Lohri Bumper: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਲੋਹੜੀ ਮੱਕਰ ਸੰਕ੍ਰਾਂਤੀ ਬੰਪਰ ਲਾਟਰੀ 2025 ਲਈ ਇਨਾਮੀ ਰਾਸ਼ੀ ਵਿੱਚ ਮਹੱਤਵਪੂਰਨ ਵਾਧੇ ਦਾ ਐਲਾਨ ਕੀਤਾ, ਜੋ ਕਿ ਹੁਣ ਕੁੱਲ 10 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰਣਨੀਤਕ ਕਦਮ ਦੂਜੇ ਰਾਜਾਂ ਦੀਆਂ ਲਾਟਰੀਆਂ ਨੂੰ ਸਖ਼ਤ ਮੁਕਾਬਲਾ ਦੇਣ ਦੇ ਨਾਲ-ਨਾਲ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਹੋਏ ਵੱਡੇ ਇਨਾਮ ਜਿੱਤਣ ਦਾ ਰੋਮਾਂਚਕ ਮੌਕਾ ਪ੍ਰਦਾਨ ਕਰਨ ਲਈ ਪੁੱਟਿਆ ਗਿਆ ਹੈ।


COMMERCIAL BREAK
SCROLL TO CONTINUE READING

ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲਕਦਮੀ ਰਾਜ ਦੇ ਮਾਲੀਏ ਨੂੰ ਹੁਲਾਰਾ ਦੇਣ ਅਤੇ ਪੰਜਾਬ ਦੀ ਲਾਟਰੀ ਮਾਰਕੀਟ ਨੂੰ ਹੋਰਨਾਂ ਦੇ ਮੁਕਾਬਲੇ ਵਧੇਰੇ ਆਕਰਸ਼ਕ ਬਣਾਉਣ ਲਈ ਇੱਕ ਵਿਆਪਕ ਦ੍ਰਿਸ਼ਟੀਕੋਣ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ "ਪੰਜਾਬ ਰਾਜ ਲੋਹੜੀ ਮਕਰ ਸੰਕ੍ਰਾਂਤੀ ਬੰਪਰ ਲਾਟਰੀ 2025” ਰਾਜ ਦੇ ਲੋਕਾਂ ਲਈ ਦੋਵਾਂ ਪਾਸਿਓਂ ਹੀ ਜਿੱਤ ਦਾ ਮੌਕਾ ਹੈ। ਉਨਾਂ ਕਿਹਾ ਕਿ ਇਹ ਲਾਟਰੀ ਨਾ ਸਿਰਫ ਮਹੱਤਵਪੂਰਨ ਇਨਾਮ ਜਿੱਤਣ ਦਾ ਮੌਕਾ ਹੈ, ਬਲਕਿ ਇਹਨਾਂ ਸਰਕਾਰੀ ਲਾਟਰੀਆਂ ਤੋਂ ਪੈਦਾ ਹੋਣ ਵਾਲੀ ਆਮਦਨ ਸਿੱਧੇ ਤੌਰ 'ਤੇ ਉਨ੍ਹਾਂ ਵਿਕਾਸ ਪ੍ਰਾਜੈਕਟਾਂ ਤੇ ਖਰਚ ਕੀਤੀ ਜਾਂਦੀ ਹੈ ਜਿੰਨ੍ਹਾਂ ਤੋਂ ਸੂਬੇ ਦੇ ਸਾਰੇ ਲੋਕਾਂ ਨੂੰ ਫਾਇਦਾ ਪਹੁੰਚਦਾ ਹੈ। 


ਵਿੱਤ ਮੰਤਰੀ ਨੇ ਕਿਹਾ ਕਿ ਵਧੀ ਹੋਈ ਇਨਾਮੀ ਰਾਸ਼ੀ ਸਦਕਾ ਲੋਹੜੀ ਬੰਪਰ ਤੋਂ ਦੂਜੇ ਰਾਜਾਂ ਦੀਆਂ ਲਾਟਰੀਆਂ ਲਈ ਇੱਕ ਜ਼ਬਰਦਸਤ ਚੁਣੌਤੀ ਹੋਵੇਗੀ, ਜਿਸ ਨਾਲ ਲਾਟਰੀ ਤੋਂ ਇਕੱਠੇ ਕੀਤੇ ਮਾਲੀਏ ਵਿੱਚ ਮਹੱਤਵਪੂਰਨ ਵਾਧਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਹ ਫੰਡ ਪੰਜਾਬ ਭਰ ਵਿੱਚ ਵੱਖ-ਵੱਖ ਵਿਕਾਸ ਪਹਿਲਕਦਮੀਆਂ ਲਈ ਵਰਤੇ ਜਾਣਗੇ, ਜਿਸ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ, ਵਿਦਿਅਕ ਪ੍ਰੋਗਰਾਮਾਂ ਅਤੇ ਸਿਹਤ ਸੇਵਾਵਾਂ ਸ਼ਾਮਲ ਹਨ।


ਇਨਾਮਾਂ ਦੇ ਵੇਰਵੇ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ 500 ਰੁਪਏ ਦੀ ਇਹ ਲਾਟਰੀ ਟਿਕਟ ਆਕਰਸ਼ਕ ਇਨਾਮ ਜਿੱਤਣ ਦਾ ਮੌਕਾ ਪੇਸ਼ ਕਰਦੀ ਹੈ, ਜਿਸ ਵਿੱਚ ਪਹਿਲਾ ਇਨਾਮ 10 ਕਰੋੜ ਰੁਪਏ, ਦੂਸਰੇ ਇਨਾਮ ਲਈ 1 ਕਰੋੜ ਰੁਪਏ, ਤੀਸਰੇ ਲਈ 50 ਲੱਖ ਰੁਪਏ, ਅਤੇ ਹੋਰ ਕਈ ਇਨਾਮ ਹਨ। ਉਨ੍ਹਾਂ ਕਿਹਾ ਕਿ ਇਸ ਲਾਟਰੀ ਤਹਿਤ ਕੁੱਲ 68,819 ਇਨਾਮਾਂ ਦੀ ਪੇਸ਼ਕਸ਼ ਕੀਤੀ ਗਈ ਹੈ ਜਿਸ ਦੀ ਕੁੱਲ ਇਨਾਮੀ ਰਾਸ਼ੀ 23,47,90,000 ਰੁਪਏ ਹੈ।


ਵਿੱਤ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬ ਸਰਕਾਰ ਸੂਬੇ ਦੀਆਂ ਆਪਣੀਆਂ ਮਾਲੀਆ ਪ੍ਰਾਪਤੀਆਂ ਨੂੰ ਵਧਾਉਣ ਲਈ ਨਵੀਨਤਾਕਾਰੀ ਰਣਨੀਤੀਆਂ ਨੂੰ ਸਰਗਰਮੀ ਨਾਲ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪਹੁੰਚ ਦਾ ਉਦੇਸ਼ ਸੂਬੇ ਨੂੰ ਵਿਕਾਸ ਦੀਆਂ ਉੱਚੀਆਂ ਲੀਹਾਂ 'ਤੇ ਲਿਜਾਣਾ ਹੈ, ਤਾਂ ਜੋ ਸੂਬੇ ਅੰਦਰ ਖੁਸ਼ਹਾਲੀ ਅਤੇ ਤਰੱਕੀ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ।