Punjab State Cooperative Bank: ਸਹਿਕਾਰੀ ਖੇਤਰ ਵਿੱਚ ਬੈਂਕਿੰਗ ਸੇਵਾ ਵਿੱਚ ਨਵਾਂ ਮੀਲ ਪੱਥਰ ਸਥਾਪਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਗਾਹਕਾਂ ਨੂੰ ਪੈਸੇ ਦੇ ਆਨਲਾਈਨ ਲੈਣ-ਦੇਣ ਦੇ ਯੋਗ ਬਣਾਉਣ ਲਈ ਪੰਜਾਬ ਰਾਜ ਸਹਿਕਾਰੀ ਬੈਂਕ ਵਿੱਚ ਯੂ.ਪੀ.ਆਈ. ਸੇਵਾ ਦੀ ਸ਼ੁਰੂਆਤ ਕੀਤੀ ਹੈ।


COMMERCIAL BREAK
SCROLL TO CONTINUE READING

ਇਸ ਪਹਿਲਕਦਮੀ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਹੂਲਤ ਸਹਿਕਾਰੀ ਬੈਂਕਾਂ ਵਿੱਚ ਪੈਸੇ ਦੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਬੈਂਕ ਦੀਆਂ 18 ਬਰਾਂਚਾਂ ਵਿੱਚ ਯੂ.ਪੀ.ਆਈ. ਦੀ ਸਹੂਲਤ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮੰਤਵ ਵਧੇਰੇ ਪਾਰਦਰਸ਼ਤਾ ਤੇ ਜਵਾਬਦੇਹੀ ਰਾਹੀਂ ਬੈਂਕ ਦੀ ਕਾਰਜਪ੍ਰਣਾਲੀ ਨੂੰ ਹੋਰ ਸੁਚਾਰੂ ਬਣਾਉਣਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਬੈਂਕ ਦੇ ਗਾਹਕ, ਗੂਗਲ ਪੇਅ, ਵਟਸਐਪ, ਫੋਨ ਪੇਅ, ਪੇਅਟੀਐਮ, ਭੀਮ ਅਤੇ ਹੋਰ ਐਪਲੀਕੇਸ਼ਨਾਂ ਵਰਗੇ ਪਲੇਟਫਾਰਮਾਂ ਦੀ ਵਰਤੋਂ ਕਰ ਕੇ ਪੈਸੇ ਦਾ ਲੈਣ-ਦੇਣ ਕਰਨ ਦੇ ਯੋਗ ਹੋਣਗੇ।


ਮੁੱਖ ਮੰਤਰੀ ਨੇ ਕਿਹਾ ਕਿ ਇਸ ਸਹੂਲਤ ਨਾਲ ਬੈਂਕ ਦੇ ਗਾਹਕ ਹੋਰ ਬੈਂਕ ਖਾਤਿਆਂ ਵਿੱਚੋਂ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਖਾਤੇ ਵਿੱਚ ਪੈਸੇ ਭੇਜ ਜਾਂ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਮੁੱਢਲੇ ਤੌਰ ਉਤੇ ਗਾਹਕ ਯੂ.ਪੀ.ਆਈ. ਰਾਹੀਂ ਰੋਜ਼ਾਨਾ 50 ਹਜ਼ਾਰ ਤੱਕ ਦਾ ਲੈਣ-ਦੇਣ ਕੀਤਾ ਜਾ ਸਕੇਗਾ, ਜਿਸ ਨੂੰ ਆਉਣ ਵਾਲੇ ਦਿਨਾਂ ਵਿੱਚ ਇਕ ਲੱਖ ਰੁਪਏ ਤੱਕ ਵਧਾਇਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ, ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।


ਇਸ ਦੌਰਾਨ ਬੈਂਕ ਦੇ ਚੇਅਰਮੈਨ ਜਗਦੇਵ ਸਿੰਘ ਬਾਮ ਨੇ ਦੱਸਿਆ ਕਿ ਇਹ ਸਹੂਲਤ ਬੈਂਕ ਦੇ ਗਾਹਕਾਂ ਲਈ ਵੱਡਾ ਵਰਦਾਨ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਹੂਲਤ ਨੂੰ ਬੈਂਕ ਦੀਆਂ ਹੋਰ ਬਰਾਂਚਾਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਬੈਂਕ ਵੱਲੋਂ ਪਹਿਲਾਂ ਹੀ ਮੋਬਾਈਲ ਬੈਂਕਿੰਗ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੀ ਵਰਤੋਂ ਕਰ ਕੇ ਗਾਹਕ ਆਈ.ਐਮ.ਪੀ.ਐਸ. ਅਤੇ ਆਰ.ਟੀ.ਜੀ.ਐਸ. ਰਾਹੀਂ ਪੈਸੇ ਦਾ ਲੈਣ-ਦੇਣ ਕਰ ਸਕਦੇ ਹਨ।