Punjab News: ਹੜ੍ਹਾਂ ਕਾਰਨ 2 ਮਹੀਨਿਆਂ ਤੋਂ ਫਸੇ ਰਹਿਣ ਤੋਂ ਬਾਅਦ ਕਿਸਾਨ ਦੀ JCB ਨੂੰ ਕੱਢਿਆ ਗਿਆ
Ferozepur News: ਬੀਐਸਐਫ ਦੇ ਜਵਾਨਾਂ ਵੱਲੋਂ ਫਿਰੋਜ਼ਪੁਰ ਵਿੱਚ ਇੱਕ ਕਿਸਾਨ ਦੀ ਜੇਸੀਬੀ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਣ ਲਈ ਸਥਾਨਕ ਕਿਸਾਨਾਂ ਨਾਲ ਹੱਥ ਮਿਲਾਇਆ ਗਿਆ।
Punjab Flood News: ਜੁਲਾਈ ਦੇ ਮਹੀਨੇ 'ਚ ਹੋਏ ਭਾਰੀ ਮੀਂਹ ਦੇ ਕਾਰਨ ਪੰਜਾਬ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਸਨ। ਇਸ ਦੌਰਾਨ ਸੁਲਤਾਨਪੁਰ ਲੋਧੀ, ਅਨੰਦਪੁਰ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਨੇ ਕਾਫੀ ਤਬਾਹੀ ਮਚਾਈ ਸੀ।
ਇਸ ਦੌਰਾਨ ਫਿਰੋਜ਼ਪੁਰ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਹੜ੍ਹਾਂ ਕਾਰਨ ਦੋ ਮਹੀਨਿਆਂ ਤੋਂ ਫਸੇ ਰਹਿਣ ਤੋਂ ਬਾਅਦ, ਐਤਵਾਰ ਨੂੰ ਇੱਕ ਕਿਸਾਨ ਦੀ JCB ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਗਿਆ।
ਬੀਐਸਐਫ ਦੇ ਜਵਾਨਾਂ ਵੱਲੋਂ ਫਿਰੋਜ਼ਪੁਰ ਵਿੱਚ ਇੱਕ ਕਿਸਾਨ ਦੀ ਜੇਸੀਬੀ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਣ ਲਈ ਸਥਾਨਕ ਕਿਸਾਨਾਂ ਨਾਲ ਹੱਥ ਮਿਲਾਇਆ ਗਿਆ।
ਬੀਐਸਐਫ ਪੰਜਾਬ ਫਰੰਟੀਅਰ ਵੱਲੋਂ ਇਸਦੀ ਵੀਡੀਓ ਵੀ ਆਪਣੇ ਅਧਿਕਾਰਿਤ ਟਵਿੱਟਰ (ਹੁਣ 'X') ਹੈਂਡਲ 'ਤੇ ਸਾਂਝੀ ਕੀਤੀ ਗਈ। ਉਨ੍ਹਾਂ ਲਿਖਿਆ, "ਹੜ੍ਹਾਂ ਕਾਰਨ 2 ਮਹੀਨਿਆਂ ਤੱਕ ਫਸੇ ਰਹਿਣ ਤੋਂ ਬਾਅਦ, ਜੇਸੀਬੀ ਨੂੰ ਇੱਕ ਅਸਥਾਈ ਲੱਕੜ ਦੇ ਬੇੜੇ 'ਤੇ ਚੁਣੌਤੀਪੂਰਨ ਸਤਲੁਜ ਵਿੱਚੋਂ ਸੁਰੱਖਿਅਤ ਢੰਗ ਨਾਲ ਘਰ ਲਿਆਂਦਾ ਗਿਆ।"
ਦੱਸ ਦਈਏ ਕਿ ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਹਾਲ ਹੀ ਵਿੱਚ ਸੂਬੇ ਵਿੱਚ ਆਏ ਹੜ੍ਹਾਂ ਦੌਰਾਨ ਕੀਤੀ ਗਈ ਪਹਿਲਕਦਮੀ ਦੇ ਵੇਰਵੇ ਦਿੰਦਿਆਂ ਕਿਹਾ ਗਿਆ ਸੀ ਕਿ ਵਿਭਾਗ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਵੀ ਡਟਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਰਾਹਤ ਪ੍ਰਦਾਨ ਕਰਨ ਲਈ ਦਿਨ-ਰਾਤ ਮਹਿਨਤ ਕਰ ਰਹੇ ਹਨ ਅਤੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਘੁਰਾਮ ਵਿਖੇ ਸਤਲੁਜ ਦਰਿਆ ਦੇ ਬੰਨ੍ਹ ਨੂੰ ਤੋੜਨ ਸਮੇਂ ਵੀ ਵਿਭਾਗ ਦੀ ਕਾਰਜਕੁਸ਼ਲਤਾ ਸਾਫ਼ ਦੇਖਣ ਨੂੰ ਮਿਲ ਰਹੀ ਸੀ।
ਦੱਸਣਯੋਗ ਹੈ ਕਿ ਜੁਲਾਈ ਦੇ ਮਹੀਨੇ ਵਿੱਚ 8 ਤੋਂ 10 ਤਾਰੀਖ ਤੱਕ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਰਿਕਾਰਡ ਤੋੜ ਬਾਰਿਸ਼ ਹੋਈ ਸੀ ਜਿਸ ਕਰਕੇ ਸੂਬੇ ਦੇ ਕਈ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਸਨ। ਇੰਨਾ ਹੀ ਨਹੀਂ ਜੁਲਾਈ ਤੋਂ ਬਾਅਦ ਮੁੜ ਭਾਰੀ ਬਾਰਿਸ਼ ਦਾ ਦੌਰ ਆਇਆ ਅਤੇ ਜਿਹੜੇ ਕਿਸਾਨ ਜੁਲਾਈ ਮਹੀਨੇ ਦਾ ਨੁਕਸਾਨ ਝੱਲ ਕੇ ਮੁੜ ਉੱਠਣ ਦੀ ਕੋਸ਼ਿਸ਼ ਕਰ ਰਹੇ ਸਨ, ਇੱਕ ਵਾਰ ਫਿਰ ਮੌਸਮ ਦੀ ਮਾਰ ਹੇਠ ਆ ਗਏ।
ਇਸ ਕਰਕੇ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਆਪਣੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।