Punjab Governor vs CM Bhagwant Mann over Gurbani Telecast Row: ਪੰਜਾਬ 'ਚ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਨੂੰ ਲੈ ਕੇ ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਚਿੱਠੀ ਲਿਖੀ ਗਈ ਸੀ ਅਤੇ ਉਨ੍ਹਾਂ ਤੋਂ ਅਪੀਲ ਕੀਤੀ ਗਈ ਸੀ ਕਿ ਵਿਧਾਨ ਸਭਾ 'ਚ ਪਾਸ ਕੀਤੇ ਗਏ ਬਿਲ, ਜਿਨ੍ਹਾਂ 'ਚੋਂ ਸਿੱਖ ਗੁਰਦੁਆਰਾ ਸੋਧ ਬਿੱਲ ਵੀ ਇੱਕ ਸੀ, ਉਨ੍ਹਾਂ ਨੂੰ ਪਾਸ ਕੀਤਾ ਜਾਵੇ। ਹੁਣ ਇਸ 'ਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦਾ ਜਵਾਬ ਸਾਹਮਣੇ ਆਇਆ ਹੈ। 


COMMERCIAL BREAK
SCROLL TO CONTINUE READING

ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਸੂਬਾ ਸਰਕਾਰ ਵੱਲੋਂ 19 ਅਤੇ 20 ਜੂਨ ਨੂੰ ਸੱਦਾ ਗਿਆ ਇਜਲਾਸ ਕਾਨੂੰਨ ਦੇ ਅਧੀਨ ਨਹੀਂ ਸੀ ਲਿਹਾਜ਼ਾ ਜਿੰਨੇ ਵੀ ਬਿੱਲ ਪਾਸ ਕੀਤੇ ਗਏ ਸਨ ਉਹ ਕਾਨੂੰਨ ਦੀ ਉਲੰਘਣਾ ਹਨ। 


ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧ ਵਿੱਚ ਹੁਣ ਉਹ ਭਾਰਤ ਦੇ ਅਟਾਰਨੀ ਜਨਰਲ ਨਾਲ ਚਰਚਾ ਕਰਨਗੇ ਅਤੇ ਚਰਚਾ ਤੋਂ ਬਾਅਦ ਹੀ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਬਿੱਲਾਂ, ਜਿਨ੍ਹਾਂ 'ਚੋਂ ਸਿੱਖ ਗੁਰਦੁਆਰਾ ਸੋਧ ਬਿੱਲ ਵੀ ਇੱਕ ਹੈ, ਬਾਰੇ ਕੋਈ ਫੈਸਲਾ ਲੈਣਗੇ।


ਦੱਸਣਯੋਗ ਹੈ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਬਿਲਾਂ ਬਾਰੇ ਯਾਦ ਕਰਵਾਉਣ ਲਈ ਚਿੱਠੀ ਲਿਖੀ ਸੀ, ਤਾਂ ਉਨ੍ਹਾਂ ਵੱਲੋਂ ਟਵਿੱਟਰ 'ਤੇ ਇਹ ਗੱਲ ਵੀ ਕਹੀ ਗਈ ਸੀ ਕਿ, "ਪਵਿੱਤਰ ਗੁਰਬਾਣੀ ਦੇ ਟੈਲੀਕਾਸਟ ਨੂੰ ਦੁਬਾਰਾ ਫਿਰ ਬਾਦਲ ਪਰਿਵਾਰ ਦੀ ਕੰਪਨੀ ਦੇ ਖਾਸ ਬੰਦਿਆਂ ਦੇ ਹੱਥਾਂ ਚ ਨਹੀਂ ਜਾਣ ਦਿੱਤਾ ਜਾਵੇਗਾ..." 


ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਚਿੱਠੀ ਉਦੋਂ ਸਾਹਮਣੇ ਆਈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਆਪਣਾ ਖੁਦ ਦਾ Youtube ਚੈਨਲ ਖੋਲ੍ਹਣ ਜਾ ਰਹੇ ਹਨ ਅਤੇ ਇਹ ਚੈਨਲ 24 ਜੁਲਾਈ ਨੂੰ ਲਾਂਚ ਹੋਵੇਗਾ। 


ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਸਿੱਖ ਗੁਰਦੁਆਰਾ ਸੋਧ ਬਿੱਲ ਵਿੱਚ ਪੰਜਾਬ ਸਰਕਾਰ ਨੇ ਇਸ ਪ੍ਰਤਾਵ ਨੂੰ ਮੰਜੂਰੀ ਦਿੱਤੀ ਸੀ ਕਿ ਗੁਰਬਾਣੀ ਪ੍ਰਸਾਰਣ ਦੇ ਹੱਕ ਕਿਸੇ ਇੱਕ ਚੈਨਲ ਨੂੰ ਨਹੀਂ ਸਗੋਂ ਸਾਰੇ ਚੈਨਲਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ ਅਤੇ ਇਸ ਲਈ ਕੁਝ ਸ਼ਰਤਾਂ ਵੀ ਰੱਖੀਆਂ ਸਨ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਫੈਸਲੇ ਤੋਂ SGPC ਸ਼ੁਰੂਆਤ ਤੋਂ ਹੀ ਨਾਰਾਜ਼ ਚੱਲ ਰਹੀ ਹੈ।


ਇਹ ਵੀ ਪੜ੍ਹੋ : Sidhu Moosewala Murder case: ਸਿੱਧੂ ਮੂਸੇਵਾਲਾ ਕਤਲਕਾਂਡ 'ਚ NIA ਦਾ ਵੱਡਾ ਖੁਲਾਸਾ, ਪਾਕਿਸਤਾਨ ਨਾਲ ਜੁੜੇ ਤਾਰ