Hansali Village News: ਕੌਮੀ ਪੱਧਰ ਉਤੇ ਫਾਰਮ ਟੂਰਿਜ਼ਿਮ ਖੇਤਰ ਵਿੱਚ ਆਪਣੀ ਮੁੜ ਸਫ਼ਲਤਾ ਦਰਜ ਕਰਵਾਉਂਦਿਆਂ ਪੰਜਾਬ ਨੇ ਅੱਜ ਇਥੇ ਬੈਸਟ ਟੂਰਿਜ਼ਮ ਵਿਲੇਜ਼ ਆਫ਼ ਇੰਡੀਆ 2024 ਐਵਾਰਡ ਹਾਸਲ ਕੀਤਾ ਹੈ। ਇਹ ਅਹਿਮ ਐਵਾਰਡ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਅੰਮ੍ਰਿਤ ਸਿੰਘ, ਪਿੰਡ ਹੰਸਾਲੀ ਦੇ ਪ੍ਰਤੀਨਿਧ ਪਵੇਲ ਗਿੱਲ ਤੇ ਮੈਨੇਜਰ ਆਂਕੜਾ ਸ਼ੀਤਲ ਬਹਿਲ ਵੱਲੋਂ ਕੇਂਦਰੀ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਸਕੱਤਰ ਵੀ. ਵਿਦਿਆਵਤੀ ਪਾਸੋਂ ਇਥੇ ਵਿਗਿਆਨ ਭਵਨ ਵਿੱਚ ਵਿਸ਼ਵ ਟੂਰਿਜ਼ਮ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਪ੍ਰਾਪਤ ਕੀਤਾ।


COMMERCIAL BREAK
SCROLL TO CONTINUE READING

ਇਸ ਸਮਾਗਮ ਦਾ ਉਦਘਾਟਨ ਉੱਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਵੱਲੋਂ ਕੀਤਾ ਗਿਆ। ਖੇਤੀਬਾੜੀ ਸੈਰ-ਸਪਾਟਾ ਖੇਤਰ ਦੇ ਇਸ ਵੱਕਾਰੀ ਐਵਾਰਡ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਹੰਸਾਲੀ ਨੂੰ ਕੌਮੀ ਪੱਧਰ ਉਤੇ ਇਹ ਐਵਾਰਡ ਜਿੱਤਣ ਵਾਲੇ ਪਿੰਡਾਂ ਵਿਚ ਸ਼ੁਮਾਰ ਕੀਤਾ ਗਿਆ ਹੈ।


ਹੰਸਾਲੀ ਆਰਗੈਨਿਕ ਫ਼ਾਰਮ ਦੇ ਮਾਲਕ ਸੁਖਚੈਨ ਸਿੰਘ ਗਿੱਲ ਤੇ ਉਨ੍ਹਾਂ ਦੇ ਪੁੱਤਰ ਪਵੇਲ ਗਿੱਲ ਦੇ ਮੁਸੱਲਸਲ ਯਤਨਾਂ ਤੇ ਪੰਜਾਬ ਦੇ ਸੈਰ ਸਪਾਟਾ ਵਿਭਾਗ ਦੀ ਸੁਹਿਰਦ ਅਗਵਾਈ ਤੇ ਸਹਿਯੋਗ ਸਦਕਾ ਇਹ ਪਿੰਡ ਐਗਰੋ ਅਧਾਰਤ ਟੂਰਿਜ਼ਮ ਦਾ ਮਿਸਾਲੀ ਪੇਂਡੂ ਸਥਾਨ ਬਣ ਚੁੱਕਿਆ ਹੈ।


ਸ਼੍ਰੀਮਤੀ ਅਮ੍ਰਿਤ ਸਿੰਘ ਨੇ ਦੱਸਿਆ ਕਿ ਇਹ ਪਿੰਡ ਔਰਗੈਨਿਕ ਫਾਰਮਿੰਗ ਦੇ ਇੱਕ ਧੁਰੇ ਵਜੋਂ ਵਿਕਸਿਤ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਸੈਲਾਨੀ ਇਥੇ ਪੰਜਾਬੀ ਰਵਾਇਤੀ ਖਾਣੇ ਦੇ ਨਾਲ-ਨਾਲ ਖੇਤੀਬਾੜੀ ਨਾਲ ਸਬੰਧਤ ਗਤੀਵਿਧੀਆਂ, ਪੇਂਡੂ ਸੱਭਿਆਚਾਰ ਦੀ ਝਲਕ ਅਤੇ ਮੋਹ ਭਿਜੀ ਆਓ ਭਗਤ ਦਾ ਅਨੰਦ ਮਾਣ ਸਕਦੇ ਹਨ।


ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੰਜਾਬ ਦੇ ਵੱਖ-ਵੱਖ ਇਤਿਹਾਸਿਕ ਸਮਾਰਕਾਂ ਅਤੇ ਵੱਖ-ਵੱਖ ਸੈਰ-ਸਪਾਟਾ ਸਥਾਨਾਂ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਵਿਸ਼ਵ ਟੂਰਿਜ਼ਮ ਦਿਵਸ ਮਨਾਇਆ ਜਾ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਨਵਾਂ ਪਿੰਡ ਸਰਦਾਰਾਂ ਨੇ ਲੰਘੇ ਵਰ੍ਹੇ ਬੈਸਟ ਟੂਰਿਜ਼ਮ ਵਿਲੇਜ ਆਫ ਇੰਡੀਆ 2023 ਅਵਾਰਡ ਹਾਸਿਲ ਕੀਤਾ ਸੀ।


ਡਾਇਰੈਕਟਰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਯੋਗ ਅਗਵਾਈ ਹੇਠ ਪੰਜਾਬ ਕੌਮੀ ਪੱਧਰ ਤੇ ਸੈਰ-ਸਪਾਟਾ ਖਾਸ ਕਰ ਫ਼ਾਰਮ ਟੂਰਿਜ਼ਮ ਦੇ ਖੇਤਰ ਵਿਚ ਮੋਹਰੀ ਸੂਬਾ ਬਣਨ ਦੇ ਆਪਣੇ ਟੀਚੇ ਵੱਲ ਵਧ ਰਿਹਾ ਹੈ।


ਇਹ ਵੀ ਪੜ੍ਹੋ : Ludhiana News: MP ਸੰਜੀਵ ਅਰੋੜਾ ਨੇ ਸਿਵਲ ਹਸਪਤਾਲ ਤੇ ਹਲਵਾਰਾ ਏਅਰਪੋਰਟ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ