Patiala News: ਉੱਘੇ ਦਸਤਾਵੇਜ਼ੀ ਫ਼ਿਲਮ ਨਿਰਮਾਤਾ ਅਤੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ, ਪਟਿਆਲਾ ਦੇ ਡਾਇਰੈਕਟਰ ਦਲਜੀਤ ਅਮੀ ਨੂੰ 'ਪ੍ਰਕਿਰਤੀ ਫ਼ਿਲਮ ਫ਼ੈਸਟੀਵਲ' ਲਈ ਜਿਊਰੀ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ.ਜੀ.ਸੀ.) ਅਤੇ ਕੰਨਸੋਰਸ਼ੀਅਮ ਫ਼ਾਰ ਐਜੂਕੇਸ਼ਨਲ ਕਮਿਊਨੀਕੇਸ਼ਨ (ਸੀ. ਈ. ਸੀ.) ਨਵੀਂ ਦਿੱਲੀ ਵੱਲੋਂ ਇਹ ਫ਼ੈਸਟੀਵਲ ਹਰ ਸਾਲ ਦੇਸ ਭਰ ਵਿੱਚ ਵੱਖ-ਵੱਖ ਸਥਾਨਾਂ ਉੱਤੇ ਕਰਵਾਇਆ ਜਾਂਦਾ ਹੈ। ਦੱਖਣ ਪੂਰਬੀ ਏਸ਼ੀਆਈ ਖਿੱਤੇ ਉੱਤੇ ਕੇਂਦਰਿਤ ਇਸ ਲੜੀ ਦਾ 15ਵਾਂ ਫ਼ੈਸਟੀਵਲ ਹਾਲ ਹੀ ਵਿੱਚ ਗੁਜਰਾਤ ਦੇ ਅਹਿਮਦਾਬਾਦ ਵਿੱਚ ਕਰਵਾਇਆ ਗਿਆ ਸੀ। ਦਲਜੀਤ ਅਮੀ ਦੀ ਨਾਮਜ਼ਦਗੀ 16ਵੇਂ ਫ਼ੈਸਟੀਵਲ ਲਈ ਹੋਈ ਹੈ।


COMMERCIAL BREAK
SCROLL TO CONTINUE READING

ਜ਼ਿਕਰਯੋਗ ਹੈ ਕਿ 1997 ਤੋਂ ਸ਼ੁਰੂ ਹੋਏ ਇਸ ਫ਼ੈਸਟੀਵਲ ਵਿੱਚ ਚਾਰ ਵੱਖ-ਵੱਖ ਸ਼੍ਰੇਣੀਆਂ ਦੀਆਂ ਦਸਤਾਵੇਜ਼ੀ ਫ਼ਿਲਮਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਨ੍ਹਾਂ ਸ਼੍ਰੇਣੀਆਂ ਵਿੱਚ ਵਾਤਾਵਰਣ, ਵਿਕਾਸ, ਮਨੁੱਖੀ ਅਧਿਕਾਰ ਅਤੇ ਸਵੱਛ ਭਾਰਤ ਦੇ ਵਿਸ਼ੇ ਸ਼ਾਮਿਲ ਹਨ। ਹਰੇਕ ਖੇਤਰ ਵਿੱਚ ਸੰਬੰਧਤ ਵਿਸ਼ੇ ਅਤੇ ਦਸਤਾਵੇਜ਼ੀ ਫ਼ਿਲਮ ਵਿਧਾ ਦੇ ਮਾਹਿਰਾਂ ਨੂੰ ਜਿਊਰੀ ਮੈਂਬਰ ਵਜੋਂ ਨਾਮਜ਼ਦ ਕੀਤਾ ਜਾਂਦਾ ਹੈ। ਦਲਜੀਤ ਅਮੀ ਦੀ ਨਾਮਜ਼ਦਗੀ 'ਸਵੱਛ ਭਾਰਤ' ਸ਼ਰੇਣੀ ਵਿੱਚ ਬਣਨ ਵਾਲ਼ੀਆਂ ਦਸਤਾਵੇਜ਼ੀ ਫ਼ਿਲਮਾਂ ਲਈ ਹੋਈ ਹੈ।


ਦਲਜੀਤ ਅਮੀ ਨੇ ਇਸ ਸੰਬੰਧੀ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਉਨ੍ਹਾਂ ਈ. ਐੱਮ. ਆਰ. ਸੀ., ਪਟਿਆਲਾ ਵਿਖੇ ਪਿਛਲੇ ਢਾਈ ਸਾਲਾਂ ਤੋਂ ਜਿਸ ਤਰੀਕੇ ਨਾਲ਼ ਫ਼ਿਲਮ ਮੇਲਿਆਂ ਅਤੇ ਹੋਰ ਕੌਮੀ ਪੱਧਰ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਵਧਾਈ ਹੈ, ਉਸ ਸਭ ਯੋਗਦਾਨ ਦੇ ਨਤੀਜੇ ਵਜੋਂ ਹੀ ਇਹ ਮਾਣ ਉਨ੍ਹਾਂ ਦੇ ਹਿੱਸੇ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਅਰਸੇ ਦੌਰਾਨ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਫ਼ਿਲਮ ਫ਼ੈਸਟੀਵਲਾਂ ਦੌਰਾਨ ਮੰਚ ਉੱਤੇ ਜਾਂ ਉਸ ਡੀ ਆਲੇ-ਦੁਆਲੇ ਜਿੰਨੀਆਂ ਵੀ ਉਸਾਰੂ ਚਰਚਾਵਾਂ ਛਿੜੀਆਂ ਹਨ, ਉਨ੍ਹਾਂ ਸਭ ਵਿੱਚ ਸਰਗਰਮ ਸ਼ਮੂਲੀਅਤ ਕੀਤੀ ਹੈ।


ਉਨ੍ਹਾਂ ਦੱਸਿਆ ਕਿ ਅਜਿਹੀਆਂ ਚਰਚਾਵਾਂ ਵਿੱਚ ਵੀ ਉਨ੍ਹਾਂ ਨੂੰ ਟਿੱਪਣੀਕਾਰ ਵਜੋਂ ਵਿਸ਼ੇਸ਼ ਤੌਰ ਉੱਤੇ ਬੁਲਾਇਆ ਜਾਂਦਾ ਰਿਹਾ ਹੈ। ਤਾਜ਼ਾ ਨਾਮਜ਼ਦਗੀ ਵੀ ਇਸੇ ਕੜੀ ਵਿੱਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ਼ ਸਾਡੇ ਕੇਂਦਰ ਹੀ ਨਹੀਂ ਬਲਕਿ ਸਾਡੇ ਖਿੱਤੇ ਨੂੰ ਕੌਮੀ ਪੱਧਰ ਉੱਤੇ ਮਾਨਤਾ ਮਿਲਦੀ ਹੈ। ਸੰਬੰਧਤ ਖੇਤਰ ਦੇ ਪੇਸ਼ੇਵਰ ਲੋਕਾਂ ਨਾਲ਼ ਰਾਬਤਾ ਬਿਹਤਰ ਹੋਣ ਸਦਕਾ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਅਤੇ ਖਿੱਤੇ ਨੂੰ ਇਸ ਦਾ ਲਾਭ ਪਹੁੰਚੇਗਾ। ਅਜਿਹਾ ਹੋਣ ਨਾਲ਼ ਕੇਂਦਰ ਲਈ ਨਵੇਂ ਮੌਕਿਆਂ ਅਤੇ ਸੰਭਾਵਨਾਵਾਂ ਉਪਜਣ ਦੀ ਵੀ ਉਮੀਦ ਬੱਝਦੀ ਹੈ।


ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਈ. ਐੱਮ. ਆਰ. ਸੀ. ਪਟਿਆਲਾ ਨੇ 'ਮੂਕਸ' ਦੇ ਨਾਮ ਨਾਲ਼ ਜਾਣੇ ਜਾਂਦੇ ਆਨਲਾਈਨ/ਡਿਜੀਟਲ ਕੋਰਸਾਂ ਦੇ ਖੇਤਰ ਵਿੱਚ ਦੇਸ ਭਰ ਵਿੱਚੋਂ ਮੋਹਰੀ ਸਥਾਨ ਪ੍ਰਾਪਤ ਕੀਤਾ ਹੈ। ਸੈਸ਼ਨ ਦਸੰਬਰ 2024 ਲਈ 17 ਕੋਰਸਾਂ ਰਾਹੀਂ ਈ. ਐੱਮ. ਆਰ. ਸੀ., ਪਟਿਆਲਾ ਨੇ ਦੇਸ ਭਰ ਦੇ ਕੁੱਲ 21 ਕੇਂਦਰਾਂ ਵਿੱਚੋਂ ਈ.ਐੱਮ.ਆਰ.ਸੀ. ਕਾਲੀਕੱਟ ਨਾਲ਼ ਸਾਂਝੇ ਤੌਰ ਉੱਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।