੁੱਲ" ਅਤੇ "ਕਾਰੀ" ਤੋਂ ਬਣਿਆ ਹੈ ਜਿਸਦਾ ਮਤਲਬ ਫੁੱਲਾਂ ਦੀ ਕਾਰੀਗਰੀ। ਪਹਿਲੋਂ ਪਹਿਲ ਇਹ ਸ਼ਬਦ ਹਰ ਤਰ੍ਹਾਂ ਦੀ ਬੁਣਾਈ / ਕਢਾਈ ਲਈ ਵਰਤਿਆ ਜਾਂਦਾ ਸੀ, ਪਰ ਬਾਅਦ ਵਿੱਚ ਇਹ ਸ਼ਾਲਾਂ ਅਤੇ ਸਿਰ ਤੇ ਲੈਣ ਵਾਲੀਆਂ ਚਾਦਰਾਂ ਲਈ ਰਾਖਵਾਂ ਹੋ ਗਿਆ। ਪੰਜਾਬੀ ਲੋਕ ਸ਼ਿਲਪ ਕਲਾ ਦੀਆਂ ਵਿਭਿੰਨ ਵੰਨਗੀਆਂ ਵਿੱਚ ਫੁਲਕਾਰੀ ਕਲਾ ਦਾ ਅਹਿਮ ਸਥਾਨ ਹੈ। ਫੁਲਕਾਰੀ ਪੰਜਾਬਣ ਦਾ ਕੱਜਣ ਹੈ ਜੋ ਉਸ ਦੇ ਮਨ ਦੇ ਵਲਵਲਿਆਂ, ਰੀਝਾਂ ਅਤੇ ਸਿਰਜਣਸ਼ਕਤੀ ਦਾ ਪ੍ਰਤੀਕ ਰਹੀ ਹੈ।