ਗੀਤ ਰਾਹੀਂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਇਕ ਕੁਲਜੀਤ ਸਿੰਘ ਰਾਜੇਆਣਾ ’ਤੇ ਮਾਮਲਾ ਦਰਜ
ਗਾਇਕ ਕੁਲਜੀਤ ਸਿੰਘ ਆਪਣੇ ਗਾਣੇ `ਮਹਾਕਾਲ` ਵਿਚ ਹਥਿਆਰਾਂ ਨੂੰ ਪ੍ਰਮੋਟ ਕਰਦਾ ਨਜ਼ਰ ਆਇਆ ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਹੋਇਆ ਬਾਘਾ ਪੁਰਾਣਾ ਪੁਲਸ ਨੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਨਵਦੀਪ ਮਹੇਸਰੀ / ਮੋਗਾ: ਪੰਜਾਬ ਸਰਕਾਰ ਵੱਲੋਂ ਜਿਥੇ ਗੰਨ ਕਲਚਰ ਖ਼ਤਮ ਕਰਨ ਦੀ ਗੱਲ ਆਖੀ ਜਾ ਰਹੀ ਹੈ ਉਥੇ ਦੂਸਰੇ ਪਾਸੇ ਸੋਸ਼ਲ ਮੀਡੀਆ ਅਤੇ ਜਨਤਕ ਥਾਵਾਂ ’ਤੇ ਹਥਿਆਰਾਂ ਦੀ ਨੁਮਾਇਸ਼ ਅਤੇ ਆਪਣੇ ਗੀਤਾਂ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਖਿਲਾਫ ਵੀ ਪੰਜਾਬ ਪੁਲਿਸ ਧੜਾ ਧੜ ਪਰਚੇ ਦਰਜ ਕਰ ਰਹੀ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਕਿ 72 ਘੰਟਿਆਂ ਦੇ ਵਿੱਚ-ਵਿੱਚ ਸੋਸਲ ਮੀਡੀਆ ਤੋਂ ਹਥਿਆਰਾਂ ਵਾਲੀ ਫੋਟੋ ਡਿਲੀਟ ਕਰ ਦਿੱਤੀ ਜਾਵੇ।
ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੋਗਾ ਦੇ ਪਿੰਡ ਰਾਜਿਆਣਾ ਤੋਂ ਜਿੱਥੇ ਕੁਲਜੀਤ ਸਿੰਘ ਨਾਮ ਦੇ ਇੱਕ ਗਾਇਕ ਵੱਲੋਂ ਆਪਣੇ ਗਾਣੇ "ਮਹਾਕਾਲ" ਵਿਚ ਹਥਿਆਰਾਂ ਨੂੰ ਪ੍ਰਮੋਟ ਕਰਦਾ ਨਜ਼ਰ ਆਇਆ ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਹੋਇਆ ਬਾਘਾ ਪੁਰਾਣਾ ਪੁਲਸ ਨੇ ਗਾਇਕ ਕੁਲਜੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਗਾਇਕ ਕੁਲਜੀਤ ਸਿੰਘ ਦਾ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ ।
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਬਾਘਾਪੁਰਾਣਾ ਜਤਿੰਦਰ ਸਿੰਘ ਨੇ ਦੱਸਿਆ ਕਿ ਮਾਣਯੋਗ ਡੀ ਜੀ ਪੀ, ਪੰਜਾਬ ਅਤੇ ਐਸ. ਐਸ. ਪੀ. ਮੋਗਾ ਗੁਰਲੀਨ ਸਿੰਘ ਖੁਰਾਨਾ ਦੀਆਂ ਹਦਾਇਤਾਂ ’ਤੇ ਕਾਰਵਾਈ ਕਰਦੇ ਹੋਏ ਬੀਤੀ ਦੇਰ ਰਾਤ ਕੁਲਜੀਤ ਸਿੰਘ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਨੂੰ ਲੈ ਕੇ ਪਰਚਾ ਦਰਜ ਕੀਤਾ ਗਿਆ ਹੈ।
ਗਾਇਕ ਕੁਲਜੀਤ ਸਿੰਘ ਵੱਲੋਂ 16 ਘੰਟੇ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਗਾਣਾ ਪੋਸਟ ਕੀਤਾ ਗਿਆ ਹੈ ਜਿਸ ਦਾ ਟਾਈਟਲ 'ਮਹਾਂਕਾਲ' ਹੈ ਅਤੇ ਉਸ ਵਿਚ ਹਥਿਆਰਾਂ ਬਾਰੇ ਗੱਲ ਕੀਤੀ ਗਈ ਹੈ ।