Punjab News: ਮੁੜ ਰਾਜਪਾਲ ਪੁਰੋਹਿਤ ਨੇ ਮੁੱਖ ਮੰਤਰੀ ਮਾਨ ਨੂੰ ਲਿਖਿਆ ਪੱਤਰ, ਇਹਨਾਂ ਮੁੱਦਿਆਂ ਉੱਤੇ ਮੰਗੀ ਰਿਪੋਰਟ
CM Bhagwant Mann vs Governor Banwarilal Purohit News: ਹਾਲ ਹੀ ਵਿੱਚ ਤਬਾਦਲੇ ਕੀਤੇ ਗਏ ਐਸਐਸਪੀ ਤਰਨਤਾਰਨ ਗੁਰਮੀਤ ਸਿੰਘ ਚੌਹਾਨ ਅਤੇ ਰੇਤ ਦੀ ਮਾਈਨਿੰਗ ਰੋਕਣ ਗਈ ਪੁਲਿਸ ਟੀਮ ਨੂੰ ਮੁਅੱਤਲ ਕਰਨ ਦੇ ਮਾਮਲੇ ਵਿੱਚ ਵੀ ਵਿਸਥਾਰਤ ਰਿਪੋਰਟ ਮੰਗੀ ਗਈ ਹੈ।
CM Bhagwant Mann vs Governor Banwarilal Purohit News: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਹੋਰ ਚਿੱਠੀ ਲਿਖੀ ਹੈ। ਇਸ ਵਾਰ ਉਨ੍ਹਾਂ ਨੇ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀ, ਵਿਧਾਇਕ ਵੱਲੋਂ ਪੁਲਿਸ 'ਤੇ ਲਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਗੈਰ-ਕਾਨੂੰਨੀ ਮਾਈਨਿੰਗ 'ਚ ਵਿਧਾਇਕ ਦੇ ਕਰੀਬੀ ਰਿਸ਼ਤੇਦਾਰ ਦੀ ਸ਼ਮੂਲੀਅਤ ਨੂੰ ਲੈ ਕੇ ਪੱਤਰ ਲਿਖਿਆ ਹੈ। ਪੱਤਰ ਵਿੱਚ ਪੁਲਿਸ ਅਧਿਕਾਰੀਆਂ ਦੀ ਮੁਅੱਤਲੀ ਅਤੇ ਤਬਾਦਲੇ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਦਰਅਸਲ ਇਸ ਵਾਰ ਪੰਜਾਬ ਦੇ ਰਾਜਪਾਲ ਨੇ ਪੱਤਰ ਵਿੱਚ ਰੇਤ ਦੀ ਖੁਦਾਈ ਦਾ ਮੁੱਦਾ ਚੁੱਕਿਆ ਹੈ। ਇੰਨਾ ਹੀ ਨਹੀਂ ਹਾਲ ਹੀ ਵਿੱਚ ਤਬਾਦਲੇ ਕੀਤੇ ਗਏ ਐਸਐਸਪੀ ਤਰਨਤਾਰਨ ਗੁਰਮੀਤ ਸਿੰਘ ਚੌਹਾਨ ਅਤੇ ਰੇਤ ਦੀ ਮਾਈਨਿੰਗ ਰੋਕਣ ਗਈ ਪੁਲਿਸ ਟੀਮ ਨੂੰ ਮੁਅੱਤਲ ਕਰਨ ਦੇ ਮਾਮਲੇ ਵਿੱਚ ਵੀ ਵਿਸਥਾਰਤ ਰਿਪੋਰਟ ਮੰਗੀ ਗਈ ਹੈ।
ਇਸ ਦੇ ਪਿਛੋਕੜ ਵਿੱਚ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਦੀ ਇੱਕ ਟੀਮ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਰਾਤ ਸਮੇਂ ਚੱਲ ਰਹੀ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀ ਦਾ ਪਰਦਾਫਾਸ਼ ਕੀਤਾ ਅਤੇ ਵਿਧਾਇਕ ਦਾ ਇੱਕ ਨਜ਼ਦੀਕੀ ਰਿਸ਼ਤੇਦਾਰ ਇਸ ਦਾ ਹਿੱਸਾ ਹੈ। ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ 'ਤੇ ਛਾਪਾ ਮਾਰਨ ਗਈ ਪੁਲਿਸ ਪਾਰਟੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਐਸਐਸਪੀ ਦਾ ਤਬਾਦਲਾ ਕਰ ਦਿੱਤਾ ਗਿਆ ਸੀ।
CM Bhagwant Mann vs Governor Banwarilal Purohit
ਇਹ ਵੀ ਪੜ੍ਹੋ: Punjab News: CM ਭਗਵੰਤ ਮਾਨ ਨੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਭੇਜਿਆ 50,000 ਕਰੋੜ ਰੁਪਏ ਦੇ ਕਰਜੇ ਦਾ ਵੇਰਵਾ
ਦੱਸ ਦਈਏ ਕਿ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਟਵੀਟ 'ਤੇ ਹਟਾਏ ਗਏ ਤਰਨਤਾਰਨ ਦੇ ਐਸਐਸਪੀ ਗੁਰਮੀਤ ਚੌਹਾਨ ਨੂੰ ਅੱਜ ਫੁੱਲਾਂ ਦੇ ਹਾਰ ਪਾ ਕੇ ਵਿਦਾਇਗੀ ਦਿੱਤੀ ਗਈ। ਹਾਲਾਤ ਅਜਿਹੇ ਬਣ ਗਏ ਕਿ ਗੁਰਮੀਤ ਚੌਹਾਨ ਨੂੰ ਜਾਂਦੇ ਦੇਖ ਪੁਲਿਸ ਕਰਮਚਾਰੀ ਭਾਵੁਕ ਹੋ ਗਏ। ਐਸਐਸਪੀ ਓਪਨ ਜਿਪਸੀ ਵਿੱਚ ਸਾਰਿਆਂ ਨੂੰ ਸਲਾਮੀ ਦਿੰਦੇ ਹੋਏ ਰਵਾਨਾ ਹੋਏ।
ਕੀ ਸੀ ਪੂਰਾ ਮਾਮਲਾ
ਇਹ ਵਿਵਾਦ ਤਰਨਤਾਰਨ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਟਵੀਟ ਤੋਂ ਸ਼ੁਰੂ ਹੋਇਆ ਸੀ। ਲਾਲਪੁਰਾ ਨੇ ਐਸਐਸਪੀ ਤਰਨਤਾਰਨ ’ਤੇ ਦੋਸ਼ ਲਾਏ ਸਨ। ਇਸ ਦੇ ਨਾਲ ਹੀ ਐਸਐਸਪੀ ਤਰਨਤਾਰਨ ਗੁਰਮੀਤ ਚੌਹਾਨ ਨੇ ਵੀ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਦੋਸ਼ ਹਨ ਅਤੇ ਉਹ ਇਨ੍ਹਾਂ ਦਾ ਜਵਾਬ ਨਹੀਂ ਦੇਣਗੇ।
ਉਨ੍ਹਾਂ ਕਿਹਾ ਸੀ ਕਿ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਜੋ ਵੀ ਦੋਸ਼ ਲਾਏ ਗਏ ਹਨ, ਉਹ ਇਨ੍ਹਾਂ ਦੋਸ਼ਾਂ ਦਾ ਕੋਈ ਜਵਾਬ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਦੇ ਸੀਨੀਅਰ ਹੀ ਕੁਝ ਕਹਿਣਗੇ। ਵਿਧਾਇਕ ਦੇ ਰਿਸ਼ਤੇਦਾਰ ਦੀ ਗ੍ਰਿਫ਼ਤਾਰੀ ’ਤੇ ਐਸਐਸਪੀ ਨੇ ਦੱਸਿਆ ਕਿ ਪੁਲਿਸ ਨੂੰ ਰਾਤ ਨੂੰ ਸੂਚਨਾ ਮਿਲੀ ਸੀ ਕਿ ਭੇਲ ਢਾਈਵਾਲਾ ਵਿੱਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਜਿਸ 'ਤੇ 9 ਟਿੱਪਰ, 1 ਇਨੋਵਾ ਗੱਡੀ, 1 ਮੋਟਰਸਾਈਕਲ ਅਤੇ 1 ਪੋਪਲੇਨ ਮਸ਼ੀਨ ਬਰਾਮਦ ਕਰਕੇ 13 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਸ ਵਿੱਚ ਵਿਧਾਇਕ ਦਾ ਇੱਕ ਰਿਸ਼ਤੇਦਾਰ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਰੁਟੀਨ ਅਪਰੇਸ਼ਨ ਸੀ, ਇਸ ਪਿੱਛੇ ਕੋਈ ਹੋਰ ਕਾਰਨ ਨਹੀਂ ਸੀ।
(ਰੋਹਿਤ ਬਾਂਸਲ ਦੀ ਰਿਪੋਰਟ)