Gadar-2 News: ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਤੇ ਫ਼ਿਲਮੀ ਅਦਾਕਾਰ ਸੰਨੀ ਦਿਓਲ ਦੀ ਨਵੀਂ ਫ਼ਿਲਮ ਗ਼ਦਰ-2 ਬਣ ਚੁੱਕੀ ਹੈ ਜਿਸ ਦੀ ਸਫ਼ਲਤਾ ਦੀ ਅਰਦਾਸ ਕਰਨ ਲਈ ਉਹ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਆਏ ਤੇ ਭਾਰਤ-ਪਾਕਿਸਤਾਨ ਬਾਰਡਰ ਉਤੇ ਜਾ ਕੇ ਵੀ ਗਰਜੇ ਪਰ 30 ਕਿਲੋਮੀਟਰ ਦਾ ਸਫ਼ਰ ਹੋਰ ਤੈਅ ਕਰਕੇ ਉਨ੍ਹਾਂ ਨੇ ਆਪਣੇ ਲੋਕ ਸਭਾ ਹਲਕੇ ਗੁਰਦਾਸਪੁਰ ਵਿੱਚ ਪੈਰ ਰੱਖਣਾ ਇਸ ਵਾਰ ਵੀ ਮੁਨਾਸਿਬ ਨਹੀਂ ਸਮਝਿਆ ਜਿਸ ਕਰਕੇ ਸ਼ਹਿਰ ਦੇ ਲੋਕਾਂ ਤੇ ਨੌਜਵਾਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਹਲਕੇ ਦੇ ਨੌਜਵਾਨਾਂ ਨੇ ਇੱਕ ਵਾਰ ਫਿਰ ਤੋਂ ਉਨ੍ਹਾਂ ਖਿਲਾਫ਼ ਬੋਲਣਾ ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਸ਼ਹਿਰ ਦੇ ਕੁਝ ਨੌਜਵਾਨਾਂ ਨੇ ਸੰਨੀ ਦਿਓਲ ਦੀ ਫ਼ਿਲਮ ਗ਼ਦਰ-2 ਦੇ ਪੋਸਟਰ ਸਾੜੇ ਤੇ ਪੰਜਾਬ ਦੇ ਲੋਕਾਂ ਨੂੰ ਫਿਲਮ ਗ਼ਦਰ-2 ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਇਸ ਮੌਕੇ ਨੌਜਵਾਨ ਅਮਰਜੋਤ ਸਿੰਘ ਅਤੇ ਅੰਮ੍ਰਿਤਪਾਲ ਨੇ ਕਿਹਾ ਕਿ ਫਿਲਮ ਅਦਾਕਾਰ ਸੰਨੀ ਦਿਓਲ ਲਈ ਸਿਆਸੀ ਇੱਕ ਅਜਿਹਾ ਪਲੇਟਫਾਰਮ ਸਾਬਿਤ ਹੋ ਸਕਦੀ ਸੀ, ਜਿਸ ਦੇ ਰਾਹੀਂ ਉਹ ਆਪਣੇ ਆਪ ਨੂੰ ਲੋਕਾਂ ਦਾ ਅਸਲੀ ਹੀਰੋ ਸਾਬਿਤ ਕਰ ਸਕਦੇ ਸਨ ਪਰ ਬਦਕਿਸਮਤੀ ਦੇ ਨਾਲ-ਨਾਲ ਇਹ ਸੰਨੀ ਦਿਓਲ ਦੀ ਨਾਕਾਮੀ ਵੀ ਹੈ।


ਜਿਨ੍ਹਾਂ ਲੋਕਾਂ ਨੇ ਸੰਨੀ ਦਿਓਲ ਉਤੇ ਭਰੋਸਾ ਕਰਕੇ ਉਹਨਾਂ ਨੂੰ ਵੱਡੀ ਲੀਡ ਨਾਲ ਜਿੱਤ ਦਵਾਈ ਉਹੀ ਲੋਕ ਵਾਰ-ਵਾਰ ਸੰਨੀ ਦਿਓਲ ਦੇ ਖਿਲਾਫ ਸੜਕਾਂ ਉਤੇ ਉਤਰ ਰਹੇ ਹਨ ਅਤੇ ਵੱਧ ਚੜ੍ਹ ਕੇ ਆਪਣੇ ਹੀਰੋ ਦੀਆਂ ਫ਼ਿਲਮਾਂ ਵੇਖਣ ਜਾਣ ਦੀ ਬਜਾਏ ਉਸਦੀ ਨਵੀਂ ਫਿਲਮ ਦਾ ਬਾਈਕਾਟ ਕਰਨ ਦੀ ਗੱਲ ਕਰ ਰਹੇ ਹਨ। ਅਮਰਜੋਤ ਸਿੰਘ ਨੇ ਕਿਹਾ ਕਿ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾ ਕੇ ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਸੰਨੀ ਦਿਓਲ ਨੂੰ ਉਨ੍ਹਾਂ ਦੇ ਹਲਕੇ ਦੇ ਲੋਕਾਂ ਦੇ ਉਨ੍ਹਾਂ ਪ੍ਰਤੀ ਵਧ ਰਹੇ ਗੁੱਸੇ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਵਜੂਦ ਸੰਨੀ ਦਿਓਲ ਉਤੇ ਕੋਈ ਅਸਰ ਨਹੀ ਹੋਇਆ ਤਾਂ ਉਨ੍ਹਾਂ ਨੇ ਆਪਣੇ ਨੌਜਵਾਨ ਸਾਥੀਆਂ ਦੇ ਸਹਿਯੋਗ ਨਾਲ ਸੰਨੀ ਦਿਓਲ ਪ੍ਰਤੀ ਆਪਣਾ ਰੋਸ ਵਿਖਾਉਣਾ ਲਗਾਤਾਰ ਜਾਰੀ ਰੱਖਿਆ‌।


ਅੱਜ ਵੀ ਉਨ੍ਹਾਂ ਵੱਲੋਂ ਗੁਰਦਾਸਪੁਰ ਵਿੱਚ ਸੰਨੀ ਦਿਓਲ ਦੀ ਫਿਲਮ ਗ਼ਦਰ-2 ਦਾ ਜੰਮ ਕੇ ਵਿਰੋਧ ਕੀਤਾ ਤੇ ਸ਼ਹਿਰ ਅੰਦਰ ਫਿਲਮ ਗਦਰ-2 ਬਾਈਕਾਟ ਦੇ ਪੋਸਟਰ ਲਗਾਏ ਅਤੇ ਉਸਦੀ ਫਿਲਮ ਦੇ ਪੋਸਟਰ ਵੀ ਸਾੜੇ ਗਏ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਫਿਲਮ ਦਾ ਬਾਈਕਾਟ ਕਰਨ ਤਾਂ ਜੋ ਸੰਨੀ ਦਿਓਲ ਅਤੇ ਹੋਰ ਫਿਲਮੀ ਅਦਾਕਾਰਾ ਨੂੰ ਪਤਾ ਚਲ ਸਕੇ ਕਿ ਸੰਨੀ ਦਿਓਲ ਨੇ ਗੁਰਦਾਸਪੁਰ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। 


ਇਹ ਵੀ ਪੜ੍ਹੋ : Punjab Governor News: ਰਾਜਪਾਲ ਨੇ ਅਧਿਕਾਰੀਆਂ ਦੇ ਦਿੱਲੀ ਦੌਰੇ ਦੌਰਾਨ ਹਵਾਈ ਯਾਤਰਾ ਤੇ ਸਟਾਰ ਹੋਟਲਾਂ 'ਚ ਠਹਿਰਨ 'ਤੇ ਲਾਈ ਪਾਬੰਦੀ


ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ