Ferozepur News: PM ਮੋਦੀ ਫ਼ਿਰੋਜ਼ਪੁਰ ਦੇ ਪੀਜੀਆਈ ਸੈਟੇਲਾਈਟ ਦਾ ਨੀਂਹ ਪੱਥਰ ਰੱਖਣਗੇ
Ferozepur News: ਦੋ ਸਾਲ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਇਸਦਾ ਨੀਂਹ ਪੱਥਰ ਰੱਖਣ ਲਈ ਪੰਜਾਬ ਆਏ ਸਨ ਪਰ ਕਿਸਾਨਾਂ ਨੇ ਉਨ੍ਹਾਂ ਦਾ ਰਾਹ ਰੋਕ ਦਿੱਤਾ ਸੀ ਜਿਸ ਕਾਰਨ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ ਸੀ
Ferozepur News: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫਿਰੋਜ਼ਪੁਰ ਦੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਗੇ। 25 ਫਰਵਰੀ ਨੂੰ PM ਮੋਦੀ ਫਿਰੋਜ਼ਪੁਰ ਦੇ ਪੀ.ਜੀ.ਆਈ ਸੈਟੇਲਾਈਟ ਸੈਂਟਰ ਦਾ ਵਰਚੁਅਲ ਢੰਗ ਨਾਲ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਕੋਟ ਚ ਹੋ ਰਹੇ ਇੱਕ ਸਮਾਗਮ ਦੌਰਾਨ ਇਸ ਦਾ ਨੀਂਹ ਪੱਥਰ ਰੱਖਣਗੇ। ਪੀਜੀਆਈ ਦੇ ਇਸ ਸੈਂਟਰ ਬਣਨ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਕਾਫੀ ਜਿਆਦਾ ਸਹੁਲਤ ਮਿਲੇਗੀ।
ਦੋ ਸਾਲ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਇਸਦਾ ਨੀਂਹ ਪੱਥਰ ਰੱਖਣ ਲਈ ਪੰਜਾਬ ਆਏ ਸਨ ਪਰ ਕਿਸਾਨਾਂ ਨੇ ਉਨ੍ਹਾਂ ਦਾ ਰਾਹ ਰੋਕ ਦਿੱਤਾ ਸੀ ਜਿਸ ਕਾਰਨ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ ਸੀ। ਇਸ ਘਟਨਾ ਕਾਰਨ ਫਿਰੋਜ਼ਪੁਰ ਨੂੰ ਦੋ ਸਾਲ ਤੱਕ ਸੈਟੈਲਾਈਟ ਸੈਂਟਰ ਤੋਂ ਵਾਂਝਾ ਰਹਿਣਾ ਪਿਆ ਹੈ। ਬਾਅਦ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਦੀ ਯੋਜਨਾ ਬਣਾਈ ਸੀ, ਜਿਸ ਨੂੰ 2013 ਵਿੱਚ ਮਨਜ਼ੂਰੀ ਦਿੱਤੀ ਗਈ ਸੀ, ਹਾਲਾਂਕਿ, ਦੋ ਵਾਰ ਉਨ੍ਹਾਂ ਦਾ ਦੌਰਾ ਕਿਸੇ ਨਾ ਕਿਸੇ ਕਾਰਨ ਕਰਕੇ ਰੱਦ ਕਰਨਾ ਪਿਆ ਸੀ।
ਜ਼ਿਕਰਯੋਗ ਹੈ ਕਿ ਸਾਲ 2013 ਵਿੱਚ ਯੂਪੀਏ ਸਰਕਾਰ ਨੇ ਪੰਜਾਬ ਵਿੱਚ ਫਿਰੋਜ਼ਪੁਰ ਅਤੇ ਸੰਗਰੂਰ ਵਿੱਚ ਪੀਜੀਆਈ ਦੇ ਸੈਟੇਲਾਈਟ ਸੈਂਟਰ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਫਿਰੋਜ਼ਪੁਰ ਵਿੱਚ ਜ਼ਮੀਨ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਵਿੱਚ ਵਿਵਾਦ ਪੈਦਾ ਹੋ ਗਿਆ ਸੀ। ਸਾਲ 2014 ਵਿੱਚ ਕੇਂਦਰ ਵਿੱਚ ਐਨਡੀਏ ਦੀ ਸਰਕਾਰ ਆਉਣ ਤੋਂ ਬਾਅਦ ਕੇਂਦਰ ਨੇ ਖ਼ੁਦ ਇਸ ਲਈ ਗਰਾਂਟ ਜਾਰੀ ਕੀਤੀ ਸੀ। ਭਾਜਪਾ ਚਾਹੁੰਦੀ ਸੀ ਕਿ ਇਸ ਨੂੰ ਆਈ.ਟੀ.ਆਈ ਦੀ ਜਗ੍ਹਾ 'ਤੇ ਬਣਾਇਆ ਜਾਵੇ ਤਾਂ ਜੋ ਸ਼ਹਿਰ 'ਚ ਕਾਰੋਬਾਰ ਦੇ ਸਾਧਨ ਵਧੇ-ਫੁੱਲ ਸਕਣ ਅਤੇ ਲੋਕ ਵੀ ਆਸਾਨੀ ਨਾਲ ਇੱਥੇ ਆ ਸਕਣ। ਪਰ ਕਾਂਗਰਸੀ ਨੇ ਇਸ ਦੇ ਇੱਥੇ ਨਾ ਬਣਾਏ ਜਾਣ ਦਾ ਵਿਰੋਧ ਨਹੀਂ ਕੀਤਾ ਸੀ।
ਉਸ ਸਮੇਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਆਈ.ਟੀ.ਆਈ ਅਤੇ ਹੋਰ ਜ਼ਮੀਨ ਪੀ.ਜੀ.ਆਈ ਦੇ ਨਾਂ ਤਬਦੀਲ ਕਰ ਦਿੱਤੀ ਸੀ ਪਰ ਕਾਂਗਰਸ ਦੇ ਵਿਰੋਧ ਤੋਂ ਬਾਅਦ 2017 ਵਿਚ ਪੰਜਾਬ ਵਿੱਚ ਇਸ ਨੂੰ ਮੋਗਾ ਰੋਡ 'ਤੇ ਬਣਾਉਣ ਦਾ ਫੈਸਲਾ ਲਿਆ ਗਿਆ | ਇਸ ਦੇ ਨਿਰਮਾਣ ਲਈ 490 ਕਰੋੜ ਰੁਪਏ ਜਾਰੀ ਕਰਨ ਤੋਂ ਇਲਾਵਾ ਮੋਦੀ ਸਰਕਾਰ ਨੇ 200 ਬਿਸਤਰਿਆਂ ਤੋਂ 400 ਬਿਸਤਰਿਆਂ ਦਾ ਹਸਪਤਾਲ ਬਣਾਉਣ ਦੀ ਮਨਜ਼ੂਰੀ ਦਿੱਤੀ। ਇਸ ਦੀ ਚਾਰ ਦੀਵਾਰੀ ਦੇ ਟੈਂਡਰ ਹੋਣ ਤੋਂ ਬਾਅਦ ਅਕਤੂਬਰ 2020 ਵਿੱਚ ਇਸ ਦਾ ਕੰਮ ਸ਼ੁਰੂ ਕੀਤਾ ਗਿਆ ਸੀ।