Punjab News: ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਜੋ ਵਿੱਤ ਬਾਰੇ ਸੰਸਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਨ। ਉਨ੍ਹਾਂ ਨੇ ਅੱਜ ਚੰਡੀਗੜ੍ਹ ਵਿੱਚ 40 ਬੈਂਕਾਂ ਦੇ ਸੂਬਾ ਮੁਖੀਆਂ ਨਾਲ ਸਵੈ-ਰੁਜ਼ਗਾਰ ਲਈ ਵੱਖ-ਵੱਖ ਸਕੀਮਾਂ ਤਹਿਤ ਕਰਜ਼ਿਆਂ ਦੀ ਮਨਜ਼ੂਰੀ ਅਤੇ ਵੰਡ ਦੀ ਪ੍ਰਗਤੀ ਦਾ ਜਾਇਜ਼ਾ ਲਿਆ।


COMMERCIAL BREAK
SCROLL TO CONTINUE READING

ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੱਖ-ਵੱਖ ਸਕੀਮਾਂ ਲਈ ਕਰਜ਼ੇ ਦੀ ਰਕਮ ਦੀ ਬਹੁਤ ਘੱਟ ਵਰਤੋਂ ਹੋ ਰਹੀ ਹੈ ਅਤੇ ਬੈਂਕਾਂ ਨੂੰ ਆਪਣੀਆਂ ਹੁਨਰਮੰਦ ਕਰਮਚਾਰੀਆਂ, ਮਹਿਲਾ ਸਵੈ-ਸਹਾਇਤਾ ਸਮੂਹਾਂ ਅਤੇ ਸੀਮਾਂਤ ਕਿਸਾਨਾਂ ਨੂੰ ਕਰਜ਼ੇ ਦੀ ਤੁਰਤ ਪ੍ਰਵਾਨਗੀ ਅਤੇ ਵੰਡ ਲਈ ਆਪਣੀਆਂ ਸਾਰੀਆਂ ਸ਼ਾਖਾਵਾਂ ਨੂੰ ਪ੍ਰੇਰਤ ਕਰਨਾ ਚਾਹੀਦਾ ਹੈ।


ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਆਈਟੀਆਈ ਗ੍ਰੈਜੂਏਟਾਂ ਵੱਲੋਂ ਸਵੈ-ਰੁਜ਼ਗਾਰ ਲਈ 632 ਅਰਜ਼ੀਆਂ ਦਿੱਤੀਆਂ ਗਈਆਂ ਸਨ, ਪਰ ਸਿਰਫ਼ 52 ਕਰਜ਼ੇ ਹੀ ਮਨਜ਼ੂਰ ਹੋਏ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 6300 ਬੈਂਕ ਸ਼ਾਖਾਵਾਂ ਹਨ ਅਤੇ ਜੇਕਰ ਹਰੇਕ ਬੈਂਕ ਪੰਜ-ਪੰਜ ਕਰਜ਼ੇ ਵੀ ਮਨਜ਼ੂਰ ਕਰਦਾ ਹੈ ਤਾਂ ਵੀ ਘੱਟੋ-ਘੱਟ 30 ਹਜ਼ਾਰ ਲੋਕਾਂਥ ਨੂੰ ਫਾਇਦਾ ਹੋ ਸਕਦਾ ਹੈ।


ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਵੈ-ਰੁਜ਼ਗਾਰ ਅਤੇ ਸਟਾਰਟ-ਅੱਪ ਲਈ ਕਰਜ਼ੇ ਵੰਡਣ ਵਿੱਚ ਬੈਂਕਾਂ ਆਪਣੇ ਟੀਚੇ ਪੂਰੇ ਨਹੀਂ ਕਰ ਰਹੇ ਅਤੇ ਜੇਕਰ ਬੈਂਕ ਆਰਥਿਕ ਤੌਰ ''ਤੇ ਕਮਜ਼ੋਰ ਬਿਨੈਕਾਰਾਂ ਨੂੰ ਕਰਜ਼ੇ ਦੀ ਮਨਜ਼ੂਰੀ ਨਹੀਂ ਦਿੰਦੇ ਤਾਂ ਸੂਬਾ ਸਰਕਾਰ ਇਸ ਨੂੰ ਗੰਭੀਰਤਾ ਨਾਲ ਲਵੇਗੀ।


ਉਨ੍ਹਾਂ ਇਹ ਵੀ ਕਿਹਾ ਕਿ ਸਮੇਂ-ਸਮੇਂ 'ਤੇ ਇਸ ਸਬੰਧ ਵਿੱਚ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵਿੱਤ ਸਕੱਤਰ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਜਾਵੇਗੀ।


ਦੱਸ ਦਈਏ ਕਿ ਮੁਦਰਾ ਯੋਜਨਾ ਤਹਿਤ ਬੈਂਕਾਂ ਨੂੰ ਛੋਟੇ ਉਦਯੋਗਾਂ ਲਈ 10 ਲੱਖ ਤੱਕ ਦੇ ਬੈਂਕ ਕਰਜ਼ੇ ਦੇਣ ਦਾ ਪ੍ਰਬੰਧ ਹੈ, ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ ਜਿਸ ਅਧੀਨ ਨਿਰਮਾਣ, ਵਪਾਰ ਅਤੇ ਸੇਵਾ ਖੇਤਰ ਵਾਸਤੇ 50 ਲੱਖ ਤੱਕ ਦੇ ਕਰਜੇ ਦੇਣ ਦਾ ਪ੍ਰਬੰਧ ਹੈ।


ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ, ਖੇਤੀਬਾੜੀ ਬੁਨਿਆਦੀ ਢਾਂਚਾ ਫੰਡ, ਮਾਈਕਰੋ ਫੂਡ ਪ੍ਰੋਸੈਸਿੰਗ ਸਕੀਮ, ਐਸਸੀ/ਐਸਟੀ ਅਤੇ ਮਹਿਲਾ ਉੱਦਮੀਆਂ ਅਤੇ ਪ੍ਰਧਾਨ ਮੰਤਰੀ ਸਟਰੀਟ ਵਿਕਰੇਤਾ ਮਾਈਕਰੋ ਕ੍ਰੈਡਿਟ ਸਕੀਮ ਲਈ ਵਿੱਤੀ ਸਹਾਇਤਾ ਲਈ ਸਟੈਂਡ ਅੱਪ ਇੰਡੀਆ ਸਕੀਮ ਆਦਿ ਬਾਰੇ ਸਾਰੇ ਬੈਂਕਾਂ ਨੇ ਆਪਣੀ ਕਾਰਗੁਜ਼ਾਰੀ ਦੀ ਜਾਣਕਾਰੀ ਦਿੱਤੀ ।