ਚੰਡੀਗੜ੍ਹ: ਪੰਜਾਬ ਦੀ ਭਗਵੰਤ ਮਾਨ ਸਰਕਾਰ ਮੁਫ਼ਤ ਬਿਜਲੀ ਦੇ ਮਾਮਲੇ ’ਤੇ ਬੁਰੀ ਤਰ੍ਹਾਂ ਘਿਰਦੀ ਨਜ਼ਰ ਆ ਰਹੀ ਹੈ। ਵਿਰੋਧੀ ਧਿਰਾਂ ਅਕਾਲੀ ਅਤੇ ਕਾਂਗਰਸ ਦੇ ਲੀਡਰਾਂ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਾਬੜ ਤੋੜ ਹਮਲੇ ਜਾਰੀ ਹਨ। ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨਵੀਆਂ ਸ਼ਰਤਾਂ ਤੋਂ ਬਾਅਦ 80 ਫ਼ੀਸਦ ਉਪਭੋਗਤਾ ਤਾਂ ਮੁਫ਼ਤ ਬਿਜਲੀ ਦੀ ਸਹੂਲਤ ਤੋਂ ਵਾਂਝੇ ਹੋ ਗਏ ਹਨ। ਅਸਲ ’ਚ ਮਾਨ ਸਰਕਾਰ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਡਾ. ਚੀਮਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਮੁਫ਼ਤ ਬਿਜਲੀ ਯੋਜਨਾ ਨਾਲ 51 ਲੱਖ ਪਰਿਵਾਰਾਂ ਨੂੰ ਫ਼ਾਇਦਾ ਪਹੁੰਚੇਗਾ। ਪਰ ਪਾਵਰਕੌਮ ਦੇ ਨਵੇਂ ਨੋਟੀਫ਼ਿਕੇਸ਼ਨ ਤੋਂ ਬਾਅਦ ਮੁੱਖ ਮੰਤਰੀ ਦੇ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। 


COMMERCIAL BREAK
SCROLL TO CONTINUE READING


ਮੁਫ਼ਤ ਬਿਜਲੀ ਮਿਲੇ ਨਾ ਮਿਲੇ ਪਰ ਨਵਾਂ ਘੋਸ਼ਣਾ-ਪੱਤਰ ਜ਼ਰੂਰ ਮਿਲਿਆ: ਪ੍ਰਤਾਪ ਸਿੰਘ ਬਾਜਵਾ
ਉੱਧਰ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਨਵੇਂ ਨੋਟੀਫ਼ਿਕੇਸ਼ਨ ਤੋਂ ਬਾਅਦ ਪੰਜਾਬ ਦੇ ਕੁਝ ਪਰਿਵਾਰਾਂ ਨੂੰ ਹੀ ਮੁਫ਼ਤ ਬਿਜਲੀ ਯੋਜਨਾ ਦਾ ਲਾਭ ਪਹੁੰਚੇਗਾ। ਉਨ੍ਹਾਂ ਆਪਣੇ ਫੇਸਬੁੱਕ ਪੇਜ ’ਤੇ ਪੰਜਾਬ ਸਰਕਾਰ ਵਲੋਂ ਜਾਰੀ ਕੀਤਾ ਗਿਆ ਸਵੈ-ਘੋਸ਼ਣਾ ਪੱਤਰ ਅੱਪਲੋਡ ਕਰਦਿਆਂ ਲਿਖਿਆ ਕਿ ਨਵੀਆਂ ਹਦਾਇਤਾਂ ਮੁਤਾਬਕ ਤੁਹਾਨੂੰ ਇਹਨਾਂ ਸ਼ਰਤਾਂ ਦੇ ਨਾਲ ਹੀ 600 ਯੂਨਿਟ ਫ੍ਰੀ ਬਿਜਲੀ ਮਿਲੇਗੀ। ਕੋਈ ਵੀ ਵਿਅਕਤੀ ਜੋ ਕਿਸੇ ਵੀ ਮਹਿਕਮੇ ਵਿੱਚ ਸਰਕਾਰੀ ਮੁਲਾਜ਼ਮ ਜਾਂ ਸਾਬਕਾ ਮੁਲਾਜ਼ਮ ਜਾਂ ਜਿਹੜੇ ਇਨਕਮ ਟੈਕਸ ਭਰਦੇ ਹੈ ਨੂੰ ਪੰਜਾਬ ਵਿੱਚ ਸਰਕਾਰੀ ਮੁਫ਼ਤ ਬਿਜਲੀ ਯੋਜਨਾ ’ਚੋਂ ਬਾਹਰ ਰੱਖਿਆ ਗਿਆ ਹੈ। ਸੋ, ਸਿੱਧੀ ਸਿੱਧੀ ਗੱਲ ਹੈ ਕਿ ਪੰਜਾਬ ਦੇ ਕੁਝ ਕੁ ਪਰਿਵਾਰ ਹੀ ਫਾਇਦਾ ਲੈ ਸਕਣਗੇ। ਪੰਜਾਬੀਆਂ ਨੂੰ ਮੁਫ਼ਤ ਬਿਜਲੀ ਮਿਲੇ ਨਾ ਮਿਲੇ ਪਰ ਨਵਾਂ ਘੋਸ਼ਣਾ-ਪੱਤਰ ਜ਼ਰੂਰ ਮਿਲ ਗਿਆ ਹੈ।   



ਆਮ ਆਦਮੀ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਇਹ ਸਰਤਾਂ ਕਿਉਂ ਨਹੀਂ ਦੱਸੀਆਂ: ਵੜਿੰਗ 
ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਵੀ ਮਾਨ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਗਈ 600 ਯੂਨਿਟ ਤੱਕ ਮੁਫ਼ਤ ਬਿਜਲੀ ਦੀ ਗਰੰਟੀ ਮਹਿਜ਼ ਇੱਕ ਸਿਆਸੀ ਸਟੰਟ ਸਾਬਿਤ ਹੋਈ ਹੈ। ਸਰਕਾਰ ਦੀਆਂ ਹਦਾਇਤਾਂ ਤਹਿਤ ਜੋ ਵਿਅਕਤੀ ਸਰਕਾਰ ਨੂੰ ਟੈਕਸ ਅਦਾ ਕਰਦਾ ਹੈ ਤੇ ਜਿਹੜੇ ਪਰਿਵਾਰ ਦਾ ਕੋਈ ਵਿਅਕਤੀ ਪੈਨਸ਼ਨ ਲੈਂਦਾ ਹੈ ਜਾਂ ਸਰਕਾਰੀ ਕਰਮਚਾਰੀ ਹੈ ਉਹ ਇਸ ਸਕੀਮ ਦਾ ਲਾਭ ਨਹੀਂ ਲੈ ਪਾਵੇਗਾ। ਆਮ ਆਦਮੀ ਪਾਰਟੀ ਨੇ ਆਪਣੇ ਇਸ ਚੋਣ ਵਾਅਦੇ ਵਿੱਚ ਸ਼ਰਤਾਂ ਰੱਖ ਕੇ ਪੰਜਾਬੀਆਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਵੋਟਾਂ ਲੈਣ ਤੋਂ ਪਹਿਲਾਂ ਅਜਿਹੀਆਂ ਕੋਈ ਸ਼ਰਤਾਂ ਕਿਉਂ ਨਹੀਂ ਰੱਖੀਆਂ ਗਈਆਂ?