Sri Kiratpur Sahib News: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੱਡੀ ਕਾਰਵਾਈ; ਅਲਟ੍ਰਾਟੈਕ ਕੰਪਨੀ ਦੇ ਡੰਪਾਂ ਤੋਂ ਪ੍ਰਦੂਸ਼ਣ ਫੈਲਾਉਣ ਵਿਰੁੱਧ ਨੋਟਿਸ ਜਾਰੀ
Sri Kiratpur Sahib News: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜੀਨੀਅਰ ਨੇ ਦੈਹਣੀ ਵਿੱਚ ਸਥਿਤ ਅਲਟ੍ਰਾਟੈਕ ਕੰਪਨੀ ਨੂੰ ਤਹਿ ਮਾਪਦੰਡਾਂ ਦੀ ਉਲੰਘਣਾ ਕਰਨ ਵਿਰੁੱਧ ਨੋਟਿਸ ਜਾਰੀ ਕੀਤਾ ਹੈ।
Sri Kiratpur Sahib News: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜੀਨੀਅਰ ਨੇ ਦੈਹਣੀ ਵਿੱਚ ਸਥਿਤ ਅਲਟ੍ਰਾਟੈਕ ਕੰਪਨੀ ਨੂੰ ਤਹਿ ਮਾਪਦੰਡਾਂ ਦੀ ਉਲੰਘਣਾ ਕਰਨ ਵਿਰੁੱਧ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਅਲਟ੍ਰਾਟੈਕ ਕੰਪਨੀ ਵੱਲੋਂ ਵਾਟਰ (ਪ੍ਰਵੈਸ਼ਨ ਐਂਡ ਕੰਟਰੋਲ ਆਫ ਪਲਿਊਸ਼ਨ) ਐਕਟ 1974 ਐਂਡ ਏਅਰ (ਪ੍ਰਵੈਸ਼ਨ ਐਂਡ ਕੰਟਰੋਲ ਆਫ ਪਲਿਊਸ਼ਨ) ਐਕਟ 1981 ਦੀ ਉਲੰਘਣਾ ਤਹਿਤ ਕੰਪਨੀ ਨੂੰ 11 ਅਕਤੂਬਰ ਨੂੰ ਵਾਤਾਵਰਣ ਭਵਨ ਪਟਿਆਲਾ ਵਿੱਚ ਪੇਸ਼ ਹੋਣ ਲਈ ਕਿਹਾ ਹੈ।
ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੰਮੀ ਲੜਾਈ ਲੜ ਰਹੇ ਸਥਾਨਕ ਟਰੱਕ ਆਪ੍ਰੇਟਰਾਂ ਨੂੰ ਫਾਇਦਾ ਮਿਲਣ ਦੀ ਸੰਭਾਵਨਾ ਵੱਧ ਗਈ ਹੈ। ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹਵਾਲੇ ਨਾਲ ਵਾਤਾਵਰਣ ਇੰਜੀਨੀਅਰ ਵੱਲੋਂ ਜਾਰੀ ਨੋਟਿਸ ਵਿੱਚ ਅਲਟ੍ਰਾਟੈਕ ਕੰਪਨੀ ਨੂੰ ਕਿਹਾ ਹੈ ਕਿ ਸਹਾਇਕ ਵਾਤਾਵਰਨ ਇੰਜੀਨੀਅਰ ਰੂਪਨਗਰ ਵੱਲੋਂ 24 ਜੁਲਾਈ 2023 ਨੂੰ ਇੰਡਸਟਰੀ ਦਾ ਦੌਰਾ ਕੀਤਾ ਗਿਆ।
ਉਸ ਸਮੇਂ ਇੰਡਸਟਰੀ ਦੇ ਵਾਤਾਵਰਨ ਇੰਜੀਨੀਅਰ ਅਰਵਿੰਦ ਕੁਮਾਰ ਕੁਸ਼ਵਾਹਾ ਵੀ ਮੌਜੂਦ ਸਨ ਅਤੇ ਪੜਤਾਲ ਦੌਰਾਨ ਪਾਇਆ ਕਿ ਯੂਨਿਟ ਕਲਿੰਕਰ, ਜਿਪਸਮ, ਫਲਾਈਐਂਸ਼, ਕੋਲਾ, ਪੈਟਕੋਕ, ਰੈਡ ਓਰਚਰ ਚੀਜਾ ਦੀ ਸਟੋਰੇਜ ਲਈ ਬਣਾਇਆ ਗਿਆ ਸੀ। ਯੂਨਿਟ ਦੀਆਂ ਅੰਦਰੂਨੀ ਸੜਕਾਂ ਟੁੱਟੀਆਂ ਹੋਈਆਂ ਸਨ, ਜੋ ਕਿ ਮੌਜੂਦਾ ਮਕੈਨਿਕਲ ਤਰੀਕੇ ਨਾਲ ਸਾਫ਼ ਨਹੀ ਹੋ ਸਕਦੀਆਂ ਸਨ। ਸੜਕ ਦੇ ਆਲੇ-ਦੁਆਲੇ ਪਾਣੀ ਵਾਲੇ ਫੁਹਾਰੇ ਜਾਮ ਹੋਏ ਸਨ।
ਟਾਈਰਾਂ ਨੂੰ ਸਾਫ਼ ਕਰਨ ਵਾਲਾ ਸਿਸਟਮ ਵੀ ਸਮਰੱਥ ਨਹੀਂ ਪਾਇਆ ਗਿਆ। ਇੰਡਸਟਰੀ ਦੇ ਸੁਆਹ ਦੇ ਡੰਪ ਵਿੱਚ ਪਾਇਆ ਗਿਆ ਕਿ ਲਵਾਰਿਸ ਬੇਸਹਾਰਾ ਪਸ਼ੂ ਸੁਆਹ ਨਾਲ ਲਿਬੜੇ ਬੈਠੇ ਸਨ। ਕਲਿੰਕਰ ਪਾਣੀ ਦੇ ਵਹਾਅ ਨਾਲ ਆਲੇ ਦੁਆਲੇ ਫੈਲਿਆ ਹੋਇਆ ਸੀ। ਸਾਮਾਨ ਲੈ ਜਾਣ ਵਾਲਿਆਂ ਕਨਵੇਅਰ ਬੈਲਟਾਂ ਦੇ ਕਵਰ ਟੁੱਟੇ ਹੋਏ ਸਨ , ਜਿੱਥੋਂ ਦੀ ਹਵਾ ਚੱਲਣ ਤੇ ਧੂੜ ਉੱਡ ਕੇ ਵਾਤਾਵਰਣ ਨੂੰ ਗੰਦਲਾ ਕਰ ਸਕਦੀ ਹੈ। ਕੋਲਾ ਤੇ ਪੈਟ ਕੋਕ ਦੇ ਟਿੱਪਲਰ ਕੰਮ ਨਹੀਂ ਕਰ ਰਹੇ ਸਨ।
ਪਾਣੀ ਦੇ ਟਿਊਬਵੈੱਲ ਦੇ ਉਪਰ ਲੱਗਿਆ ਮੀਟਰ ਖਰਾਬ ਪਾਇਆ ਗਿਆ। ਪਖਾਨੇ ਤੇ ਬਾਥਰੂਮਾਂ ਦਾ ਪਾਣੀ ਟੈਂਕ ਵਿਚ ਇਕੱਠਾ ਕੀਤਾ ਜਾ ਰਿਹਾ ਸੀ, ਜਿਸ ਨੂੰ ਟੈਂਕਰ ਰਾਹੀ ਕੱਢਵਾ ਕੇ ਗੈਰ ਵਿਗਿਆਨਕ ਤਰੀਕੇ ਨਾਲ ਨਿਪਟਾਇਆ ਜਾ ਰਿਹਾ ਸੀ। ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਾਲੇ ਯੰਤਰਾਂ ਨੂੰ ਚਲਾਉਣ ਦਾ ਰਿਕਾਰਡ ਨਹੀਂ ਰੱਖਿਆ ਜਾ ਰਿਹਾ ਸੀ। ਇੰਡਸਟਰੀ ਵੱਲੋਂ ਤੈਅ ਨਿਯਮਾਂ ਤੇ ਸ਼ਰਤਾਂ ਦਾ ਪਾਲਣ ਨਹੀਂ ਕੀਤਾ ਗਿਆ।
ਨੋਟਿਸ ਵਿੱਚ ਕਿਹਾ ਕਿ ਇੰਡਸਟਰੀ ਵਿਰੁੱਧ 33-ਏ ਵਾਟਰ (ਪ੍ਰੀਵੇਂਸ਼ਨ ਐਂਡ ਕੰਟਰੋਲ ਆਫ ਪਲੂਸ਼ਨ ) ਐਕਟ 1974 ਐਂਡ, 31-ਏ ਏਅਰ ( ਪ੍ਰੀਵੇਸ਼ਨ ਐਂਡ ਕੰਟਰੋਲ ਆਫ ਪਲੂਸ਼ਨ ) ਐਕਟ 1981 ਤਹਿਤ ਕਿਉਂ ਨਾ ਕਾਰਵਾਈ ਕੀਤੀ ਜਾਵੇ, ਇੰਡਸਟਰੀ ਦੀ ਬੈਂਕ ਗਰੰਟੀ ਜ਼ਬਤ ਕੀਤੀ ਜਾਵੇ। ਟੀਮ ਨੇ ਕਿਹਾ ਕਿ ਪਾਵਰਕਾਮ ਦੇ ਬਿਜਲੀ ਕੁਨੈਕਸ਼ਨ ਕਿਉਂ ਨਾ ਕੱਟ ਦਿੱਤੇ ਜਾਣ। ਇਸ ਸਬੰਧੀ ਇੰਡਸਟਰੀ ਦੇ ਨੁਮਾਇੰਦੇ ਨੂੰ 11 ਅਕਤੂਬਰ ਨੂੰ 10.30 ਵਜੇ ਚੇਅਰਮੈਨ ਪ੍ਰਦੂਸ਼ਣ ਕੰਟਰੋਲ ਬੋਰਡ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।
ਨੋਟਿਸ ਵਿੱਚ ਕਿਹਾ ਹੈ ਕਿ ਇੰਡਸਟਰੀ ਵੱਲੋਂ ਤੁਰੰਤ ਪਲੀਤ ਤੇ ਪ੍ਰਦੂਸ਼ਿਤ ਪਾਣੀ, ਸੀਵਰੇਜ ਅਤੇ ਕੁਦਰਤੀ ਸਰੋਤਾਂ ਵਿੱਚ ਪਾਉਣ ਤੋਂ ਰੋਕਿਆ ਜਾਵੇ। ਇੰਡਸਟਰੀ ਵੱਲੋਂ ਹਵਾ ਰਾਹੀਂ ਵੀ ਕੋਈ ਪ੍ਰਦੂਸ਼ਿਤ ਪਦਾਰਥ ਵਾਤਾਵਰਣ ਵਿੱਚ ਨਾ ਛੱਡੇ ਜਾਣ, ਸਾਰੀਆਂ ਅਜਿਹੀਆਂ ਗਤੀਵਿਧੀਆਂ ਜੋ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਹਦਾਇਤਾਂ ਦੇ ਉਲਟ ਹੋਣ ਉਹ ਤੁਰੰਤ ਬੰਦ ਕੀਤੀਆਂ ਜਾਣ। ਵਾਤਾਵਰਣ ਇੰਜੀਨੀਅਰ ਰਿਜ਼ਨਲ ਦਫ਼ਤਰ ਰੂਪਨਗਰ ਵੱਲੋਂ ਜੋ ਮਸ਼ੀਨਰੀ ਇੰਡਸਟਰੀ ਵਿੱਚ ਲੱਗੀ ਹੋਈ ਹੈ, ਉਸ ਮਸ਼ੀਨਰੀ ਤੇ ਡੀ.ਜੀ ਸੈਟ ਨੂੰ ਸੀਲ ਕਰਨ ਲਈ ਕਿਉਂ ਨਾ ਕਿਹਾ ਜਾਵੇ।
ਨੋਟਿਸ ਵਿੱਚ ਇੰਡਸਟਰੀ ਨੂੰ ਹਦਾਇਤ ਕੀਤੀ ਹੈ ਕਿ ਉਹ 11 ਅਕਤੂਬਰ ਨੂੰ ਵਾਤਾਵਰਣ ਭਵਨ ਪਟਿਆਲਾ ਵਿੱਚ ਨਿੱਜੀ ਤੌਰ ਉਤੇ ਹਾਜ਼ਰ ਹੋ ਕੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਨਾਕਾਮ ਹੋਣ ਸਬੰਧੀ ਆਪਣੇ ਪੱਖ ਪੇਸ਼ ਕਰਨ ਨਹੀਂ ਤਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇੰਡਸਟਰੀ ਨੂੰ ਜਾਰੀ ਕੀਤੀਆਂ ਪ੍ਰਵਾਨਗੀਆਂ, ਬੈਂਕ ਗਰੰਟੀ ਜ਼ਬਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Kurali Factory Fire Update: ਕੈਮੀਕਲ ਫੈਕਟਰੀ ਅੱਗ ਮਾਮਲੇ 'ਚ ਵੱਡੀ ਅਪਡੇਟ, ਮਾਲਕ ਖਿਲਾਫ਼ ਮਾਮਲਾ ਦਰਜ
ਸ੍ਰੀ ਕੀਰਤਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ