Punjab Weather Update: ਬੇਮੌਸਮੀ ਮੀਂਹ ਕਰਕੇ ਕਣਕ ਦੀ ਫਸਲ ਨੂੰ ਵੱਡਾ ਨੁਕਸਾਨ!
ਪਟਿਆਲਾ, ਸਮਾਣਾ, ਨਾਭਾ, ਰਾਜਪੁਰਾ ਬਲਾਕ ਦੇ ਜ਼ਿਆਦਾਤਰ ਇਲਾਕੇ ਮੌਸਮ ਤੋਂ ਪ੍ਰਭਾਵਿਤ ਹੋਏ ਹਨ।
Punjab Weather Update news: ਭਾਰੀ ਮੀਂਹ ਦੀ ਮਾਰ ਨੇ ਇੱਕ ਵਾਰ ਫਿਰ ਤੋਂ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਨੂੰ ਵਧਾ ਦਿੱਤਾ ਹੈ। ਕਰੀਬ 35 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਖੇਤਾਂ ਵਿੱਚ ਵਿਛ ਗਈ ਹੈ। ਪੰਜਾਬ ਵਿੱਚ ਪਟਿਆਲਾ, ਸਮਾਣਾ, ਨਾਭਾ ਸਮੇਤ ਕਈ ਇਲਾਕਿਆਂ ਵਿੱਚ ਗੜ੍ਹਿਆਂ ਸਣੇ ਮੀਂਹ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਇਸ ਦੌਰਾਨ ਪਹਿਲਾਂ ਹੀ ਮੌਸਮ ਦੀ ਮਾਰ ਝੱਲ ਰਹੇ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ ਹੈ। ਸੋਮਵਾਰ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਗੜ੍ਹੇਮਾਰੀ ਨਾਲ ਭਾਰੀ ਮੀਂਹ ਪਿਆ। ਸ਼ਨੀਵਾਰ ਨੂੰ ਵੀ ਤੇਜ਼ ਮੀਂਹ ਅਤੇ ਹਵਾਵਾਂ ਕਾਰਨ ਜ਼ਿਲ੍ਹੇ ਦੇ ਕੁੱਲ 2 ਲੱਖ 33 ਹਜ਼ਾਰ ਹੈਕਟੇਅਰ ਰਕਬੇ ਵਿੱਚੋਂ 20 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਵਿਛ ਗਈ ਹੈ।
ਦੂਜੇ ਪਾਸੇ ਜੇਕਰ ਟ੍ਰਾਈਸਿਟੀ ਦੀ ਗੱਲ ਕੀਤੀ ਜਾਵੇ ਤਾਂ ਸੋਮਵਾਰ ਦੁਪਹਿਰ 2.30 ਵਜੇ ਤੋਂ ਬਾਅਦ ਬੱਦਲ ਛਾਏ ਰਹਿਣ ਕਾਰਨ ਪੂਰੀ ਤਰ੍ਹਾਂ ਹਨੇਰਾ ਛਾ ਗਿਆ। ਇਸ ਦੌਰਾਨ ਤੇਜ਼ ਹਵਾਵਾਂ ਚੱਲੀਆਂ ਅਤੇ ਦੁਪਹਿਰ 3 ਵਜੇ ਦੇ ਕਰੀਬ ਸ਼ੁਰੂ ਹੋਈ ਤੇਜ਼ ਬਾਰਿਸ਼ ਸ਼ਾਮ ਤੱਕ ਜਾਰੀ ਰਹੀ।
ਦੱਸ ਦਈਏ ਕਿ ਪੰਜਾਬ ਦੇ ਕਿਸਾਨ ਅਜੇ ਤੱਕ ਫਸਲਾਂ ਦੀ ਬਿਜਾਈ ਦੇ ਨੁਕਸਾਨ ਤੋਂ ਉਭਰ ਵੀ ਨਹੀਂ ਸਕੇ ਸਨ ਕਿ ਸੋਮਵਾਰ ਨੂੰ ਫਿਰ ਮੌਸਮ ਨੇ ਉਨ੍ਹਾਂ ਦਾ ਲੱਕ ਤੋੜ ਦਿੱਤਾ। ਖੇਤੀਬਾੜੀ ਵਿਭਾਗ ਅਨੁਸਾਰ ਕੁੱਲ ਰਕਬੇ ਦੇ ਕਰੀਬ 16 ਫ਼ੀਸਦੀ ਰਕਬੇ ’ਤੇ ਕਣਕ ਵਿਛ ਗਈ ਹੈ। ਇਸ ਦਾ ਰਕਬਾ ਲਗਭਗ 35 ਹਜ਼ਾਰ ਹੈਕਟੇਅਰ ਹੈ। ਕਣਕ ਲਗਭਗ ਪੱਕ ਕੇ ਤਿਆਰ ਹੋ ਚੁੱਕੀ ਸੀ। ਇਸ ਲਈ ਬੇਮੌਸਮੀ ਮੀਂਹ ਕਣਕ ਲਈ ਕਾਫੀ ਨੁਕਸਾਨਦੇਹ ਹੈ। ਇਸ ਕਾਰਨ ਕਣਕ ਦਾ ਝਾੜ 20 ਫੀਸਦੀ ਘਟਣ ਦੀ ਸੰਭਾਵਨਾ ਹੈ। ਪਿਛਲੇ ਸਾਲ ਵੀ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨਾਂ ਦਾ ਕਾਫੀ ਮਾਲੀ ਨੁਕਸਾਨ ਹੋਇਆ ਸੀ।
ਇਹ ਵੀ ਪੜ੍ਹੋ: Operation Amritpal Singh latest news: ਅੰਮ੍ਰਿਤਪਾਲ ਸਿੰਘ ਮਾਮਲੇ ‘ਚ NIA ਦੀਆਂ 9 ਟੀਮਾਂ ਪਹੁੰਚੀਆਂ ਪੰਜਾਬ
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਹਰਿੰਦਰ ਸਿੰਘ ਨੇ ਦੱਸਿਆ ਕਿ ਬਰਸਾਤ ਕਾਰਨ ਕਣਕ ਦੀ ਫ਼ਸਲ ਨੂੰ ਹੋਏ ਨੁਕਸਾਨ ਸਬੰਧੀ ਰਿਪੋਰਟ ਤਿਆਰ ਕਰਕੇ ਜਲਦੀ ਹੀ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ ਤਾਂ ਜੋ ਪੀੜਤ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਮਿਲ ਸਕੇ। ਪਟਿਆਲਾ, ਸਮਾਣਾ, ਨਾਭਾ, ਰਾਜਪੁਰਾ ਬਲਾਕ ਦੇ ਜ਼ਿਆਦਾਤਰ ਇਲਾਕੇ ਮੌਸਮ ਤੋਂ ਪ੍ਰਭਾਵਿਤ ਹੋਏ ਹਨ।
(For more news apart from Punjab Weather Update, stay tuned to Zee PHH)