Punjab News: ਪੰਜਾਬ ਵਿੱਚ ਝੋਨੇ ਦੀ ਖਰੀਦ ਨੇ 100 ਲੱਖ ਮੀਟ੍ਰਿਕ ਟਨ ਦਾ ਅੰਕੜਾ ਪਾਰ ਕਰ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਨਵਾਂ ਕੀਰਤੀਮਾਨ ਕਾਇਮ ਕੀਤਾ ਹੈ।


COMMERCIAL BREAK
SCROLL TO CONTINUE READING

ਇੱਥੇ ਇਹ ਦੱਸਣਾ ਜ਼ਿਕਰਯੋਗ ਹੈ ਕਿ ਮੌਜੂਦਾ ਖਰੀਦ ਸੀਜ਼ਨ ਦੌਰਾਨ ਸੂਬੇ ਦੀਆਂ ਮੰਡੀਆਂ ਵਿੱਚ 185 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਣ ਦੀ ਸੰਭਾਵਨਾ ਹੈ। ਇਸ ਵਾਰ ਸੂਬੇ ਵਿੱਚ ਝੋਨੇ ਹੇਠ 32 ਲੱਖ ਹੈਕਟੇਅਰ ਰਕਬਾ ਸੀ ਜੋ ਕੇਂਦਰੀ ਅਨਾਜ ਭੰਡਾਰ ਵਿੱਚ ਝੋਨੇ ਦਾ ਵੱਡਾ ਯੋਗਦਾਨ ਪਾਉਂਦਾ ਹੈ। ਸਾਉਣੀ ਮੰਡੀਕਰਨ ਸੀਜ਼ਨ 2024-25 ਦੌਰਾਨ ਭਾਰਤੀ ਰਿਜ਼ਰਵ ਬੈਂਕ ਪਹਿਲਾਂ ਹੀ 41,378 ਕਰੋੜ ਰੁਪਏ ਦੀ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਜਾਰੀ ਕਰ ਚੁੱਕੀ ਹੈ।


ਮੁੱਖ ਮੰਤਰੀ ਜਿਨ੍ਹਾਂ ਨੇ ਸੂਬੇ ਵਿੱਚ ਖਰੀਦ ਅਤੇ ਲਿਫਟਿੰਗ ਕਾਰਜਾਂ ਦੀ ਨਿਰੰਤਰ ਨਿਗਰਾਨੀ ਕੀਤੀ, ਨੇ ਨਿੱਜੀ ਤੌਰ ਉਤੇ ਮੰਡੀਆਂ ਵਿੱਚੋਂ ਕਿਸਾਨਾਂ ਦੇ ਇਕ-ਇਕ ਦਾਣੇ ਦੀ ਖਰੀਦ ਅਤੇ ਲਿਫਟਿੰਗ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਇਆ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅੰਕੜਿਆਂ ਮੁਤਾਬਕ 5 ਨਵੰਬਰ (ਮੰਗਲਵਾਰ) ਤੱਕ ਸੂਬੇ ਦੀਆਂ ਮੰਡੀਆਂ ਵਿੱਚ 110.89 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿੱਚੋਂ 105.09 ਲੱਖ ਮੀਟ੍ਰਿਕ ਟਨ ਫਸਲ ਦੀ ਖਰੀਦ ਹੋ ਚੁੱਕੀ ਹੈ। ਫਸਲ ਦੀ ਅਦਾਇਗੀ ਲਈ 22047 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਝੋਨੇ ਦੀ ਆਮਦ ਵਿੱਚ ਹੁਣ ਤੱਕ ਪਟਿਆਲਾ ਜ਼ਿਲ੍ਹਾ ਮੋਹਰੀ ਹੈ ਜਿੱਥੇ 9.42 ਲੱਖ ਮੀਟ੍ਰਿਕ ਟਨ ਫਸਲ ਪਹੁੰਚੀ ਹੈ। ਇਸ ਤੋਂ ਬਾਅਦ ਫਿਰੋਜ਼ਪੁਰ (8.14 ਐਲ.ਐਮ.ਟੀ.), ਤਰਨ ਤਾਰਨ (7.26 ਐਲ.ਐਮ.ਟੀ.), ਜਲੰਧਰ (7.16 ਐਲ.ਐਮ.ਟੀ.) ਅਤੇ ਸੰਗਰੂਰ (7.10 ਐਲ.ਐਮ..ਟੀ.) ਸ਼ਾਮਲ ਹਨ।


ਇਸ ਦੌਰਾਨ ਮੁੱਖ ਮੰਤਰੀ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਝੋਨੇ ਦੀ ਖਰੀਦ ਲਈ ਪੁਖਤਾ ਇੰਤਜ਼ਾਮ ਕਰਦਿਆਂ ਸੂਬਾ ਭਰ ਵਿੱਚ 2651 ਮੰਡੀਆਂ ਸਥਾਪਤ ਕੀਤੀ ਹੋਈਆਂ ਹਨ।