ਪਰਾਲ਼ੀ ਸਾੜਨ ਦੇ ਮਾਮਲਿਆਂ ’ਚ ਅਚਾਨਕ ਹੋਇਆ ਇਜ਼ਾਫਾ, ਸਰਕਾਰ ਦੇ ਦਾਅਵਿਆਂ ’ਤੇ ਫਿਰਿਆ ਪਾਣੀ!
ਸੂਬੇ ’ਚ ਇਸ ਵਾਰ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਦੀ ਕੁੱਲ ਗਿਣਤੀ 10,214 ਹੋ ਗਈ ਹੈ, ਪਿਛਲੇ 8 ਦਿਨਾਂ ਦੌਰਾਨ ਹੀ 7,493 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।
ਚੰਡੀਗੜ੍ਹ: ਸਰਕਾਰ ਦਾ ਦਾਅਵਾ ਸੀ ਕਿ ਪਿਛਲੇ ਸਾਲਾਂ ਨਾਲੋਂ ਇਸ ਵਾਰ ਪਰਾਲ਼ੀ ਸਾੜਨ ਦੇ ਘੱਟ ਮਾਮਲੇ ਸਾਹਮਣੇ ਆਏ ਹਨ ਪਰ ਹੁਣ ਇਨ੍ਹਾਂ ਦਾਅਵਿਆਂ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਕਿਉਂਕਿ ਪਿਛਲੇ ਕੁਝ ਦਿਨਾਂ ’ਚ ਪਰਾਲ਼ੀ ਸਾੜਨ ਦੇ ਮਾਮਲਿਆਂ ’ਚ ਅਚਾਨਕ ਵਾਧਾ ਹੋਇਆ ਹੈ।
ਸੂਬੇ ’ਚ ਇਸ ਵਾਰ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਦੀ ਕੁੱਲ ਗਿਣਤੀ 10,214 ਹੋ ਗਈ ਹੈ, ਪਿਛਲੇ 8 ਦਿਨਾਂ ਦੌਰਾਨ ਹੀ 7,493 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।
ਜੇਕਰ ਇਸ ਵਾਰ ਦੀ ਤੁਲਨਾ ਪਿਛਲੇ ਸਾਲ ਨਾਲ ਕੀਤੀ ਜਾਵੇ ਤਾਂ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਦਾ ਅੰਕੜਾ 10 ਹਜ਼ਾਰ ਨੂੰ ਪਾਰ ਕਰ ਚੁੱਕਾ ਹੈ। ਪਿਛਲੇ ਸਾਲ ਯਾਨੀ 2021 ’ਚ ਪਰਾਲ਼ੀ ਸਾੜਨ ਦੇ 7,503 ਮਾਮਲੇ ਦਰਜ ਕੀਤੇ ਗਏ ਸਨ ਪਰ ਇਸ ਵਾਰ ਇਹ ਅੰਕੜਾ ਵੱਧ ਚੁੱਕਾ ਹੈ, ਜੋ ਕਿ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ।
ਬਾਸਮਤੀ ਉਤਪਾਦਕ ਸਰਹੱਦੀ ਜ਼ਿਲ੍ਹਿਆਂ ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਪਰਾਲੀ ਸਾੜਨ ਦੇ 31 ਫੀਸਦੀ ਮਾਮਲੇ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ ਸੰਗਰੂਰ ਵਿੱਚ ਸਭ ਤੋਂ ਵੱਧ 297 ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ ਪਟਿਆਲਾ ਵਿੱਚ 274 ਅਤੇ ਤਰਨਤਾਰਨ ਵਿੱਚ 258 ਮਾਮਲੇ ਸਾਹਮਣੇ ਆਏ ਹਨ, ਜਦਕਿ ਬਾਕੀ ਸੱਤ ਜ਼ਿਲ੍ਹਿਆਂ ਵਿੱਚ 100 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ।
ਜਿਵੇਂ ਜਿਵੇਂ ਆਏ ਦਿਨ ਪਰਾਲ਼ੀ ਸਾੜਨ ਦੇ ਮਾਮਲੇ ਵਧਦੇ ਜਾ ਰਹੇ ਹਨ, ਉਸ ਅੰਦਾਜ਼ੇ ਨਾਲ 31 ਅਕਤੂਬਰ ਤੱਕ ਹਵਾ ਦੀ ਗੁਣਵੱਤਾ ਖ਼ਰਾਬ ਹੋ ਸਕਦੀ ਹੈ। ਜੇਕਰ ਇਹ ਅੰਕੜਾ ਇਸ ਹਿਸਾਬ ਨਾਲ ਹੀ ਵੱਧਦਾ ਰਿਹਾ ਤਾਂ ਸਰਦੀ ਦੇ ਮੌਸਮ ’ਚ ਧੂੰਏ ਦੀ ਇੱਕ ਹਲਕੀ ਚਾਦਰ ਬਣ ਜਾਵੇਗੀ ਜੋ ਕਿ ਸਾਹ ਦੇ ਮਰੀਜ਼ਾਂ ਲਈ ਘਾਤਕ ਸਿੱਧ ਹੋਵੇਗੀ।