PM in Loksabha: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ 'ਤੇ ਧੰਨਵਾਦ ਮਤੇ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ 'ਤੇ ਤਿੱਖਾ ਨਿਸ਼ਾਨਾ ਸਾਧਿਆ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰਵਾਦ, ਸਾਬਕਾ ਪੀਐਮ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਲੋਕ ਸਭਾ ਚੋਣਾਂ ਸਮੇਤ ਕਈ ਮੁੱਦਿਆਂ ਦਾ ਜ਼ਿਕਰ ਕੀਤਾ।


COMMERCIAL BREAK
SCROLL TO CONTINUE READING

ਪੀਐਮ ਮੋਦੀ ਨੇ ਕਿਹਾ ਕਿ ਵਿਰੋਧੀ ਨੇਤਾਵਾਂ ਨੂੰ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਯਕੀਨ ਹੋ ਗਿਆ, ਕਿ ਉਨ੍ਹਾਂ ਨੇ ਲੰਬੇ ਸਮੇਂ ਤੱਕ ਉੱਥੇ (ਵਿਰੋਧੀ) ਬੈਠਣ ਦਾ ਸੰਕਲਪ ਲਿਆ ਹੈ। ਕਈ ਲੋਕ ਚੋਣ ਲੜਨ ਦੀ ਹਿੰਮਤ ਹਾਰ ਚੁੱਕੇ ਹਨ, ਕਈਆਂ ਨੇ ਪਿਛਲੀ ਵਾਰ ਸੀਟਾਂ ਬਦਲੀਆਂ ਸਨ ਅਤੇ ਇਸ ਵਾਰ ਵੀ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ।


ਉਨ੍ਹਾਂ ਨੇ ਲੋਕ ਸਭਾ 'ਚ ਕਿਹਾ, ''ਹਰ ਵਾਰ ਦੀ ਤਰ੍ਹਾਂ ਤੁਸੀਂ (ਵਿਰੋਧੀ ਧਿਰ) ਲੋਕਾਂ ਨੂੰ ਨਿਰਾਸ਼ ਕੀਤਾ ਹੈ। ਆਗੂ ਤਾਂ ਬਦਲ ਗਏ ਹਨ, ਪਰ ਉਹ ਉਹੀ ਪੁਰਾਣੀਆਂ ਗੱਲਾਂ ਕਰਦੇ ਰਹਿੰਦੇ ਹਨ। ਚੋਣਵੀਂ ਸਾਲ ਸੀ ਤਾਂ ਕੁੱਝ ਸਖ਼ਤ ਮਿਹਨਤ ਕਰਦੇ, ਕੁੱਝ ਨਵਾਂ ਕਰਦੇ । ਵਿਰੋਧੀ ਧਿਰ ਦੀ ਇਸ ਹਾਲਤ ਲਈ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ।


ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਵਿਰੋਧੀ ਧਿਰ ਨੂੰ ਅੱਗੇ ਨਹੀਂ ਵਧਣ ਦਿੱਤਾ। ਵਿਰੋਧੀ ਧਿਰ ਨੇ ਸੰਸਦ ਨੂੰ ਕੰਮ ਕਰਨ ਨਹੀਂ ਦਿੱਤਾ। ਅਜਿਹਾ ਕਰਕੇ ਵਿਰੋਧੀ ਧਿਰ ਨੇ ਸੰਸਦ ਅਤੇ ਦੇਸ਼ ਦਾ ਨੁਕਸਾਨ ਕੀਤਾ ਹੈ। ਇਸ ਸਮੇਂ ਦੇਸ਼ ਨੂੰ ਸਿਹਤਮੰਦ ਅਤੇ ਚੰਗੇ ਵਿਰੋਧੀ ਧਿਰ ਦੀ ਲੋੜ ਹੈ।


ਪੀਐਮ ਮੋਦੀ ਨੇ ਵਿਅੰਗ ਕਰਦਿਆਂ ਕਿਹਾ ਕਿ ਅਸੀਂ ਅਧੀਰ ਬਾਬੂ ਦੀ ਹਾਲਤ ਦੇਖ ਰਹੇ ਹਾਂ, ਪਰ ਪਰਿਵਾਰ ਦੀ ਸੇਵਾ ਕਰਨੀ ਪੈਂਦੀ ਹੈ। ਮਲਿਕਾਰਜੁਨ ਖੜਗੇ ਇਸ ਸਦਨ ਤੋਂ ਉਸ ਸਦਨ ਵਿਚ ਸ਼ਿਫਟ ਹੋ ਗਏ। ਗੁਲਾਮ ਨਬੀ ਆਜ਼ਾਦ ਪਾਰਟੀ ਤੋਂ ਹੀ ਬਦਲ ਗਏ ਹਨ।


ਰਾਹੁਲ ਗਾਂਧੀ ਦਾ ਨਾਮ ਲਏ ਬਿਨਾਂ ਪੀਐਮ ਮੋਦੀ ਨੇ ਸਦਨ ਵਿੱਚ ਕਿਹਾ ਕਿ ਇੱਕ ਹੀ ਉਤਪਾਦ ਨੂੰ ਵਾਰ-ਵਾਰ ਲਾਂਚ ਕਰਨ ਕਾਰਨ ਕਾਂਗਰਸ ਦੀ ਦੁਕਾਨ ਨੂੰ ਤਾਲਾ ਲੱਗਣ ਦੀ ਕਗਾਰ 'ਤੇ ਹੈ। ਅਜਿਹਾ ਸਿਰਫ ਪਰਿਵਾਰਵਾਦ ਕਾਰਨ ਹੀ ਹੋ ਰਿਹਾ ਹੈ। ਕਾਂਗਰਸ ਇੱਕ ਪਰਿਵਾਰ ਵਿੱਚ ਉਲਝੀ ਹੋਈ ਹੈ।


ਇਸ ਦੌਰਾਨ ਜਦੋਂ ਵਿਰੋਧੀ ਪਾਰਟੀਆਂ ਨੇ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਦਾ ਨਾਂਅ ਲਿਆ ਤਾਂ ਪੀਐਮ ਮੋਦੀ ਨੇ ਕਿਹਾ ਕਿ ਜੇਕਰ ਇੱਕ ਪਰਿਵਾਰ ਦੇ ਇੱਕ ਤੋਂ ਵੱਧ ਵਿਅਕਤੀ ਆਪਣੇ ਬਲ ਅਤੇ ਜਨਤਾ ਦੇ ਸਮਰਥਨ ਨਾਲ ਸਿਆਸੀ ਖੇਤਰ ਵਿੱਚ ਤਰੱਕੀ ਕਰਦੇ ਹਨ ਤਾਂ ਅਸੀਂ ਇਸ ਨੂੰ ਪਰਿਵਾਰਵਾਦ ਨਹੀਂ ਕਹਿੰਦੇ।  ਅਸੀਂ ਇਸ ਨੂੰ ਪਰਿਵਾਰਵਾਦ ਕਹਿੰਦੇ ਹਾਂ ਜਦੋਂ ਪਰਿਵਾਰ ਪਾਰਟੀ ਚਲਾਉਂਦਾ ਹੈ, ਪਰਿਵਾਰ ਦੇ ਮੈਂਬਰਾਂ ਨੂੰ ਪਹਿਲ ਦਿੰਦਾ ਹੈ ਅਤੇ ਸਾਰੇ ਫੈਸਲੇ ਪਰਿਵਾਰ ਦੇ ਮੈਂਬਰ ਹੀ ਲੈਂਦੇ ਹਨ। ਇਹ ਪਰਿਵਾਰਵਾਦ ਹੈ।