Jagjit Singh Dallewal: ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਕਾਰ ਹੋਈ ਮੀਟਿੰਗ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਰਿਹਾਈ ਨੂੰ ਲੈ ਕੇ ਸਹਿਮਤੀ ਬਣ ਗਈ ਹੈ, ਉਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨ ਆਗੂ ਨੂੰ ਤੁਰੰਤ ਹਸਪਤਾਲ ਵਿੱਚੋਂ ਡਿਸਚਾਰਜ ਕਰਨ ਦੇ ਹੁਕਮ ਦੇ ਦਿੱਤੇ। ਦੱਸ ਦਈਏ ਕਿ ਪੰਜਾਬ ਭਰ ਦੇ ਕਿਸਾਨਾਂ ਵਿੱਚ ਡੱਲੇਵਾਲ ਦੀ ਪੁਲਿਸ ਹਿਰਾਸਤ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਸੀ ਅਤੇ ਕਿਸਾਨਾਂ ਵੱਲੋਂ ਇੱਕ ਹੋਰ ਕਿਸਾਨ ਸੁਖਜੀਤ ਸਿੰਘ ਹਰਦੋਵਾਲ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ।


COMMERCIAL BREAK
SCROLL TO CONTINUE READING

ਦੱਸ ਦਈਏ ਕਿ ਪੰਜਾਬ ਪੁਲਿਸ ਨੇ 26 ਨਵੰਬਰ ਤੜਕਸਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਉਦੋਂ ਚੱਕ ਲਿਆ ਸੀ, ਜਦੋਂ ਸਵੇਰੇ ਉਨ੍ਹਾਂ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਉਪਰ ਬੈਠਣਾ ਸੀ, ਪਰ ਪੁਲਿਸ ਨੇ ਪਹਿਲਾਂ ਹੀ ਚੁੱਕ ਲਿਆ ਸੀ। ਹੁਣ ਕਿਸਾਨ ਆਗੂ ਨੂੰ ਪੁਲਿਸ ਨੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਦਾਖਲ ਕਰਵਾਇਆ ਹੋਇਆ ਹੈ, ਜਿਥੇ ਪੁਲਿਸ ਦੀ ਤਿੰਨ ਪੱਧਰੀ ਹਿਰਾਸਤ ਹੇਠ ਕਿਸਾਨ ਆਗੂ ਵੱਲੋਂ ਮਰਨ ਵਰਤ ਰੱਖਿਆ ਹੋਇਆ ਹੈ ਅਤੇ ਪੁਲਿਸ ਵੱਲੋਂ ਉਸ ਨਾਲ ਕਿਸੇ ਨੂੰ ਵੀ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਸੀ।


ਕਿਸਾਨ ਆਗੂਆਂ ਨੇ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਹੁਣ ਕਿਸਾਨ ਆਗੂ ਡੱਲੇਵਾਲ ਨੂੰ ਲੁਧਿਆਣਾ ਤੋਂ ਖਨੌਰੀ ਬਾਰਡਰ 'ਤੇ ਲੈ ਕੇ ਜਾਣ ਲੱਗੇ ਹਨ।


ਇਸ ਦੌਰਾਨ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜੋ ਡੱਲੇਵਾਲ ਦੀ ਸਿਹਤ ਖਰਾਬ ਹੋਣ ਬਾਰੇ ਕਿਹਾ ਜਾ ਰਿਹਾ ਹੈ, ਅਜਿਹੀ ਕੋਈ ਗੱਲ ਨਹੀਂ ਹੈ। ਇਸ ਲਈ ਕਿਸਾਨ ਆਗੂ ਦੀ ਇਹ ਰਿਹਾਈ ਕਿਸਾਨਾਂ ਅਤੇ ਲੋਕਾਂ ਦੇ ਦਬਾਅ ਅੱਗੇ ਸਰਕਾਰ ਝੁਕੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਐਲਾਨ ਕੀਤੇ ਗਏ ਹਨ ਜਿਉਂ ਦੇ ਤਿਉਂ ਕਾਇਮ ਹਨ ਅਤੇ 6 ਦਸੰਬਰ ਨੂੰ ਦਿੱਲੀ ਕੂਚ ਕੀਤਾ ਜਾਵੇਗਾ।


ਉਨ੍ਹਾਂ ਕਿਹਾ ਕਿ ਕਿਹਾ ਕਿ ਬੀਤੇ ਦਿਨ ਮੁੱਖ ਮੰਤਰੀ ਦੇ ਘਿਰਾਓ ਦੇ ਐਲਾਨ ਬਾਰੇ ਉਹ ਜਗਜੀਤ ਸਿੰਘ ਡੱਲੇਵਾਲ ਦੇ ਖਨੌਰੀ ਬਾਰਡਰ 'ਤੇ ਮੋਰਚੇ ਵਿੱਚ ਆਉਣ ਤੋਂ ਬਾਅਦ ਹੀ ਕੋਈ ਵਿਚਾਰ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਰਿਹਾਈ ਸਿਰਫ਼ ਤੇ ਸਿਰਫ਼ ਸੀਐਮ ਦੀ ਰਿਹਾਇਸ਼ ਦੇ ਘਿਰਾਓ ਦੇ ਡਰ ਨੂੰ ਲੈ ਕੇ ਸਰਕਾਰ ਦਾ ਝੁਕਾਅ ਹੋਇਆ ਹੈ।