Punjab Bhadaur News: ਪੰਜਾਬ ਦੇ ਹਲਕਾ ਭਦੌੜ ਦੇ ਪਿੰਡ ਈਸਰ ਸਿੰਘ ਵਾਲਾ ਵਿਖੇ ਪਤੀ ਵੱਲੋਂ ਕਰਵਾਏ ਗਏ ਦੂਜੇ ਵਿਆਹ ਨੂੰ ਲੈ ਕੇ ਪੀੜਿਤ ਔਰਤ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹ ਗਈ। ਦੱਸਿਆ ਜਾ ਰਿਹਾ ਹੈ ਕਿ ਪੀੜਿਤ ਵੱਲੋਂ ਧੀ ਪੈਦਾ ਹੋਣ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। 


COMMERCIAL BREAK
SCROLL TO CONTINUE READING

ਡਿਵੀਜ਼ਨ ਤਪਾ ਮੰਡੀ ਦੇ ਨੇੜਲੇ ਪਿੰਡ ਈਸਰ ਸਿੰਘ ਵਾਲਾ ਵਿਖੇ ਇੱਕ ਔਰਤ ਆਪਣੀ 7 ਸਾਲ ਦੀ ਧੀ ਨੂੰ ਨਾਲ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਪਤੀ ਦੇ ਦੂਜੇ ਵਿਆਹ ਨੂੰ ਲੈ ਕੇ ਰੋਸ ਵਜੋਂ ਪ੍ਰਦਰਸ਼ਨ ਕੀਤਾ ਗਿਆ।


ਇਸ ਮੌਕੇ ਮੋਗਾ ਦੀ ਰਹਿਣ ਵਾਲੀ ਪੀੜਿਤ ਸੁੱਖਪ੍ਰੀਤ ਕੌਰ ਵੱਲੋਂ ਆਪਣੇ ਸੋਹਰੇ ਪਰਿਵਾਰ 'ਤੇ ਗੰਭੀਰ ਦੋਸ਼ ਲਗਾਏ ਗਏ ਅਤੇ ਕਿਹਾ ਗਿਆ ਕਿ 2015 ਵਿੱਚ ਪਿੰਡ ਈਸ਼ਰ ਸਿੰਘ ਵਾਲਾ ਦੇ ਰਹਿਣ ਵਾਲੇ ਰਮਨਦੀਪ ਸਿੰਘ ਪੁੱਤਰ ਹਰਪਾਲ ਸਿੰਘ ਨਾਲ ਉਸਦਾ ਵਿਆਹ ਹੋਇਆ ਸੀ।


ਵਿਆਹ ਵਿੱਚ ਉਸਦੇ ਪਿਤਾ ਨੇ 6 ਲੱਖ ਰੁਪਏ ਨਗਦ, ਕਈ ਤੋਲੇ ਸੋਨਾ ਅਤੇ 25 ਲੱਖ ਦੇ ਕਰੀਬ ਵਿਆਹ ਖਰਚੇ ਰਾਹੀਂ ਉਸ ਦਾ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਹੀ ਸਹੁਰੇ ਪਰਿਵਾਰ ਵੱਲੋਂ ਦਾਜ ਦੀ ਹੋਰ ਮੰਗ ਕੀਤੀ ਜਾਣ ਲੱਗੀ, ਜਿੱਥੇ ਪੀੜਿਤ ਪਰਿਵਾਰ ਵੱਲੋਂ ਆਪਣੀ ਧੀ ਦਾ ਘਰ ਵਸਾਉਣ ਦੇ ਮਕਸਦ ਨਾਲ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਗਈਆਂ।


ਜਦੋਂ ਉਹਨਾਂ ਦੇ ਘਰ ਧੀ ਨੇ ਜਨਮ ਲਿਆ ਤਾਂ ਉਸ ਤੋਂ ਬਾਅਦ ਹੀ ਉਸ ਦੀ ਸੱਸ, ਨਨਾਣ ਅਤੇ ਪਤੀ ਸਣੇ ਉਸਦੇ ਮਾਮੇ ਉਸ ਨੂੰ ਮਹਿਣੇ ਮਾਰਨ ਲੱਗ ਪਏ। ਇਸ ਮਾਮਲੇ ਸਬੰਧੀ ਉਸ ਨੇ ਪੁਲਿਸ ਪ੍ਰਸ਼ਾਸਨ ਸਮੇਤ ਪਿੰਡ ਪੰਚਾਇਤ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਦਿੱਤੀ ਪਰ ਕੋਈ ਵੀ ਢੁਕਵਾਂ ਹੱਲ ਨਹੀਂ ਨਿਕਲਿਆ।


ਇਸ ਤੋਂ ਬਾਅਦ ਉਹਨੇ ਮਾਨਯੋਗ ਅਦਾਲਤ ਵਿੱਚ ਵੀ ਰੁੱਖ ਕੀਤਾ, ਜਿੱਥੇ ਫੈਸਲਾ ਅਜੇ ਬਾਕੀ ਹੈ। ਪੀੜਤ ਸੁਖਪ੍ਰੀਤ ਕੌਰ ਨੇ ਦੱਸਿਆ ਕਿ ਪਿਛਲੇ ਦਿਨੀਂ ਉਹਨਾਂ ਨੂੰ ਪਤਾ ਲੱਗਿਆ ਕਿ ਉਸਦੇ ਪਤੀ ਵੱਲੋਂ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਇੱਕ ਨਵਾਂ ਵਿਆਹ ਕਰ ਲਿਆ ਗਿਆ ਅਤੇ ਨਾ ਹੀ ਉਸਨੂੰ ਤਲਾਕ ਦਿੱਤਾ ਗਿਆ। ਇਸ ਨੂੰ ਲੈ ਕੇ ਉਹ ਆਪਣੀ 7 ਸਾਲ ਦੀ ਧੀ ਦੇ ਨਾਲ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੀ ਹੈ।


ਪੀੜਤ ਔਰਤ ਨੇ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਬਿਨਾਂ ਤਲਾਕ ਦਿੱਤੇ ਵਿਆਹ ਕਰਨਾ ਗੈਰ ਕਾਨੂੰਨੀ ਹੈ, ਜਿਸ 'ਤੇ ਉਸਦੇ ਪਤੀ ਸਮੇਤ ਉਹਦਾ ਸਾਥ ਦੇਣ ਵਾਲੇ ਪਰਿਵਾਰਿਕ ਮੈਂਬਰਾਂ 'ਤੇ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੀੜਤ ਔਰਤ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸਨੂੰ ਇਨਸਾਫ ਨਹੀਂ ਮਿਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।


ਇਸ ਮਾਮਲੇ 'ਚ ਜਦੋਂ ਸਹਿਣਾ ਪੁਲਿਸ ਨੂੰ ਪਤਾ ਲੱਗਿਆ ਤਾਂ ਮੌਕੇ 'ਤੇ ਪੁੱਜੇ ਪੁਲਿਸ ਥਾਣਾ ਸਹਿਣਾ ਦੇ ਐਸ.ਐਚ.ਓ ਅੰਮ੍ਰਿਤ ਸਿੰਘ ਨੇ ਪੀੜਤ ਲੜਕੀ ਨੂੰ ਹੌਸਲਾ ਦੇ ਕੇ ਪਾਣੀ ਦੀ ਟੈਂਕੀ ਤੋਂ ਹੇਠਾਂ ਲਾ ਲਿਆ। ਹੁਣ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: CM Bhagwant Mann Challenge: ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਨੂੰ ਦਿੱਤੀ ਖੁੱਲ੍ਹੀ ਚੁਣੌਤੀ; ਵੱਖ-ਵੱਖ ਮੁੱਦਿਆਂ 'ਤੇ ਬਹਿਸ ਲਈ ਦਿੱਤਾ ਸੱਦਾ