ਬਿਜਲੀ ਕੱਟਾਂ ਕਾਰਨ ਲੋਕ ਪਰੇਸ਼ਾਨ: ਪੰਜਾਬ ਵਿੱਚ 6 ਘੰਟੇ ਬਿਜਲੀ ਦੀ ਸਪਲਾਈ ਰਹੀਂ ਬੰਦ
ਵਿਰੋਧ ਕਾਰਨ ਉੱਤਰੀ ਰੇਲਵੇ ਨੇ ਕਈ ਟਰੇਨਾਂ ਰੱਦ ਕਰ ਦਿੱਤੀਆਂ ਹਨ। ਕਿਉਂਕਿ ਪੰਜਾਬ ਵਿੱਚ ਕੋਲੇ ਦੀ ਸਪਲਾਈ ਝਾਰਖੰਡ ਸਮੇਤ ਹੋਰਨਾਂ ਸੂਬਿਆਂ ਤੋਂ ਰੇਲ ਗੱਡੀਆਂ ਰਾਹੀਂ ਆਉਂਦੀ ਹੈ।
ਚੰਡੀਗੜ੍ਹ: ਸੂਬੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਬਿਜਲੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਇਸ ਦੇ ਨਾਲ ਹੀ ਅਣ ਐਲਾਨੇ ਲੰਬੇ ਕੱਟਾਂ ਕਾਰਨ ਜਨਤਾ ਪਰੇਸ਼ਾਨ ਸੀ। ਪਰ ਰਾਹਤ ਦੀ ਗੱਲ ਇਹ ਹੈ ਕਿ ਤਾਪਮਾਨ ਘਟਣ ਨਾਲ ਬਿਜਲੀ ਦੀ ਮੰਗ ਵੀ ਘਟ ਗਈ ਹੈ। ਸ਼ਨੀਵਾਰ ਨੂੰ ਬਿਜਲੀ ਦੀ ਸਭ ਤੋਂ ਵੱਧ ਮੰਗ 11,430 ਮੈਗਾਵਾਟ ਦਰਜ ਕੀਤੀ ਗਈ, ਜੋ ਪਿਛਲੇ ਸਾਲ ਦੇ ਮੁਕਾਬਲੇ 947 ਮੈਗਾਵਾਟ ਦੀ ਕਮੀ ਹੈ। ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਘਾਟ ਹੈ। ਜੀਵੀਕੇ ਥਰਮਲ ਪਲਾਂਟ ਵਿੱਚ ਸਪਲਾਈ ਨਾ ਮਿਲਣ ਕਾਰਨ ਇੱਥੇ ਸਿਰਫ਼ ਅੱਧੇ ਦਿਨ ਦਾ ਸਟਾਕ ਬਚਿਆ ਹੈ ਜਦੋਂਕਿ ਤਲਵੰਡੀ ਸਾਬੋ ਵਿੱਚ ਸਾਢੇ 4 ਦਿਨ ਦਾ ਸਟਾਕ ਹੈ। ਚਿੰਤਾ ਇਸ ਲਈ ਜ਼ਿਆਦਾ ਹੈ ਕਿਉਂਕਿ ਅਗਨੀਵੀਰ ਯੋਜਨਾ ਦੇ ਖਿਲਾਫ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਦਾ ਸੇਕ ਭਾਰਤੀ ਰੇਲਵੇ 'ਤੇ ਪੈ ਰਿਹਾ ਹੈ।
ਵਿਰੋਧ ਕਾਰਨ ਉੱਤਰੀ ਰੇਲਵੇ ਨੇ ਕਈ ਟਰੇਨਾਂ ਰੱਦ ਕਰ ਦਿੱਤੀਆਂ ਹਨ। ਕਿਉਂਕਿ ਪੰਜਾਬ ਵਿੱਚ ਕੋਲੇ ਦੀ ਸਪਲਾਈ ਝਾਰਖੰਡ ਸਮੇਤ ਹੋਰਨਾਂ ਸੂਬਿਆਂ ਤੋਂ ਰੇਲ ਗੱਡੀਆਂ ਰਾਹੀਂ ਆਉਂਦੀ ਹੈ। ਅਜਿਹੇ 'ਚ ਜੇਕਰ 1-2 ਦਿਨ ਵੀ ਸਪਲਾਈ 'ਚ ਵਿਘਨ ਪਿਆ ਤਾਂ ਸਾਰੇ ਥਰਮਲ ਠੰਡੇ ਹੋਣ ਲੱਗ ਜਾਣਗੇ। ਜਿਸ ਨਾਲ ਸੂਬੇ ਵਿੱਚ ਬਲੈਕਆਊਟ ਵਰਗੀ ਸਥਿਤੀ ਪੈਦਾ ਹੋ ਜਾਵੇਗੀ।
ਸ਼ਨੀਵਾਰ ਤੜਕੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਵੱਖ-ਵੱਖ ਡਵੀਜ਼ਨਾਂ ਤੋਂ 50 ਹਜ਼ਾਰ ਸ਼ਿਕਾਇਤਾਂ ਪੁੱਜੀਆਂ
ਸ਼ਨੀਵਾਰ ਨੂੰ ਸਵੇਰੇ 1 ਵਜੇ ਤੋਂ ਸ਼ਾਮ 4 ਵਜੇ ਤੱਕ ਸੂਬੇ ਭਰ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ ਤੋਂ 50 ਹਜ਼ਾਰ 578 ਸ਼ਿਕਾਇਤਾਂ ਆਈਆਂ। ਬੇਸ਼ੱਕ 48 ਹਜ਼ਾਰ 875 ਦਾ ਨਿਪਟਾਰਾ ਵੀ ਫੀਲਡ ਦੇ ਤਕਨੀਕੀ ਅਮਲੇ ਵੱਲੋਂ ਕੀਤਾ ਗਿਆ। ਖ਼ਬਰ ਲਿਖੇ ਜਾਣ ਤੱਕ 1 ਲੱਖ 54 ਹਜ਼ਾਰ 227 ਸ਼ਿਕਾਇਤਾਂ ਪੈਂਡਿੰਗ ਸਨ। ਇਨ੍ਹਾਂ 'ਚੋਂ 1 ਲੱਖ 16 ਹਜ਼ਾਰ ਅਜਿਹੀਆਂ ਸ਼ਿਕਾਇਤਾਂ ਹਨ, ਜੋ 24 ਘੰਟੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਪੈਂਡਿੰਗ ਹਨ। ਸ਼ਿਕਾਇਤ ਨੂੰ ਠੀਕ ਕਰਨ ਲਈ ਸਾਢੇ 4 ਘੰਟੇ ਲੱਗ ਰਹੇ ਹਨ। ਦੂਜੇ ਪਾਸੇ 11 ਜ਼ਿਲ੍ਹਿਆਂ ਦੇ 122 ਫੀਡਰ ਨੁਕਸ ਠੀਕ ਕਰਨ ਦੇ ਨਾਂ ’ਤੇ ਔਸਤਨ 6 ਘੰਟੇ ਬੰਦ ਰਹੇ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਨਿਯਮਾਂ ਮੁਤਾਬਕ ਪਲਾਂਟ ਕੋਲ 26 ਦਿਨ ਦਾ ਕੋਲਾ ਹੋਣਾ ਚਾਹੀਦਾ ਹੈ।
ਭਾਸਕਰ ਚ ਲੱਗੀ ਖ਼ਬਰ ਮੁਤਾਬਿਕ ਭਾਵੇਂ ਕੇਂਦਰੀ ਬਿਜਲੀ ਮੰਤਰਾਲੇ ਦੇ ਨਿਯਮਾਂ ਅਨੁਸਾਰ ਪਲਾਂਟਾਂ ਵਿੱਚ 26 ਦਿਨਾਂ ਦਾ ਕੋਲਾ ਸਟਾਕ ਹੋਣਾ ਚਾਹੀਦਾ ਹੈ ਪਰ ਰਾਜਪੁਰਾ ਥਰਮਲ ਨੂੰ ਛੱਡ ਕੇ ਬਾਕੀ ਸਾਰੇ ਪਲਾਂਟਾਂ ਵਿੱਚ ਕੋਲੇ ਦਾ ਸਟਾਕ ਘੱਟ ਹੈ। 6 ਦਿਨਾਂ ਤੋਂ ਘੱਟ ਦੇ ਸਟਾਕ ਨੂੰ ਨਾਜ਼ੁਕ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ।