Cabinet minister Take Oath: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਵਜ਼ਾਰਤ ਵਿਚ ਪੰਜ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਨਵੇਂ ਕੈਬਨਿਟ ਮੰਤਰੀਆਂ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਜ ਭਵਨ ਵਿੱਚ ਸਹੁੰ ਚੁਕਵਾਈ। ਪੰਜਾਬ ਕੈਬਨਿਟ ਦੇ ਨਵੇਂ ਚਿਹਰਿਆਂ ਵਿਚ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਸ਼ਾਮ ਚੁਰਾਸੀ ਤੋਂ ਵਿਧਾਇਕ ਡਾ. ਰਵੀਜੋਤ ਸਿੰਘ, ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਜਲੰਧਰ ਪੱਛਮੀ ਤੋਂ ਮਹਿੰਦਰ ਭਗਤ ਅਤੇ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਸ਼ਾਮਲ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਨਵੇਂ ਬਣੇ ਮੰਤਰੀ ਨੂੰ ਵਧਾਈ ਦਿੱਤੀ।


COMMERCIAL BREAK
SCROLL TO CONTINUE READING

ਇਥੇ ਦੱਸਣਯੋਗ ਹੈ ਕਿ ਕੈਬਨਿਟ ਵਿਚੋਂ ਚੇਤਨ ਸਿੰਘ ਜੌੜਾਮਾਜਰਾ, ਬ੍ਰਮ ਸ਼ੰਕਰ ਜਿੰਪਾ,  ਬਲਕਾਰ ਸਿੰਘ ਅਤੇ ਅਨਮੋਲ ਗਗਨ ਮਾਨ ਦੀ ਪੰਜਾਬ ਮੰਤਰੀ ਮੰਡਲ ਵਿਚੋਂ ਛੁੱਟੀ ਹੋਈ ਹੈ। ਚਾਰ ਮੰਤਰੀਆਂ ਦੀ ਛੁੱਟੀ ਕਰਕੇ ਪੰਜ ਨਵੇਂ ਚਿਹਰਿਆਂ ਨੂੰ ਕੈਬਨਿਟ ਵਿਚ ਜਗ੍ਹਾ ਦਿੱਤੀ ਗਈ ਹੈ। ਲੋਕ ਸਭਾ ਚੋਣਾਂ ਮਗਰੋਂ ਕੈਬਨਿਟ ਵਿਚ ਫੇਰਬਦਲ ਹੋਣ ਦੇ ਚਰਚੇ ਸ਼ੁਰੂ ਹੋ ਗਏ ਸਨ ਅਤੇ ‘ਆਪ’ਨੇ ‘ਮਾੜੀ ਕਾਰਗੁਜ਼ਾਰੀ’ਦੇ ਆਧਾਰ ’ਤੇ ਚਾਰ ਮੰਤਰੀਆਂ ਦੀ ਛਾਂਟੀ ਦਾ ਫ਼ੈਸਲਾ ਕੀਤਾ ਸੀ। ‘ਆਪ’ ਸਰਕਾਰ ਦੇ ਢਾਈ ਸਾਲ ਤੋਂ ਵੱਧ ਦੇ ਕਾਰਜਕਾਲ ਦੌਰਾਨ ਪੰਜਾਬ ਵਜ਼ਾਰਤ ਵਿਚ ਇਹ ਚੌਥਾ ਫੇਰਬਦਲ ਹੈ।


ਜਾਣੋਂ ਨਵੇਂ ਬਣੇ ਮੰਤਰੀਆਂ ਬਾਰੇ 


ਤਰਨਪ੍ਰੀਤ ਸਿੰਘ ਸੌਂਦ


ਜ਼ਿਲ੍ਹਾ ਲੁਧਿਆਣਾ ਨੂੰ ਪਹਿਲੀ ਵਾਰ ਕੈਬਨਿਟ ਵਿੱਚ ਨੁਮਾਇੰਦਗੀ ਮਿਲਣ ਜਾ ਰਹੀ ਹੈ ਜਿੱਥੋਂ ਹੁਣ ਦੋ ਨਵੇਂ ਚਿਹਰੇ ਹਰਦੀਪ ਸਿੰਘ ਮੁੰਡੀਆਂ ਅਤੇ ਤਰਨਪ੍ਰੀਤ ਸਿੰਘ ਸੌਂਦ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਤਰਨਪ੍ਰੀਤ ਸਿੰਘ ਸੌਂਦ 2022 ਵਿੱਚ ਖੰਨਾ ਤੋਂ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਦਾ ਜਨਮ 1983 ਵਿੱਚ ਭੁਪਿੰਦਰ ਸਿੰਘ ਦੇ ਘਰ ਹੋਇਆ ਉਨ੍ਹਾਂ ਦੇ ਪਿਤਾ ਭੁਪਿੰਦਰ ਸਿੰਘ ਇੱਕ ਸਫਲ ਕਾਰੋਬਾਰੀ ਹਨ। ਸੌਂਦ ਐੱਮਐੱਲਏ ਬਣਨ ਤੋਂ ਪਹਿਲਾਂ ਪਾਰਟੀ ਵਿੱਚ ਕਈ ਅਹੁਦਿਆਂ ਉੱਤੇ ਸੇਵਾ ਕਰ ਚੁੱਕੇ ਹਨ। ਬਾਹਰਵੀਂ ਪਾਸ ਸੌਂਦ ਮਸ਼ੀਨਾਂ ਦਾ ਕਾਰੋਬਾਰ ਕਰਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਇੱਕ ਬੇਟੀ ਅਤੇ ਇੱਕ ਬੇਟਾ ਹਨ।



ਮੋਹਿੰਦਰ ਪਾਲ ਭਗਤ


ਮੋਹਿੰਦਰ ਪਾਲ ਭਗਤ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਭਗਤ ਚੂੰਨੀ ਲਾਲ ਦੇ ਪੁੱਤਰ ਹਨ। ਭਗਤ ਚੂੰਨੀ ਭਾਜਪਾ ਦੇ ਸੀਨੀਅਰ ਆਗੂ ਰਹੇ ਹਨ। ਦਸਵੀਂ ਪਾਸ ਮੋਹਿੰਦਰ ਭਗਤ ਬਚਪਨ ਤੋਂ ਹੀ ਆਰਐੱਸਐੱਸ ਨਾਲ ਜੁੜੇ ਹੋਏ ਸਨ ਅਤੇ ਉਹ 1997 ਤੋਂ 1999 ਤੱਕ ਭਾਰਤੀ ਜਨਤਾ ਪਾਰਟੀ ਐੱਸਸੀਮੋਰਚਾ ਦੇ ਜਨਰਲ ਸਕੱਤਰ ਵੀ ਰਹੇ ਹਨ ਅਤੇ ਪੇਸ਼ੇ ਵਜੋਂ ਉਹ ਖੇਡਾਂ ਦਾ ਸਮਾਨ ਤਿਆਰ ਕਰਦੇ ਹਨ। ਇਸ ਤੋਂ ਇਲਾਵਾ 1997 ਤੋਂ 2023 ਤੱਕ ਉਹ ਭਾਰਤੀ ਜਨਤਾ ਪਾਰਟੀ ਦੇ ਵੱਖ ਵੱਖ ਅਹੁਦਿਆਂ ਉੱਤੇ ਕੰਮ ਕਰਦੇ ਰਹੇ ਹਨ। ਅਪ੍ਰੈਲ 2023 ਵਿੱਚ ਉਹ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਅਤੇ 2024 ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਜਿੱਤ ਕੇ ਵਿਧਾਇਕ ਚੁਣੇ ਗਏ ਸਨ। ਜਲੰਧਰ ਪੱਛਮੀ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਦੇ ਅਸਤੀਫ਼ਾ ਦੇਣ ਕਰ ਕੇ ਖ਼ਾਲ੍ਹੀ ਹੋਈ ਸੀ।



ਬਰਿੰਦਰ ਕੁਮਾਰ ਗੋਇਲ


ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਹਨ। ਬਰਿੰਦਰ ਕੁਮਾਰ ਗੋਇਲ ਪੇਸ਼ੇ ਤੋਂ ਵਕੀਲ ਅਤੇ ਕਾਰੋਬਾਰੀ ਹਨ। ਬਰਿੰਦਰ ਕੁਮਾਰ ਗੋਇਲ ਬਾਰ ਐਸੋਸੀਏਸ਼ਨ ਸੁਨਾਮ ਦੇ 2 ਵਾਰ ਪ੍ਰਧਾਨ ਰਹੇ ਹਨ ਅਤੇ 1992 ਵਿੱਚ ਉਨ੍ਹਾਂ ਪਹਿਲੀ ਵਾਰ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਲਹਿਰਾਗਾਗਾ ਵਿਧਾਨ ਸਭਾ ਦੀ ਚੋਣ ਲੜੀ ਸੀ ਪਰ ਸਫ਼ਲਤਾ ਨਹੀਂ ਮਿਲੀ। ਗੋਇਲ ਦਾ ਸਬੰਧ ਪੰਜਾਬ ਦੀਆਂ ਕਈ ਸਿਆਸੀ ਪਾਰਟੀਆਂ ਨਾਲ ਰਿਹਾ ਹੈ। ਕੁਝ ਸਮਾਂ ਭਾਜਪਾ ਵਿੱਚ ਰਹਿਣ ਤੋਂ ਬਾਅਦ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਸਰਕਾਰ ਵਿੱਚ ਕਾਂਗਰਸ ਵਿੱਚ ਵੀ ਸ਼ਾਮਲ ਹੋਏ। ਫਿਰ ਸਾਲ 2022 ਦੇ ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਇਸ ਹਲਕੇ ਤੋਂ ਉਨ੍ਹਾਂ ਨੂੰ ਜਿੱਤ ਮਿਲੀ। ਬਰਿੰਦਰ ਕੁਮਾਰ ਗੋਇਲ ਦੇ ਪਰਿਵਾਰ ਦੇ ਵਿੱਚ ਉਨ੍ਹਾਂ ਦੀ ਪਤਨੀ ਸੀਮਾ ਗੋਇਲ, ਪੁੱਤਰ ਗੌਰਵ ਗੋਇਲ, ਨੂੰਹ ਅਤੇ ਪੋਤਾ ਸ਼ਾਮਿਲ ਹਨ ਅਤੇ ਪੁੱਤਰ ਹੀ ਉਨ੍ਹਾਂ ਦਾ ਕਾਰੋਬਾਰ ਦੇਖਦਾ ਹੈ।



ਹਰਦੀਪ ਸਿੰਘ ਮੁੰਡੀਆਂ


ਹਰਦੀਪ ਸਿੰਘ ਮੁੰਡੀਆਂ ਦਾ ਸਬੰਧ ਸਾਹਨੇਵਾਲ ਵਿਧਾਨ ਸਭਾ ਹਲਕੇ ਤੋਂ ਹੈ। ਹਰਦੀਪ ਸਿੰਘ ਮੁੰਡੀਆਂ ਹਲਕਾ ਸਾਹਨੇਵਾਲ ਤੋਂ 2022 ਵਿੱਚ ਵਿਧਾਇਕ ਚੁਣੇ ਗਏ। ਉਹ ਦਸਵੀਂ ਪਾਸ ਹਨ ਅਤੇ ਖੇਤੀਬਾੜੀ ਦਾ ਕੰਮ ਕਰਦੇ ਹਨ। ਖੇਤੀਬਾੜੀ ਦੇ ਨਾਲ ਉਹ ਕੁਝ ਸਹਾਇਕ ਧੰਦੇ ਵੀ ਕਰਦੇ ਹਨ। ਉਨ੍ਹਾਂ ਦੀ ਉਮਰ ਕਰੀਬ 48 ਸਾਲ ਹੈ।



ਡਾ. ਰਵਜੋਤ ਸਿੰਘ


ਡਾ. ਰਵਜੋਤ ਸਿੰਘ ਸ਼ਾਮ ਚੁਰਾਸੀ ਤੋਂ ਵਿਧਾਇਕ ਹਨ। ਉਨ੍ਹਾਂ 2022 ਵਿੱਚ ਪਹਿਲੀ ਵਾਰੀ ਵਿਧਾਨ ਸਭਾ ਚੋਣ ਜਿੱਤੀ ਸੀ। ਡਾ. ਰਵਜੋਤ ਸਿੰਘ ਨੇ ਕਾਂਗਰਸ ਦੇ ਪਵਨ ਅਦੀਆ 21,356 ਹਜ਼ਾਰ ਵੋਟਾਂ ਦੇ ਨਾਲ ਹਰਾਇਆ ਸੀ।  ਡਾ. ਰਵਜੋਤ ਸਿੰਘ ਪੇਸ਼ੇ ਵੱਜੋਂ ਇੱਕ ਡਾਕਟਰ ਹਨ ਜੋ ਹੁਸ਼ਿਆਰਪੁਰ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਵਿੱਚ ਇੱਕ ਨਿੱਜੀ ਹਸਪਤਾਲ ‘ਰਵਜੋਤ ਹਸਪਤਾਲ ਅਤੇ ਕਾਰਡੀਅਕ ਸੈਂਟਰ’ ਚਲਾਉਂਦੇ ਹਨ।



ਇਥੇ ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਢਾਈ ਸਾਲ ਦੇ ਅੰਦਰ ਚੌਥੀ ਵਾਰ ਕੈਬਨਿਟ ਵਿਚ ਬਦਲਾਅ ਕੀਤਾ ਗਿਆ ਹੈ, ਜਿਸ ਦੇ ਲਈ 5 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਹੈ।