Punjab News: ਗੈਂਗਸਟਰ ਭਗਵਾਨਪੁਰੀਆ ਦਾ ਸ਼ੂਟਰ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ; ਅੰਮ੍ਰਿਤਸਰ ਬਾਈਪਾਸ `ਤੇ ਕੀਤੀ ਸੀ ਫਾਇਰਿੰਗ
Amritsar Firing Case: ਸ਼ਾਰਪ ਸ਼ੂਟਰ ਦੀਪਕ ਰਾਠੀ ਉਰਫ਼ ਢਿੱਲੋਂ ਉਰਫ਼ ਪ੍ਰਵੇਸ਼ ਹਰਿਆਣਵੀ `ਤੇ ਝੱਜਰ (ਹਰਿਆਣਾ) ਵਿਖੇ ਕਤਲ ਦੀ ਕੋਸ਼ਿਸ਼, ਥਾਣਾ ਕਾਂਜੀਵਾਲਾ, ਦਿੱਲੀ ਵਿਖੇ ਡਕੈਤੀ, ਪੁਲਿਸ ਥਾਣਾ ਨਜਫਗੜ੍ਹ, ਦਿੱਲੀ ਵਿਖੇ ਕਤਲ ਦੀ ਕੋਸ਼ਿਸ਼ ਅਤੇ ਥਾਣਾ ਅਸੁਧਾ, ਝੱਜਰ ਵਿਖੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਹਨ।
Amritsar Firing Case: ਪੰਜਾਬ ਦੀ ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸ਼ੂਟਰ (Jaggu Bhagwanpuria Shooter) ਨੂੰ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਹੈ। ਇਹ ਸ਼ੂਟਰ ਜਿੱਥੇ ਪੰਜਾਬ 'ਚ ਸਰਗਰਮ ਸੀ, ਉਥੇ ਹੀ ਦਿੱਲੀ-ਹਰਿਆਣਾ 'ਚ ਵੀ ਉਸ 'ਤੇ ਕਈ ਮਾਮਲੇ ਦਰਜ ਹਨ। ਗੋਲੀ ਚਲਾਉਣ ਵਾਲੇ ਦੀ ਪਛਾਣ ਦੀਪਕ ਰਾਠੀ ਉਰਫ ਢਿੱਲੋ ਉਰਫ ਪਰਵੇਸ਼ ਹਰਿਆਣਵੀ ਵਾਸੀ ਬਹਾਦਰਗੜ੍ਹ ਜ਼ਿਲਾ ਝੱਜਰ ਹਰਿਆਣਾ ਵਜੋਂ ਹੋਈ ਹੈ। ਅੰਮ੍ਰਿਤਸਰ ਪੁਲਿਸ ਨੇ ਮੁਲਜ਼ਮ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰਕੇ ਉਸ ਨੂੰ ਪੰਜਾਬ ਲਿਆਂਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਏਡੀਸੀਪੀ-3 ਅਭਿਮਨਿਊ ਰਾਣਾ ਅਤੇ ਏਸੀਪੀ ਡਿਟੈਕਟਿਵ ਗੁਰਿੰਦਰਪਾਲ ਸਿੰਘ ਨਾਗਰਾ ਦੀ ਦੇਖ-ਰੇਖ ਹੇਠ ਇਹ ਕਾਰਵਾਈ ਮੁਕੰਮਲ ਕੀਤੀ ਗਈ। ਸੀਆਈਏ ਇੰਚਾਰਜ ਅਮਨਦੀਪ ਸਿੰਘ ਤੋਂ ਸੂਚਨਾ ਮਿਲਣ ਤੋਂ ਬਾਅਦ ਟੀਮ ਮਹਾਰਾਸ਼ਟਰ ਲਈ ਰਵਾਨਾ ਹੋ ਗਈ। ਮਹਾਰਾਸ਼ਟਰ ਪੁਲਿਸ ਨੂੰ ਵੀ ਨਾਲ ਲਿਆ ਗਿਆ ਅਤੇ ਮੁਲਜ਼ਮ ਨੂੰ ਰੰਕਲਾ ਟਾਵਰ ਏਰੀਆ ਕੋਹਲਾਪੁਰ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ:Amritsar News: ਕਸਟਮ ਵਿਭਾਗ ਨੂੰ ਮਿਲੀ ਸਫ਼ਲਤਾ, ਹਵਾਈ ਅੱਡੇ 'ਤੇ ਫੜਿਆ 49 ਲੱਖ ਦਾ ਸੋਨਾ
ਏਡੀਸੀਪੀ ਰਾਣਾ ਨੇ ਦੱਸਿਆ ਕਿ ਮੁਲਜ਼ਮ ਨੇ 22 ਮਈ 2023 ਨੂੰ ਮਕਬੂਲਪੁਰਾ ਥਾਣੇ (Amritsar Bypass Firing Case) ਵਿੱਚ ਗੋਲੀ ਚਲਾ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਦੀਪਕ ਰਾਠੀ ਖ਼ਿਲਾਫ਼ ਇਰਾਦਾ ਕਤਲ ਅਤੇ ਆਸ਼ਾ ਐਕਟ ਤਹਿਤ ਕੇਸ ਦਰਜ ਕੀਤਾ ਸੀ, ਜਿਸ ਵਿੱਚ ਉਸ ਨੂੰ 14 ਜੁਲਾਈ 2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਰਾਣਾ ਨੇ ਦੱਸਿਆ ਕਿ ਏਸੀਪੀ (ਡੀ) ਗੁਰਿੰਦਰਪਾਲ ਸਿੰਘ ਨਾਗਰਾ ਦੀ ਨਿਗਰਾਨੀ ਹੇਠ ਸੀਆਈਏ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਸੂਹ ਮਿਲਣ ’ਤੇ ਸ਼ਾਰਪ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਡੀਜੀਪੀ ਦੇ ਹੁਕਮਾਂ 'ਤੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਸ਼ਾਰਪ ਸ਼ੂਟਰ ਦੀਪਕ ਰਾਠੀ ਉਰਫ਼ ਢਿੱਲੋਂ ਉਰਫ਼ ਪ੍ਰਵੇਸ਼ ਹਰਿਆਣਵੀ ਦੀ ਗ੍ਰਿਫ਼ਤਾਰੀ 'ਤੇ ਪੂਰੀ ਟੀਮ ਨੂੰ ਸਨਮਾਨਿਤ ਕੀਤਾ ਹੈ। ਏਡੀਸੀਪੀ ਅਭਿਮਨਿਊ ਰਾਣਾ, ਏਸੀਪੀ ਜੀਪੀਐਸ ਨਾਗਰਾ, ਇੰਸਪੈਕਟਰ ਅਮਨਦੀਪ ਸਿੰਘ, ਇੰਸਪੈਕਟਰ ਅਮੋਲਕ ਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਹੁਣ ਜੱਗੂ ਭਗਵਾਨਪੁਰੀਆ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਜੇਲ੍ਹ ਤੋਂ ਲਿਆਂਦਾ ਜਾਵੇਗਾ।