Punjab Patwaris News: CM ਭਗਵੰਤ ਮਾਨ ਨੇ 710 ਪਟਵਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ, ਕੀਤਾ ਇਹ ਵੱਡਾ ਐਲਾਨ
Punjab Patwaris News: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵੱਲੋਂ ਨਵ-ਨਿਯੁਕਤ ਪਟਵਾਰੀਆਂ (Punjab Patwaris) ਨੂੰ ਨਿਯੁਕਤੀ ਪੱਤਰ ਦੇਣ ਦਾ ਇਹ ਪ੍ਰੋਗਰਾਮ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਸਵੇਰੇ 11 ਵਜੇ ਹੋ ਰਿਹਾ ਹੈ।
Punjab Patwaris News: ਪੰਜਾਬ ਸਰਕਾਰ ਦੀ ਕਾਰਜਸ਼ੈਲੀ ਅਤੇ ਕਾਰਵਾਈ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਅਤੇ ਪਟਵਾਰੀਆਂ ਅਤੇ ਕਾਨੂੰਨਗੋ ਦਰਮਿਆਨ ਵਿਵਾਦ ਵਧਦਾ ਜਾ ਰਿਹਾ ਹੈ ਪਰ ਇਸ ਨਾਲ ਪੰਜਾਬੀ ਨੌਜਵਾਨਾਂ ਲਈ ਰੁਜ਼ਗਾਰ ਦਾ ਰਾਹ ਜ਼ਰੂਰ ਖੁੱਲ੍ਹ ਗਿਆ। ਮੁੱਖ ਮੰਤਰੀ ਭਗਵੰਤ ਮਾਨ ਅੱਜ 8 ਸਤੰਬਰ ਨੂੰ ਟੈਸਟ ਪਾਸ ਕਰਨ ਵਾਲੇ 710 ਪਟਵਾਰੀਆਂ (Punjab Patwaris) ਨੂੰ ਨਿਯੁਕਤੀ ਪੱਤਰ ਸੌਂਪ ਦਿੱਤੇ ਹਨ।
ਨਵ-ਨਿਯੁਕਤ ਪਟਵਾਰੀਆਂ ਦਾ ਭੱਤਾ ਵਧਾ ਕੇ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ
ਇਸ ਦੌਰਾਨ CM ਭਗਵੰਤ ਮਾਨ ਨੇ ਨਵ-ਨਿਯੁਕਤ ਪਟਵਾਰੀਆਂ ਨੂੰ ਇੱਕ ਹੋਰ ਖੁਸ਼ਖਬਰੀ ਦਿੰਦਿਆਂ ਕਿਹਾ ਕਿ ਹੁਣ ਉਮੀਦਵਾਰਾਂ ਨੂੰ ਸਿਖਲਾਈ ਦੌਰਾਨ 5,000 ਰੁਪਏ ਦੀ ਬਜਾਏ 18,000 ਰੁਪਏ ਪ੍ਰਤੀ ਮਹੀਨਾ ਵਿੱਤੀ ਭੱਤਾ ਮਿਲੇਗਾ। ਕਿਉਂਕਿ ਅੱਜ ਦੇ ਸਮੇਂ ਵਿੱਚ MSC B-TECH ਅਤੇ ਹੋਰ ਡਿਗਰੀ ਧਾਰਕਾਂ ਲਈ ਪੰਜ ਹਜ਼ਾਰ ਰੁਪਏ ਦਾ ਭੱਤਾ ਨਾਂਹ ਦੇ ਬਰਾਬਰ ਹੈ। ਅਗਲੇ ਇੱਕ-ਦੋ ਦਿਨਾਂ ਵਿੱਚ ਇਹ ਭੱਤਾ ਵਧਾ ਕੇ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਜਾਵੇਗਾ।
586 ਨਵੀਆਂ ਅਸਾਮੀਆਂ ਲਈ ਇਸ਼ਤਿਹਾਰ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ 586 ਨਵੀਆਂ ਅਸਾਮੀਆਂ ਲਈ ਇਸ਼ਤਿਹਾਰ ਵੀ ਦੇ ਰਹੀ ਹੈ। ਉਨ੍ਹਾਂ ਨਵ-ਨਿਯੁਕਤ ਪਟਵਾਰੀਆਂ ਨੂੰ ਕਿਹਾ ਕਿ ਉਹ ਆਪਣੇ ਤਜ਼ਰਬੇ ਪੰਜਾਬ ਦੇ ਹੋਰ ਲੜਕੇ-ਲੜਕੀਆਂ ਨਾਲ ਸਾਂਝੇ ਕਰਨ। ਉਨ੍ਹਾਂ ਕਿਹਾ ਕਿ ਕਦੇ ਵੀ ਕਿਸੇ ਦੀ ਲੱਤ ਖਿੱਚਣ ਦੀ ਕੋਸ਼ਿਸ਼ ਨਾ ਕਰੋ, ਸਗੋਂ ਉਸ ਨੂੰ ਆਪਣੀਆਂ ਗਲਤੀਆਂ ਬਾਰੇ ਦੱਸੋ ਅਤੇ ਆਪਣੇ ਤਜ਼ਰਬੇ ਸਾਂਝੇ ਕਰਕੇ ਅੱਗੇ ਵਧੋ।
ਇਸ ਪ੍ਰੋਗਰਾਮ ਵਿੱਚ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੀ ਮੌਜੂਦ ਰਹੇ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਨਵ-ਨਿਯੁਕਤ ਪਟਵਾਰੀਆਂ ਨੂੰ ਪੰਜਾਬ ਸਰਕਾਰ ਦਾ ਹਿੱਸਾ ਬਣਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਹੋਣ ਵਾਲਾ ਪ੍ਰੋਗਰਾਮ ਪੰਜਾਬ ਦੇ ਅਗਲੇ 30-40 ਸਾਲਾਂ ਦੀ ਨੀਂਹ ਰੱਖੇਗਾ।
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦੇ ਕਿਹਾ ਕਿ ਅੱਜ ਕੋਈ ਰਾਜਨੀਤਿਕ ਰੈਲੀ ਜਾਂ ਸ਼ਕਤੀ ਪ੍ਰਦਰਸ਼ਨ ਕਰਨ ਨਹੀਂ ਆਏ ਹਨ। ਅਸੀਂ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਆਏ ਹਨ। ਇਸ ਦੌਰਾਨ ਮਾਨ ਨੇ ਪਿਛਲੀਆਂ ਸਰਕਾਰਾਂ ਉੱਤੇ ਸ਼ਬਦੀ ਹਮਲਾ ਕੀਤਾ ਅਤੇ ਕਿਹਾ ਕਿ ਪਹਿਲਾਂ ਆਪਸ ਵਿੱਚ ਸਰਕਾਰਾਂ ਚੱਲਦੀਆਂ ਰਹੀਆਂ ਹਨ। ਪਿਛਲੀਆਂ ਸਰਕਾਰਾਂ ਨੇ ਸਕੂਲਾਂ ਅਤੇ ਹਸਪਤਾਲਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਹੈ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੁਰਾਣੇ ਰੀਤੀ ਰਿਵਾਜਾਂ ਨੂੰ ਬਦਲਾਂਗੇ। ਇਸ ਦੌਰਾਨ ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਕੁਰਸੀਆਂ ਉੱਤੇ ਬੈਠਣ ਨਹੀਂ ਆਏ ਹਨ।
ਇਸ ਦੌਰਾਨ ਮੁੱਖ ਮੰਤਰੀ ਭ੍ਰਿਸ਼ਟਾਚਾਰ 'ਤੇ ਬੋਲੇ ਅਤੇ ਉਨ੍ਹਾਂ ਕਿਹਾ ਕਿ ਹੇਠਲੇ ਪੱਧਰ 'ਤੇ ਭ੍ਰਿਸ਼ਟਾਚਾਰ ਨੂੰ ਉਦੋਂ ਹੀ ਖਤਮ ਕੀਤਾ ਜਾ ਸਕਦਾ ਹੈ, ਜਦੋਂ ਉਪਰੋਂ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਜਦੋਂ ਸਿਸਟਨ ਬਦਲਣ ਦੀ ਗੱਲ ਆਉਂਦੀ ਹੈ ਤਾਂ ਰਿਐਕਸ਼ਨ ਵੀ ਜ਼ਰੂਰ ਆਉਂਦਾ ਹੈ। ਉਹਨਾਂ ਨੇ ਕਿਹਾ ਅੱਜ ਦੇ ਸਮੇਂ ਵਿੱਚ ਰਿਸ਼ਵਤ ਲੈਣ ਵਾਲੇ ਬੋਲਦੇ ਹਨ ਕਿ ਸਾਡਾ ਵੀ ਧਿਆਨ ਰੱਖਣਾ। ਰਿਸ਼ਵਤ ਦੇ ਵੀ ਅੱਜ ਦੇ ਸਮੇਂ ਵਿੱਚ ਕਈ ਨਾਂਅ ਰੱਖੇ ਗਏ ਹਨ ਪਰ ਅਸੀਂ ਨੌਜਵਾਨਾਂ ਤੋਂ ਸਹੀ ਫੈਸਲੇ ਲੈਣ ਦੀ ਉਮੀਦ ਕਰਦੇ ਹਨ ਅਤੇ ਇਮਾਨਦਾਰ ਲੋਕਾਂ ਨੂੰ ਨਾਲ ਲੈ ਕੇ ਚੱਲਾਂਗੇ।
-ਇਸ ਦੌਰਾਨ CM ਮਾਨ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਲੋਕਾਂ ਨੂੰ ਵਧੀਆ ਸਹੂਲਤਾਂ ਮੁਫਤ ਪ੍ਰਦਾਨ ਕਰਦੀ ਹੈ। ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਹੈ ਅਤੇ ਸਕੂਲ ਆਫ਼ ਐਮੀਨੈਂਸ ਦੀ ਸ਼ੂਰਆਤ 13 ਸਤਬੰਰ ਨੂੰ ਅੰਮ੍ਰਿਤਸਰ ਵਿੱਚ ਕਰਨ ਜਾ ਰਹੇ ਹਨ। ਇਸ ਦੌਰਾਨ ਪੰਜਾਬ ਦੇ ਸਕੂਲਾਂ ਦੇ ਬੱਚਿਆਂ ਨੂੰ ਚੰਦਰਯਾਨ -3 ਦੀ ਲਾਂਚਿਗ ਦੇਖਣ ਲਈ ਭੇਜਿਆ।
-ਸਰਕਾਰ ਨੂੰ ਕਲਮ ਛੱਡ ਹੜਤਾਲ ਨਹੀਂ ਚਾਹੀਦੀ
ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਸਰਕਾਰ ਕਦੇ ਨਹੀਂ ਚਾਹੁੰਦੀ ਕਿ ਉਹ ਕਲਮ ਛੱਡ ਕੇ ਹੜਤਾਲ 'ਤੇ ਜਾਣ। ਉਹਨਾਂ ਨੇ ਕਿਹਾ ਕਿ ਦਿੱਲੀ 'ਚ 'ਆਪ' ਸਰਕਾਰ ਨੂੰ 8 ਸਾਲ ਅਤੇ ਪੰਜਾਬ 'ਚ ਡੇਢ ਸਾਲ ਦਾ ਸਮਾਂ ਹੋ ਗਿਆ ਹੈ। ਪਰ ਦੋਵਾਂ ਥਾਵਾਂ 'ਤੇ ਇਕ ਰੁਪਿਆ ਵੀ ਕਰਜ਼ੇ ਵਿੱਚ ਨਹੀਂ ਜਾਣ ਦਿੱਤਾ ਗਿਆ। ਜਦਕਿ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਪੰਜਾਬ 'ਚ 90 ਫੀਸਦੀ ਬਿਜਲੀ ਦੇ ਬਿੱਲ ਜ਼ੀਰੋ 'ਤੇ ਆ ਗਏ ਹਨ।
-ਪੁਰਾਣੀਆਂ ਸਰਕਾਰਾਂ ਦੇ ਬਿਜਲੀ ਬੋਰਡ 'ਤੇ ਨੌਂ ਹਜ਼ਾਰ ਕਰੋੜ ਦਾ ਕਰਜ਼ਾ
CM ਮਾਨ ਨੇ ਬਿਜਲੀ ਬਿੱਲ ਬਾਰੇ ਜ਼ਿਕਰ ਕਰਦੇ ਕਿਹਾ ਕਿ ਬਿਜਲੀ ਬੋਰਡ ਦਾ ਕੋਈ ਕਰਜ਼ਾ ਨਹੀਂ ਹੈ ਅਤੇ ਪੰਜਾਬ ਦੇ 90 ਫੀਸਦੀ ਲੋਕਾਂ ਦੇ ਬਿਜਲੀ ਦੇ ਬਿੱਲ ਫ੍ਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਕਿਹਾ ਕਿ ਲੋਕਾਂ ਦੇ ਟੈਕਸ ਦੀ ਸਹੀ ਵਰਤੋਂ ਕੀਤੀ ਹੈ। ਦੂਜੇ ਪਾਸੇ ਕਿਹਾ ਕਿ ਅਸੀਂ ਪੁਰਾਣੀ ਸਰਕਾਰਾਂ ਦੇ ਕਰਜ਼ੇ ਅਜੇ ਤੱਕ ਮੋੜ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਬਿਜਲੀ ਬੋਰਡ 'ਤੇ ਨੌਂ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਛੱਡਿਆ ਸੀ। ਇਹ ਕਰਜ਼ਾ ਪੰਜ ਕਿਸ਼ਤਾਂ ਵਿੱਚ ਦਿੱਤਾ ਜਾਵੇਗਾ, ਜਿਸ ਦੀ ਪਹਿਲੀ ਕਿਸ਼ਤ 1800 ਕਰੋੜ ਰੁਪਏ ਦਿੱਤੀ ਗਈ ਹੈ।
-ਪਰ ਹੁਣ ਖ਼ਜ਼ਾਨਾ ਕਦੇ ਖ਼ਾਲੀ ਨਹੀਂ ਹੁੰਦਾ। ਇੱਥੋਂ ਤੱਕ ਕਿ ਜੀਐਸਟੀ ਕਲੈਕਸ਼ਨ ਵੀ ਵਧਿਆ ਹੈ। ਇਹ ਪੈਸਾ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਖਰਚਿਆ ਜਾਵੇਗਾ। ਸਰਕਾਰਾਂ ਦਾ ਕੰਮ ਟੈਕਸ ਇਕੱਠਾ ਕਰਨਾ ਅਤੇ ਸਹੂਲਤਾਂ ਦੇਣਾ ਹੈ। ਉਹਨਾਂ ਨੇ ਕਿਹਾ ਕਿ ਨੀਅਤ ਖਾਲੀ ਹੁੰਦੀ ਹੈ ਅਤੇ ਖਜ਼ਾਨੇ ਖਾਲੀ ਨਹੀਂ ਹੁੰਦੇ ਹਨ।
ਇਹ ਵੀ ਪੜ੍ਹੋ: Patwaris Resign In Punjab: ਪੰਜਾਬ ਭਰ 'ਚ ਪਟਵਾਰੀਆਂ ਦਾ ਸੰਘਰਸ਼ ਤੇਜ਼, 19 ਨੇ ਦਿੱਤੇ ਅਸਤੀਫੇ
ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵੱਲੋਂ ਨਵ-ਨਿਯੁਕਤ ਪਟਵਾਰੀਆਂ (Punjab Patwaris) ਨੂੰ ਨਿਯੁਕਤੀ ਪੱਤਰ ਦੇਣ ਦਾ ਇਹ ਪ੍ਰੋਗਰਾਮ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਸਵੇਰੇ 11 ਵਜੇ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਦੋ ਦਿਨ ਪਹਿਲਾਂ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਦੇ ਸੁਨੇਹੇ ਤੋਂ ਇਲਾਵਾ ਪਟਵਾਰੀਆਂ ਦੀ ਨਵੀਂ ਭਰਤੀ ਲਈ ਜਲਦੀ ਹੀ ਇਸ਼ਤਿਹਾਰ ਜਾਰੀ ਕਰਨ ਦੀ ਗੱਲ ਵੀ ਕਹੀ।
ਪਟਵਾਰੀਆਂ 'ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਆਪਣੇ ਟਵੀਟ 'ਚ ਲਿਖਿਆ, ਉਮੀਦ ਹੈ ਕਿ ਨਵੇਂ ਹੱਥਾਂ 'ਚ ਨਵੀਂ ਕਲਮ ਸੌਂਪੀ ਜਾਵੇਗੀ, ਉਹ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ।
ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਪਟਵਾਰੀਆਂ ਦੀ ਹੜਤਾਲ ਖਤਮ ਕਰਨ ਲਈ ਸੂਬੇ ਵਿੱਚ ਐਸਮਾ ਐਕਟ ਲਾਗੂ ਕਰ ਦਿੱਤਾ ਹੈ। ਇਸ ਤੋਂ ਨਾਰਾਜ਼ ਪਟਵਾਰੀਆਂ ਨੇ ਐਲਾਨ ਕੀਤਾ ਕਿ ਉਹ ਆਪਣੇ ਸਰਕਲਾਂ ਤੋਂ ਇਲਾਵਾ ਹੋਰ ਸਰਕਲਾਂ ਵਿੱਚ ਕੰਮ ਨਹੀਂ ਕਰਨਗੇ। ਅਜਿਹਾ ਸਰਕਾਰ 'ਤੇ ਦਬਾਅ ਬਣਾਉਣ ਲਈ ਕੀਤਾ ਗਿਆ ਸੀ। ਪਰ ਪੰਜਾਬ ਸਰਕਾਰ ਨੇ ਅੰਡਰ ਟਰੇਨਿੰਗ ਪਟਵਾਰੀਆਂ ਨੂੰ ਵੀ ਨਿਯੁਕਤੀ ਪੱਤਰ ਦੇ ਕੇ ਉਨ੍ਹਾਂ ਨੂੰ ਡਿਊਟੀ 'ਤੇ ਲਿਆਉਣ ਦਾ ਐਲਾਨ ਕੀਤਾ ਹੈ ਅਤੇ ਜਲਦੀ ਹੀ ਨਵੀਂ ਭਰਤੀ ਕੀਤੀ ਜਾਵੇਗੀ।
ਗੌਰਤਲਬ ਹੈ ਕਿ ਬੀਤੇ ਦਿਨੀ ਪੰਜਾਬ ਭਰ ਦੇ ਪਟਵਾਰੀਆਂ ਤੇ ਕਾਨੂੰਗੋ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰ ਦਿੱਤਾ ਹੈ, ਜਿਸ ਕਾਰਨ ਪੰਜਾਬ ਭਰ ਦੇ ਪਟਵਾਰੀਆਂ ਨੇ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਭਰ ਦੇ ਕਰੀਬ 19 ਪਟਵਾਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।