ਪੰਜਾਬ ਵਿਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਖੁਦ ਕੀਤਾ ਆਗਾਜ਼
ਪੰਜਾਬ ਦੇ ਵਿਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ। ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਖੁਦ ਖਰੀਦ ਸ਼ੁਰੂ ਕਰਵਾਈ ਅਤੇ ਵੱਖ ਵੱਖ ਮੰਡੀਆਂ ਦਾ ਜਾਇਜ਼ਾ ਲਿਆ।
ਚੰਡੀਗੜ: ਪੰਜਾਬ ਦੇ ਵਿਚ ਅੱਜ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਹੋ ਗਈ ਹੈ। ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਖੁਦ ਮੰਡੀਆਂ ਵਿਚ ਖਰੀਦ ਦਾ ਆਗਾਜ਼ ਕੀਤਾ। ਪੰਜਾਬ ਸਰਕਾਰ ਦਾ ਦਾਅਵਾ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਮੁਸ਼ਕਿਲਾਂ ਦਰਪੇਸ਼ ਨਾ ਆਉਣ ਇਸ ਲਈ ਮੰਡੀਆਂ ਵਿਚ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹੋਵੇਗੀ।
ਇਹ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲੇ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਕਿਹਾ ਕਿ ਖਰੀਫ ਸੀਜਨ 2022-23 ਦੌਰਾਨ ਸਮੂਹ ਖਰੀਦ ਏਜੰਸੀਆਂ ਵੱਲੋਂ ਭਾਰਤ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਘੱਟੋ ਘਟ ਸਮਰਥਨ ਮੂਲ ਰੁ. 2060/- ਪ੍ਰਤੀ ਕੁਇੰਟਲ ਝੋਨਾ ਗ੍ਰੇਡ-ਏ ਅਤੇ ਰੁ. 2040/- ਪ੍ਰਤੀ ਕੁਇੰਟਲ ਝੋਨਾ ਕਾਮਨ ਵਰਾਇਟੀ, ਤੇ ਖਰੀਦ ਕੀਤੀ ਜਾਵੇਗੀ। ਝੋਨੇ ਦੀ ਖਰੀਦ ਮਿਤੀ 01.10.2022 ਤੋਂ ਸ਼ੁਰੂ ਹੋਵੇਗੀ ਜੋ ਕਿ ਮਿਤੀ 30.11.2022 ਤੱਕ ਚੱਲੇਗੀ। ਭਾਰਤ ਸਰਕਾਰ ਵੱਲੋਂ ਸਰਕਾਰੀ ਖਰੀਦ ਏਜੰਸੀਆਂ ਲਈ ਕੁੱਲ 184.45 ਲੱਖ ਮੀ.ਟਨ ਝੋਨੇ ਦੀ ਖਰੀਦ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਜਦੋਂ ਕਿ ਰਾਜ ਸਰਕਾਰ ਵੱਲੋਂ ਕੁੱਲ 191 ਲੱਖ ਮੀ.ਟਨ ਝੋਨੇ ਦੀ ਖਰੀਦ ਦੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਦੱਸਿਆ ਕਿ ਖਰੀਫ ਸੀਜਨ 2022-23 ਦੌਰਾਨ ਪੰਜਾਬ ਮੰਡੀ ਬੋਰਡ ਵੱਲੋਂ 1804 ਰਵਾਇਤੀ ਮੰਡੀਆਂ ਨੋਟੀਫਾਈ ਕੀਤੀਆਂ ਗਈਆਂ ਹਨ ਅਤੇ ਸੀਜਨ ਦੌਰਾਨ ਭੀੜ ਭੜੱਕੇ ਦੀ ਸਥਿਤੀ ਤੋਂ ਬਚਣ ਲਈ 364 ਆਰਜੀ ਮੰਡੀਆਂ ਨੋਟੀਵਾਈ ਕੀਤੀਆਂ ਗਈਆਂ ਹਨ। ਝੋਨੇ ਦੀ ਖਰੀਦ ਲਈ ਲੋੜੀਂਦੇ ਬਾਰਦਾਨੇ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ।
ਉਨਾਂ ਅੱਗੇ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਜਿਲ੍ਹਾ ਪੱਧਰ ਤੇ ਕੰਟਰੋਲ ਰੂਮ ਅਤੇ ਮੰਡੀਵਾਈਜ਼ ਸ਼ਿਕਾਇਤ ਨਿਵਾਰਨ ਕਮੇਟੀਆਂ ਬਣਾਈਆ ਗਈਆਂ ਹਨ ਜਿਸ ਦੌਰਾਨ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਵੇਗਾ। ਵਿਭਾਗ ਵੱਲੋਂ ਮੁੱਖ ਦਫਤਰ ਦੇ ਪੱਧਰ ਤੇ ਵੀ ਕਿਸਾਨਾਂ ਦੀਆਂ ਸ਼ਿਕਾਇਤਾਂ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ।
ਉਨਾਂ ਇਹ ਵੀ ਕਿਹਾ ਕਿ ਅਕਤੂਬਰ ਮਹੀਨੇ ਲਈ ਆਰ.ਬੀ.ਆਈ ਵੱਲੋਂ ਰੁ. 36,999 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਮੰਜੂਰ ਕੀਤੀ ਜਾ ਚੁੱਕੀ ਹੈ। ਲੇਬਰ ਅਤੇ ਟਰਾਂਸਪੋਰਟ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ ਅਤੇ ਸਬੰਧਤ ਠੇਕੇਦਾਰਾਂ ਨੂੰ ਪਾਲਿਸੀ ਅਨੁਸਾਰ ਲਿਫਟਿੰਗ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
'ਦਿ ਪੰਜਾਬ ਕਸਟਮ ਮਿਲਿੰਗ ਪਾਲਿਸੀ ਫਾਰ ਖਰੀਫ 2022-23', ਪੰਜਾਬ ਮੰਤਰੀ ਮੰਡਲ ਤੋਂ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾ ਚੁੱਕੀ ਹੈ। ਪੰਜਾਬ ਵਿੱਚ ਸਾਰੀਆਂ ਰਾਈਸ ਮਿੱਲਾਂ ਦੀ ਰਜਿਸਟਰੇਸ਼ਨ ਅਤੇ ਅਲਾਟਮੈਂਟ ਤੋਂ ਪਹਿਲਾਂ ਹਦਾਇਤਾਂ ਅਨੁਸਾਰ ਈ-ਪੀ.ਵੀਜ਼ (ਈ-ਚੈਕਿੰਗ) ਕੀਤੀਆਂ ਜਾ ਰਹੀਆਂ ਹਨ ਜਿਸ ਅਨੁਸਾਰ ਹੁਣ ਤੱਕ 4315 ਰਾਈਸ ਮਿਲਾਂ ਦੀ ਇੰਸਪੈਕਸ਼ਨ ਕੀਤੀ ਜਾ ਚੁੱਕੀ ਹੈ ਅਤੇ 3500 ਰਾਈਸ ਮਿਲਾਂ ਦੀ ਆਨ ਲਾਈਨ ਅਲਾਟਮੈਂਟ ਕੀਤੀ ਜਾ ਚੁੱਕੀ ਹੈ।
WATCH LIVE TV