ਇਕ ਜੇਠ ਦਾ ਦੁਪਿਹਰਾ ਉੱਤੋਂ ਬਿਜਲੀ ਸੰਕਟ- ਥਰਮਲ ਪਲਾਂਟ ਦੇ ਸਾਰੇ ਯੂਨਿਟ ਹੋਏ ਬੰਦ
ਪਾਵਰਕੌਮ ਮੈਨੇਜਮੈਂਟ ਪ੍ਰਾਈਵੇਟ ਥਰਮਲ ਪਲਾਂਟਾਂ, ਸਰਕਾਰੀ ਥਰਮਲ ਪਲਾਂਟਾਂ ਅਤੇ ਸਾਰੇ ਹਾਈਡਰੋ ਪਾਵਰ ਪਲਾਂਟਾਂ ਦਾ ਉਤਪਾਦਨ ਵਧਾਉਣ ਤੋਂ ਇਲਾਵਾ ਦੂਜੇ ਰਾਜਾਂ ਤੋਂ ਬਿਜਲੀ ਖਰੀਦ ਕੇ ਮੰਗ ਨੂੰ ਪੂਰਾ ਕਰਨ ਲਈ ਉਪਰਾਲੇ ਕਰ ਰਹੀ ਹੈ।
ਚੰਡੀਗੜ: ਕਹਿਰ ਦੀ ਗਰਮੀ ਅਤੇ ਝੋਨੇ ਦੇ ਸੀਜ਼ਨ ਦੇ ਸ਼ੁਰੂ ਹੋਣ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ ਵਧਣ ਲੱਗੀ ਹੈ। ਸੂਬੇ ਵਿੱਚ ਬਿਜਲੀ ਦੀ ਮੰਗ ਦਾ ਅੰਕੜਾ 12000 ਮੈਗਾਵਾਟ ਦੇ ਨੇੜੇ ਪਹੁੰਚ ਗਿਆ ਹੈ। ਇਸੇ ਦੌਰਾਨ ਰੂਪਨਗਰ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਤੋਂ ਬੁਰੀ ਖ਼ਬਰ ਆਈ ਹੈ। ਇੱਥੋਂ ਦੀਆਂ ਚਾਰੇ ਇਕਾਈਆਂ ਠੱਪ ਹੋ ਗਈਆਂ ਹਨ। ਇਸ ਕਾਰਨ 840 ਮੈਗਾਵਾਟ ਬਿਜਲੀ ਦਾ ਉਤਪਾਦਨ ਰੁਕ ਗਿਆ ਹੈ। ਪੰਜਾਬ ਪਹਿਲਾਂ ਹੀ ਦੂਜੇ ਰਾਜਾਂ ਤੋਂ ਲਗਭਗ 5600 ਮੈਗਾਵਾਟ ਯੂਨਿਟ ਬਿਜਲੀ ਦੀ ਖਰੀਦ ਕਰ ਰਿਹਾ ਹੈ।
ਹੋਰ ਵੱਧ ਸਕਦਾ ਹੈ ਬਿਜਲੀ ਸੰਕਟ
ਪਾਵਰਕੌਮ ਮੈਨੇਜਮੈਂਟ ਪ੍ਰਾਈਵੇਟ ਥਰਮਲ ਪਲਾਂਟਾਂ, ਸਰਕਾਰੀ ਥਰਮਲ ਪਲਾਂਟਾਂ ਅਤੇ ਸਾਰੇ ਹਾਈਡਰੋ ਪਾਵਰ ਪਲਾਂਟਾਂ ਦਾ ਉਤਪਾਦਨ ਵਧਾਉਣ ਤੋਂ ਇਲਾਵਾ ਦੂਜੇ ਰਾਜਾਂ ਤੋਂ ਬਿਜਲੀ ਖਰੀਦ ਕੇ ਮੰਗ ਨੂੰ ਪੂਰਾ ਕਰਨ ਲਈ ਉਪਰਾਲੇ ਕਰ ਰਹੀ ਹੈ। ਇਸ ਦੇ ਬਾਵਜੂਦ ਪੰਜਾਬ ਵਿੱਚ ਬਿਜਲੀ ਦੇ ਕੱਟ ਲੱਗੇ ਹੋਏ ਹਨ। ਹੁਣ ਸੁਪਰ ਥਰਮਲ ਪਲਾਂਟ ਦੇ ਬੰਦ ਹੋਣ ਨਾਲ ਸੰਕਟ ਹੋਰ ਵਧ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਯੂਨਿਟ ਬੀਤੀ ਰਾਤ ਤੋਂ ਹੀ ਠੱਪ ਹੋਣੇ ਸ਼ੁਰੂ ਹੋ ਗਏ ਹਨ। ਯੂਨਿਟ ਨੰਬਰ ਪੰਜ ਅਤੇ ਛੇ ਮਾਮੂਲੀ ਤਕਨੀਕੀ ਖਰਾਬੀ ਕਾਰਨ ਬੰਦ ਹੋ ਗਏ। ਥਰਮਲ ਪਲਾਂਟ ਦੇ ਇੰਜੀਨੀਅਰਾਂ ਨੇ ਨੁਕਸ ਠੀਕ ਕਰ ਦਿੱਤਾ। ਇਨ੍ਹਾਂ ਯੂਨਿਟਾਂ ਨੂੰ ਮੁੜ ਚਾਲੂ ਕੀਤਾ ਗਿਆ। ਯੂਨਿਟ ਨੰਬਰ ਪੰਜ ਨੇ ਰਾਤ 11 ਵਜੇ ਬਿਜਲੀ ਪੈਦਾ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਯੂਨਿਟ ਨੰਬਰ ਛੇ ਦਾ ਉਤਪਾਦਨ ਸ਼ੁਰੂ ਹੋਣ ਵਾਲਾ ਸੀ ਕਿ ਕਰੀਬ 12 ਵਜੇ ਤੋਂ ਬਾਅਦ ਅਚਾਨਕ ਕਿਸੇ ਤਕਨੀਕੀ ਨੁਕਸ ਕਾਰਨ ਪਲਾਂਟ ਦੇ ਚਾਰੇ ਯੂਨਿਟ ਬੰਦ ਹੋ ਗਏ।
ਨਿਪਟਾਰੇ ਵਿਚ ਲੱਗੀ ਇੰਜੀਨੀਅਰਾਂ ਦੀ ਟੀਮ
ਥਰਮਲ ਪਲਾਂਟ ਰੂਪਨਗਰ ਦੇ ਚਾਰੇ ਯੂਨਿਟ ਬੰਦ ਹੋਣ ਤੋਂ ਬਾਅਦ ਇੰਜੀਨੀਅਰਾਂ ਦੀ ਟੀਮ ਦੇ ਹੱਥਾਂ ਦੇ ਤੋਤੇ ਉੱਡ ਗਏ ਹਨ। ਇੰਜੀਨੀਅਰਾਂ ਦੀ ਟੀਮ ਸਮੱਸਿਆ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇੰਜਨੀਅਰਾਂ ਦੀ ਟੀਮ ਨੇ ਯੂਨਿਟ ਨੰਬਰ ਤਿੰਨ ਅਤੇ ਚਾਰ ਦੇ ਨੁਕਸ ਨੂੰ ਠੀਕ ਕਰ ਦਿੱਤਾ ਹੈ ਅਤੇ ਦੋਨਾਂ ਨੂੰ ਲਾਈਟ-ਅੱਪ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਿਸੇ ਵੀ ਯੂਨਿਟ ਨੇ ਬਿਜਲੀ ਪੈਦਾ ਕਰਨੀ ਸ਼ੁਰੂ ਨਹੀਂ ਕੀਤੀ ਹੈ।
WATCH LIVE TV