ਬਿਲਡਰ ਤੋਂ ਪ੍ਰੇਸ਼ਾਨ TDI ਸੁਸਾਇਟੀ ਦੇ ਲੋਕ ਆਏ ਸੜਕਾਂ ’ਤੇ, ਕਿਸਾਨਾਂ ਤੋਂ ਬਾਅਦ ਚੁਣਿਆ ਧਰਨੇ ਦਾ ਰਾਹ
ਟੀ. ਡੀ. ਆਈ. ਸਿਟੀ ਦੀ ਰੈਜੀਡੈਂਸ ਵੈਲਫ਼ੇਅਰ ਸੁਸਾਇਟੀ ਦੇ ਮੈਬਰਾਂ ਦੁਆਰਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ, ਉਨ੍ਹਾਂ ਦਾ ਵਾਅਦਾ ਯਾਦ ਕਰਵਾਇਆ ਗਿਆ।
Protest in TDI Mohali : ਜ਼ਿਲ੍ਹਾ ਮੋਹਾਲੀ ਦੇ ਸੈਕਟਰ 110- 111 ਟੀ. ਡੀ. ਆਈ. ਸਿਟੀ (TDI City) ਦੀ ਰੈਜੀਡੈਂਸ ਵੈਲਫ਼ੇਅਰ ਸੁਸਾਇਟੀ ਦੇ ਮੈਬਰਾਂ ਦੁਆਰਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ, ਉਨ੍ਹਾਂ ਦਾ ਵਾਅਦਾ ਯਾਦ ਕਰਵਾਇਆ ਗਿਆ।
ਇਸ ਮੌਕੇ ਸੁਸਾਇਟੀ ਮੈਬਰਾਂ ਦੁਆਰਾ CM ਮਾਨ ਦੇ ਨਾਮ ਖੁੱਲ੍ਹੀ ਚਿੱਠੀ ਰਾਹੀਂ ਸੂਬੇ ’ਚ ਵੱਧ ਰਹੀ ਧਰਨਿਆਂ ਦੀ ਗਿਣਤੀ ’ਤੇ ਗੌਰ ਕਰਨ ਦੀ ਅਪੀਲ ਕੀਤੀ। ਚਿੱਠੀ ’ਚ CM ਮਾਨ ਨੂੰ ਸੰਬੋਧਨ ਕਰਦਿਆਂ ਲਿਖਿਆ ਗਿਆ ਕਿ, "ਤੁਸੀ ਕਿਹਾ ਸੀ ਕਿ ਪੰਜਾਬ ਨੂੰ ਧਰਨਿਆਂ ਤੋਂ ਮੁਕਤ ਕੀਤਾ ਜਾਵੇਗਾ, ਪਰ ਧਰਨਿਆਂ ਦੀ ਗਿਣਤੀ ਦਿਨ- ਬ – ਦਿਨ ਵਧਦੀ ਜਾ ਰਹੀ ਹੈ। ਕੀ ਤੁਸੀਂ ਕਦੀ ਸੋਚਿਆਂ ਹੈ ਕਿ ਧਰਨਿਆਂ ਦੀ ਗਿਣਤੀ ਕਿਉਂ ਵੱਧ ਰਹੀ ਹੈ ?ਇਸ ਗੱਲ ਤੇ ਵਿਚਾਰ ਕਰਨੀ ਅਤੀ ਜਰੂਰੀ ਹੈ।"
ਕਿਸਾਨ ਜਥੇਬੰਦੀਆਂ ਮੁੱਖ ਰਸਤਿਆ ’ਤੇ ਜਾਮ ਲਾ ਰਹੀਆਂ ਹਨ ਜਿਸ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਰਿਹਾ ਹੈ ਇੱਥੋਂ ਤੱਕ ਕਿ ਕਿਸਾਨ ਆਗੂ ਡੱਲੇਵਾਲ ਮਰਨ ਵਰਤ ‘ਤੇ ਬੈਠ ਗਏ ਹਨ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਮੰਗਾਂ ਤੇ ਵਿਚਾਰ ਚਰਚਾ ਹੋਵੇ। ਇਸੇ ਤਰ੍ਹਾਂ ਹੋਰ ਵੱਖ-ਵੱਖ ਜਥੇਬੰਦੀਆਂ ਵੀ ਧਰਨੇ ਦੇਣ ਲਈ ਮਜ਼ਬੂਰ ਹੋ ਰਹੀਆਂ ਹਨ।
ਰੈਜੀਡੈਂਸ ਵੈਲਫੇਅਰ ਸੁਸਾਇਟੀ ਸੈਕਟਰ 110-111 ਟੀ. ਡੀ. ਆਈ. ਸਿਟੀ ਵੱਲੋਂ ਬਿਲਡਰ ਦੀਆਂ ਵਧੀਕੀਆਂ ਅਤੇ ਗਮਾਡਾ ਦੇ ਕੁਝ ਅਧਿਕਾਰੀਆਂ ਦੀ ਮਿਲੀ ਭੁਗਤ ਬਾਰੇ ਪਿਛਲੇ 2-3 ਮਹੀਨਿਆਂ ਤੋਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਦੇ ਨਾਲ-ਨਾਲ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਵਾਰ-ਵਾਰ ਚਿੱਠੀਆਂ ਲਿਖ ਚੁੱਕੇ ਹਾਂ।
ਬਿਲਡਰ ਦੀਆਂ ਵਧੀਕੀਆਂ ਸਬੰਧੀ ਇਹਨਾਂ ਦੋਵਾਂ 110-111 ਸੈਕਟਰਾਂ ਦੇ ਨਿਵਾਸੀਆਂ ਵੱਲੋਂ ਇਨ੍ਹਾਂ ਸੈਕਟਰਾਂ ਵਿੱਚ ਬਿਲਡਰ ਵਿਰੁੱਧ ਕੈਂਡਲ ਮਾਰਚ ਕੱਢਿਆ ਗਿਆ ਅਤੇ ਕੁਝ ਦਿਨਾਂ ਦੀ ਉਡੀਕ ਕਰਕੇ ਇੱਥੋਂ ਦੇ ਨਿਵਾਸੀਆਂ ਵੱਲੋਂ ਧਰਨਾ ਦੇ ਕੇ ਬਿਲਡਰ ਦਾ ਪੁਤਲਾ ਫੂਕਿਆ ਗਿਆ। ਜਿਸ ਸਬੰਧੀ , ਇਲੈਕਟ੍ਰਾਨਿਕ ਮੀਡੀਆ , ਪ੍ਰਿੰਟ ਮੀਡੀਆ ਅਤੇ ਸ਼ੋਸ਼ਲ ਮੀਡੀਆ ਤੇ ਖਬਰਾਂ ਨਸ਼ਰ ਹੋਈਆਂ ਪਰ ਫੇਰ ਵੀ ਪੰਜਾਬ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।
ਜੇਕਰ ਤੁਹਾਡੀ ਸਰਕਾਰ ਇਸੇ ਤਰਾਂ ਅੰਨੀ ਬੋਲੀ ਬਣੀ ਰਹੀ ਤਾਂ ਲੋਕਾਂ ਕੋਲ ਸਰਕਾਰ ਵਿਰੁੱਧ ਸੰਘਰਸ਼ ਤੇ ਧਰਨੇ ਲਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ । ਸੋ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਧਰਨੇ ਲਾਉਣ ਲਈ ਮਜ਼ਬੂਰ ਕਰ ਰਹੀ ਹੈ।