Docter Strike:  ਪਿਛਲੇ ਕਰੀਬ ਇੱਕ ਹਫ਼ਤੇ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਚੱਲ ਰਹੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਅਤੇ ਪੰਜਾਬ ਸਰਕਾਰ ਵਿਚਾਲੇ ਸਹਿਮਤੀ ਬਣ ਗਈ ਹੈ। ਸਰਕਾਰ ਵੱਲੋਂ ਡਾਕਟਰਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ, ਜਿਸ ਤੋਂ ਬਾਅਦ ਡਾਕਟਰਾਂ ਨੇ ਹੜ੍ਹਤਾਲ ਵਾਪਸ ਲੈਣ ਦਾ ਫੈਸਲਾ ਲੈ ਲਿਆ ਹੈ। ਇਸ ਦੇ ਨਾਲ ਹੀ ਪਿਛਲੇ ਇੱਕ ਹਫ਼ਤੇ ਦੌਰਾਨ ਮਰੀਜ਼ਾਂ ਦੀ ਜਾਂਚ ਨਾ ਹੋ ਸਕਣ ਦੇ ਚੱਲਦੇ ਹੁਣ ਸਰਕਾਰੀ ਹਸਪਤਾਲਾਂ ਵਿਚ ਡਾਕਟਰ ਸੋਮਵਾਰ ਅਤੇ ਮੰਗਲਵਾਰ ਨੂੰ ਆਪਣੀ ਓਪੀਡੀ ਨੂੰ ਦੋ ਹੋਰ ਘੰਟੇ ਲਈ ਵਧਾਉਣਗੇ।


COMMERCIAL BREAK
SCROLL TO CONTINUE READING

ਪੰਜਾਬ ਭਵਨ ਵਿੱਚ ਅੱਜ ਸਿਹਤ ਮੰਤਰੀ ਅਤੇ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਦੀ ਮੀਟਿੰਗ ਹੋਈ ਸੀ। ਜਿਸ ਤੋਂ ਬਾਅਦ ਹੜਤਾਲ ਖ਼ਤਮ ਕਰਨ ਦੀ ਜਾਣਕਾਰੀ ਮੀਟਿੰਗ ਤੋਂ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਅਤੇ ਸਿਹਤ ਮੰਤਰੀ ਨੇ ਵੀ ਕੀਤੀ ਹੈ। ਸੂਚਨਾ ਮੁਤਾਬਕ ਡਾਕਟਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ 'ਤੇ ਸਿਹਤ ਬੋਰਡ ਬਣੇਗਾ। ਇਸਤੋਂ ਇਲਾਵਾ ਸੁਰੱਖਿਆ ਦੇ ਮੱਦੇਨਜ਼ਰ ਹਰੇਕ ਹਸਪਤਾਲ ਵਿਚ ਸੁਰੱਖਿਆ ਮੁਹੱਈਆਂ ਕਰਵਾਈ ਜਾਵੇਗੀ। ਇਸਦੇ ਲਈ ਜਰੂਰਤ ਮੁਤਾਬਕ ਪੰਜਾਬ ਪੁਲਿਸ ਤੋਂ ਇਲਾਵਾ ਪੰਜਾਬ ਐਕਸ ਸਰਵਿਸ ਕਾਰਪੋਰੇਸ਼ਨ ਦੇ ਨਾਲ ਤਾਲਮੇਲ ਕੀਤਾ ਜਾਵੇਗਾ। ਸਿਹਤ ਮੰਤਰੀ ਡਾ ਬਲਬੀਰ ਸਿੰਘ ਮੁਤਾਬਕ ਜ਼ਿਲ੍ਹਾ ਹਸਪਤਾਲਾਂ ਤੇ ਮੈਡੀਕਲ ਕਾਲਜ਼ਾਂ ਵਿਚ ਕਰਨਲ ਜਾਂ ਬ੍ਰਿਗੇਡੀਅਰ ਪੱਧਰ ਦੇ ਅਧਿਕਾਰੀ ਨੂੰ ਸੁਰੱਖਿਆ ਇੰਚਾਰਜ ਬਣਾਇਆ ਜਾਵੇਗਾ।


ਇਸੇ ਤਰ੍ਹਾਂ ਡਾਕਟਰਾਂ ਤੇ ਮੈਡੀਕਲ ਸਟਾਫ਼ ਦੀ ਘਾਟ ਦੀ ਪੂਰਤੀ ਲਈ ਜਲਦੀ ਹੀ ਡਾਕਟਰਾਂ, ਸਟਾਫ ਨਰਸਾਂ ਅਤੇ ਹੋਰ ਸਟਾਫ਼ ਦੀ ਭਰਤੀ ਦਾ ਭਰੋਸਾ ਦਿੱਤਾ। ਤਰੱਕੀਆਂ ਦੇ ਮੁੱਦੇ ਨੂੰ ਵੀ ਜਲਦੀ ਹੀ ਸੁਲਝਾਉਣ ਦਾ ਵਿਸਵਾਸ ਦਿਵਾਇਆ ਗਿਆ। ਗੌਰਤਲਬ ਹੈ ਕਿ ਲੰਘੇ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਡਾਕਟਰਾਂ ਨੇ ਰੋਸ਼ ਵਜੋਂ ਅੱਧੇ ਦਿਨ ਓਪੀਡੀ ਸੇਵਾਵਾਂ ਬੰਦ ਰੱਖੀਆਂ ਸਨ ਜਦੋਂਕਿ ਵੀਰਵਾਰ ਤੋਂ ਪੂਰੇ ਦਿਨ ਲਈ ਇਹ ਸੇਵਾਵਾਂ ਠੱਪ ਕਰ ਦਿੱਤੀਆਂ ਸਨ। ਪ੍ਰੰਤੂ ਬੀਤੀ ਦੇਰ ਰਾਤ ਮੁੱਖ ਮੰਤਰੀ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਅੱਜ ਡਾਕਟਰਾਂ ਵੱਲੋਂ ਪੂਰੇ ਦਿਨ ਦੀ ਬਜਾਏ ਮੁੜ ਅੱਧੇ ਦਿਨ ਦੀ ਹੜਤਾਲ ਕੀਤੀ ਸੀ।