ਚੰਡੀਗੜ੍ਹ: ਪੰਜਾਬੀ ਗਾਇਕ ਜੀ ਖ਼ਾਨ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ, ਦਰਅਸਲ ਗਾਇਕ ਜੀ ਖ਼ਾਨ ਨੂੰ ਗਣਪਤੀ ਵਿਸਰਜਨ ਮੌਕੇ ਲੁਧਿਆਣਾ ਦੇ ਮੁਹੱਲਾ ਜਨਕਪੁਰੀ ’ਚ ਬਾਬਾ ਗਣਪਤੀ ਸੇਵਾ ਸੰਘ ਦੇ ਪ੍ਰਬੰਧਕਾਂ ਦੁਆਰਾ ਸਮਾਗਮ ’ਚ ਬੁਲਾਇਆ ਗਿਆ ਸੀ।


COMMERCIAL BREAK
SCROLL TO CONTINUE READING


ਇਸ ਸਮਾਗਮ ਦੌਰਾਨ ਗਾਇਕ ਜੀ ਖ਼ਾਨ (G Khan) ਨੇ ਪੰਜਾਬੀ ਗੀਤ 'ਪੈੱਗ ਮੋਟੇ ਮੋਟੇ ਲਾ ਕੇ ਹਾਣ ਦੀਏ, ਤੇਰੇ ਵਿੱਚ ਵੱਜਣ ਨੂੰ ਜੀਅ ਕਰਦਾ' (Peg Mote Mote) ਅਤੇ 'ਚੋਲੀ ਕੇ ਪਿੱਛੇ ਕਿਯਾ ਹੈ' ਆਦਿ ਗਾਏ।



ਇਨ੍ਹਾਂ ਗੀਤਾਂ ਦੇ ਵਿਰੋਧ ’ਚ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੇ ਲੁਧਿਆਣਾ ਦੇ ਥਾਣਾ ਡਵੀਜ਼ਨ ਨੰ. 2 ’ਚ ਸ਼ਿਕਾਇਤ ਦਰਜ ਕਰਵਾਈ ਹੈ। ਅਮਿਤ ਅਰੋੜਾ ਨੇ ਕਿਹਾ ਕਿ ਗਾਇਕ ਜੀ ਖਾਨ ਨੇ ਜਨਕਪੁਰੀ ਵਿੱਚ ਹੋਏ ਗਣਪਤੀ ਸਮਾਗਮ ਵਿੱਚ ਅਸ਼ਲੀਲ ਗੀਤ ਗਾ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਧਾਰਮਿਕ ਸਮਾਗਮ ’ਚ ਅਜਿਹੇ ਗੀਤ ਗਾਉਣਾ ਬਹੁਤ ਨਿੰਦਣਯੋਗ ਹੈ।



ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਤਾਂ ਸ਼ਿਨ ਸੈਨਾ ਦੇਵੇਗੀ ਧਰਨਾ
ਅਮਿਤ ਅਰੋੜਾ ਨੇ ਕਿਹਾ ਕਿ ਇਹ ਸਮਾਰੋਹ ਭਾਜਪਾ ਆਗੂ ਹਨੀ ਬੇਦੀ ਵਲੋਂ ਕਰਵਾਇਆ ਗਿਆ। ਭਾਜਪਾ ਹਮੇਸ਼ਾ ਹਿੰਦੂਤਵ ਦੀ ਗੱਲ ਕਰਦੀ ਹੈ, ਹੁਣ ਭਾਜਪਾ ਦੇ ਸੂਬਾ ਪੱਧਰ ਦੇ ਆਗੂਆਂ ਨੂੰ ਇਹ ਕਿਉਂ ਨਜ਼ਰ ਨਹੀਂ ਆ ਰਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਆਗੂ ਧਾਰਮਿਕ ਸਮਾਗਮ ’ਚ ਅਸ਼ਲੀਲ ਗੀਤ ਗਵਾ ਰਿਹਾ ਹੈ। 


 



ਅਮਿਤ ਅਰੋੜਾ ਨੇ ਕਿਹਾ ਕਿ ਜੇਕਰ ਸੋਮਵਾਰ ਤੱਕ ਜੀ ਖ਼ਾਨ ਅਤੇ ਹਨੀ ਬੇਦੀ ’ਤੇ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਸ਼ਿਵ ਸੈਨਾ ਥਾਣੇ ਦੇ ਬਾਹਰ ਧਰਨਾ ਦੇਣ ਲਈ ਮਜ਼ਬੂਰ ਹੋਵੇਗੀ, ਜਿਸਦੀ ਜ਼ਿੰਮੇਵਾਰ ਪੰਜਾਬ ਪੁਲਿਸ ਹੋਵੇਗੀ। 



ਸਮਾਗਮ ਦੇ ਪ੍ਰਬੰਧਕ ਹਨੀ ਬੇਦੀ ਨੇ ਦਿੱਤਾ ਸਪੱਸ਼ਟੀਕਰਣ
ਉੱਧਰ ਇਸ ਮਾਮਲੇ ’ਤੇ ਸਪੱਸ਼ਟੀਕਰਣ ਦਿੰਦਿਆ ਸਮਾਗਮ ਦੇ ਪ੍ਰਬੰਧਕ ਹਨੀ ਬੇਦੀ ਨੇ ਕਿਹਾ ਕਿ ਉਹ ਅੱਜ ਕੋਈ ਨਵਾਂ ਪ੍ਰੋਗਰਾਮ ਨਹੀਂ ਕਰਵਾ ਰਹੇ। ਪਿਛਲੇ 10 ਸਾਲਾਂ ਤੋਂ ਇਸ ਤਰ੍ਹਾਂ ਹੀ ਗਾਇਕ ਆਉਂਦੇ ਹਨ, ਭਜਨ ਅਤੇ ਗੀਤ ਦੋਵੇਂ ਹੀ ਗਾਏ ਜਾਂਦੇ ਹਨ। ਬਿਨਾ ਗੱਲ ਤੋਂ ਬਾਤ ਦਾ ਬਤੰਗੜ ਬਣਾਇਆ ਜਾ ਰਿਹਾ ਹੈ, ਜਦਕਿ ਅਜਿਹਾ ਕੁਝ ਗਲਤ ਨਹੀਂ ਹੋਇਆ। ਕੁਝ ਸ਼ਰਾਰਤੀ ਲੋਕ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।