Doctors Strike: ਪੰਜਾਬ ਵਿੱਚ ਡਾਕਟਰਾਂ ਦੀ ਹੜਤਾਲ , ਅੱਜ ਮੁਕੰਮਲ ਤੌਰ `ਤੇ OPD ਬੰਦ ਰੱਖਣ ਦਾ ਐਲਾਨ
Doctors Strike: ਸਰਕਾਰ ਅਤੇ ਡਾਕਟਰਾਂ ਦਰਮਿਆਨ ਚੱਲ ਰਹੀ ਮੀਟਿੰਗ ਵਿੱਚ ਸਾਰੇ ਮਸਲਿਆਂ ਉਤੇ ਸਹਿਮਤੀ ਬਣ ਗਈ ਹੈ ਪਰ ਫਿਰ ਵੀ ਹੁਣ ਵੀਰਵਾਰ ਤੋਂ ਓਪੀਡੀ ਸੇਵਾ ਪੂਰੀ ਤਰ੍ਹਾਂ ਬੰਦ ਰਹੇਗੀ।
Doctors Strike: ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਅੰਸ਼ਕ ਹੜਤਾਲ ਬੁੱਧਵਾਰ ਤੱਕ ਜਾਰੀ ਰਹੀ ਪਰ ਅੱਜ ਚੌਥੇ ਦਿਨ ਵੀਰਵਾਰ ਨੂੰ ਹੜਤਾਲ ਪੂਰੀ ਤਰ੍ਹਾਂ ਲਾਗੂ ਰਹੇਗੀ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ.ਸੀ.ਐੱਮ.ਐੱਸ.ਏ.) ਨੇ ਬੀਤੇ ਦਿਨੀਂ ਕੈਬਨਿਟ ਸਬ-ਕਮੇਟੀ ਅਤੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ ਸੀ।
ਪੰਜਾਬ ਵਿੱਚ ਅੱਜ (ਵੀਰਵਾਰ) ਤੋਂ ਡਾਕਟਰਾਂ ਦੀ ਹੜਤਾਲ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਅੱਜ ਤੋਂ ਪੰਜਾਬ ਭਰ ਵਿੱਚ ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਹਨ। ਇੰਨਾ ਹੀ ਨਹੀਂ, ਡਾਕਟਰ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਸਰਟੀਫਿਕੇਟ ਨਹੀਂ ਦੇਵੇਗਾ, ਚਾਹੇ ਉਹ ਡਰਾਈਵਿੰਗ ਲਈ ਹੋਵੇ ਜਾਂ ਬੰਦੂਕ ਦਾ ਲਾਇਸੈਂਸ ਜਾਂ ਨੌਕਰੀ ਲਈ। ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆਂ।
ਪੀਸੀਐਮਐਸਏ ਦੇ ਸੂਬਾ ਪ੍ਰਧਾਨ ਡਾਕਟਰ ਅਖਿਲ ਸਰੀਨ ਨੇ ਕਿਹਾ ਕਿ ਸਿਹਤ ਮੰਤਰੀ ਨੇ ਸੁਰੱਖਿਆ ਸਬੰਧੀ ਮੰਗਾਂ ਨੂੰ ਸਿਧਾਂਤਕ ਤੌਰ ’ਤੇ ਪ੍ਰਵਾਨ ਕਰ ਲਿਆ ਅਤੇ ਕਰੀਅਰ ਨੂੰ ਅੱਗੇ ਵਧਾਉਣ ਦਾ ਭਰੋਸਾ ਦਿੱਤਾ ਪਰ ਇਸ ’ਤੇ ਕੋਈ ਲਿਖਤੀ ਭਰੋਸਾ ਨਹੀਂ ਦਿੱਤਾ ਗਿਆ। ਸਰੀਨ ਨੇ ਕਿਹਾ ਕਿ ਹੁਣ ਵੀਰਵਾਰ ਤੋਂ ਓਪੀਡੀ ਸੇਵਾ ਪੂਰੀ ਤਰ੍ਹਾਂ ਬੰਦ ਰਹੇਗੀ।
ਪਿਛਲੇ ਤਿੰਨ ਦਿਨਾਂ ਤੋਂ ਡਾਕਟਰਾਂ ਨੇ ਰੋਸ ਵਜੋਂ ਰੋਜ਼ਾਨਾ ਸਵੇਰੇ 8 ਤੋਂ 11 ਵਜੇ ਤੱਕ ਓਪੀਡੀ ਬੰਦ ਰੱਖੀ ਜਾ ਰਹੀ ਹੈ। ਡਾਕਟਰਾਂ ਦੀ ਜਥੇਬੰਦੀ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਬੁੱਧਵਾਰ ਦੀ ਮੀਟਿੰਗ ਵਿੱਚ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਧਰਨਾ ਦੂਜੇ ਪੜਾਅ ਵਿੱਚ ਦਾਖ਼ਲ ਹੋ ਜਾਵੇਗਾ।
ਇਹ ਵੀ ਪੜ੍ਹੋ: Doctors Strike News: ਸਬ ਕਮੇਟੀ ਨਾਲ ਮੀਟਿੰਗ ਮਗਰੋਂ ਪੀਸੀਐਮਐਸਏ ਵੱਲੋਂ ਭਲਕੇ ਪੂਰੇ ਦਿਨ ਲਈ ਓਪੀਡੀ ਬੰਦ ਰੱਖਣ ਦਾ ਐਲਾਨ
ਦਰਅਸਲ ਬੀਤੇ ਦਿਨੀ ਕੈਬਨਿਟ ਸਬ-ਕਮੇਟੀ ਤੇ ਐਚਐਮ ਡਾ. ਬਲਬੀਰ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਪੀਸੀਐਮਐਸਏ ਨੇ ਸੁਰੱਖਿਆ ਅਤੇ ਏਸੀਪੀਜ਼ ਦੀਆਂ ਮੰਗਾਂ ਨੂੰ ਪੁਰਜ਼ੋਰ ਤਰੀਕੇ ਨਾਲ ਕਮੇਟੀ ਸਾਹਮਣੇ ਰੱਖਿਆ। ਏਸੀਪੀਜ਼ ਦੇ ਮੁੱਦੇ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਕੈਬਨਿਟ ਸਬ-ਕਮੇਟੀ ਨੇ ਮੰਗਾਂ ਨੂੰ ਜਾਇਜ਼ ਮੰਨਦਿਆਂ, ਸਿਧਾਂਤਕ ਤੌਰ 'ਤੇ, ਪੀਸੀਐਮਐਸ ਕਾਡਰ ਵਿੱਚ ਰੁਕੇ ਹੋਏ ਏ.ਸੀ.ਪੀ ਨੂੰ ਬਹਾਲ ਕਰਨ ਨੂੰ ਪ੍ਰਵਾਨਗੀ ਦਿੱਤੀ ਅਤੇ ਇਸ ਨੂੰ ਜਲਦੀ ਅਤੇ ਸਮਾਂਬੱਧ ਢੰਗ ਨਾਲ ਲਾਗੂ ਕਰਨ ਲਈ ਬਿਨਾਂ ਸ਼ਰਤ ਸਹਿਮਤੀ ਦਿੱਤੀ। ਸਾਰੀਆਂ ਚਰਚਾਵਾਂ ਸਕਾਰਾਤਮਕ ਅਤੇ ਅਨੁਕੂਲ ਮਾਹੌਲ ਵਿੱਚ ਹੋਈਆਂ। ਪੀ.ਸੀ.ਐੱਮ.ਐੱਸ.ਏ. ਸਾਡੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨ ਅਤੇ ਜਵਾਬਦੇਹ ਹੋਣ ਲਈ ਸਬ-ਕਮੇਟੀ ਦੇ ਮੈਂਬਰਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕਰਦਾ ਹੈ।
ਦਰਅਸਲ, ਮੀਟਿੰਗ ਦੇ ਅੰਤ ਵਿੱਚ ਵਿਭਾਗ ਵੱਲੋਂ ਪੀ.ਸੀ.ਐਮ.ਐਸ.ਏ. ਨੂੰ ਭਰੋਸਾ ਦਿਵਾਇਆ ਗਿਆ ਕਿ ਅੱਜ ਹੀ ਸਰਕਾਰ ਵੱਲੋਂ ਇੱਕ ਅਧਿਕਾਰਤ ਪੱਤਰ ਜਾਰੀ ਕੀਤਾ ਜਾਵੇਗਾ ਜਿਸ ਵਿੱਚ ਏ.ਸੀ.ਪੀ ਦੀ ਬਹਾਲੀ ਬਾਰੇ ਕੈਬਨਿਟ ਸਬ-ਕਮੇਟੀ ਦੇ ਫੈਸਲੇ ਅਤੇ ਇੱਕ ਨਿਸ਼ਚਿਤ ਰੂਪਰੇਖਾ ਸਮੇਤ ਮੀਟਿੰਗ ਦੇ ਹੋਰ ਮਹੱਤਵਪੂਰਨ ਫੈਸਲਿਆਂ ਬਾਰੇ ਦੱਸਿਆ ਜਾਵੇਗਾ। ਪ੍ਰੰਤੂ ਸਰਕਾਰ ਵੱਲੋਂ ਪੱਤਰ ਜਾਰੀ ਕਰਨ ਦੇ ਵਾअਦੇ ਉਪਰੰਤ ਕੋਈ ਵੀ ਪੱਤਰ ਜਾਰੀ ਨਾ ਕੀਤੇ ਜਾਣ ਦੇ ਮੱਦੇਨਜ਼ਰ, ਅੱਜ ਲਈ ਓਪੀਡੀ ਨੂੰ ਪੂਰੇ ਦਿਨ ਲਈ ਮੁਅੱਤਲ ਕਰਨ ਦਾ ਸੱਦਾ ਦਿੱਤਾ ਗਿਆ ਹੈ।