ਰਾਜਾ ਵੜਿੰਗ ਦੀ ਜ਼ੁਬਾਨੀ ਜਾਣੋ, ਕਾਂਗਰਸ ਕਿਵੇਂ ਬਣੀ ਆਮ ਆਦਮੀ ਤੋਂ ‘ਕਾਰੋਬਾਰੀਆਂ ਦੀ ਪਾਰਟੀ’
ਵੜਿੰਗ ਨੇ ਕਿਹਾ ਪਿਛਲੇ 20 ਸਾਲਾਂ ਤੋਂ ਕਾਂਗਰਸ ਕਮਰਸ਼ੀਅਲ ਪਾਰਟੀ ਹੋ ਗਈ ਹੈ, ਕਮਰਸ਼ੀਅਲ ਤੋਂ ਭਾਵ ਕਾਰੋਬਾਰੀਆਂ ਦੀ ਪਾਰਟੀ ਬਣ ਗਈ।
Amarinder singh Raja Warring News: ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਮਾਨਸਾ ’ਚ ਅਰਸ਼ਦੀਪ ਮਾਈਕਲ ਗਾਗੋਵਾਲ ਨੂੰ ਮਾਨਸਾ ਦਾ ਜ਼ਿਲ੍ਹਾ ਇੰਚਾਰਜ ਥਾਪਿਆ। ਇਸ ਮੌਕੇ ਉਨ੍ਹਾਂ ਪਾਰਟੀ ਦੇ 18 ਸੀਟਾਂ ’ਤੇ ਆਉਣ ਦਾ ਜ਼ਿੰਮੇਵਾਰ ਕਾਂਗਰਸੀ ਲੀਡਰਾਂ ਨੂੰ ਠਹਿਰਾਇਆ।
1-1 ਰੁਪਈਏ ਨਾਲ ਬਲਾਕ ਪ੍ਰਧਾਨ ਚੁਣਿਆ ਜਾਂਦਾ ਸੀ- ਵੜਿੰਗ
ਵੜਿੰਗ ਨੇ ਕਿਹਾ ਕਿ ਪਹਿਲਾਂ ਕਾਂਗਰਸ ਸਹੀ ਮਾਈਨੇ ’ਚ ਆਮ ਆਦਮੀ ਦੀ ਪਾਰਟੀ ਹੋਇਆ ਕਰਦੀ ਸੀ। ਕਿਉਂਕਿ ਰੁਪਇਆ-ਰੁਪਇਆ ਇਕੱਠਾ ਕਰਕੇ ਬਲਾਕ ਪ੍ਰਧਾਨ ਬਣਾਇਆ ਜਾਂਦਾ ਸੀ ਤੇ ਬਲਾਕ ਪ੍ਰਧਾਨਾਂ ’ਚੋਂ ਜ਼ਿਲ੍ਹਾ ਪ੍ਰਧਾਨ ਚੁਣਿਆ ਜਾਂਦਾ ਸੀ।
ਖੱਦਰ ਪਹਿਨਣ ਅਤੇ ਸਾਇਕਲ ਚਲਾਉਣ ਵਾਲਿਆਂ ਵੇਲੇ ਕਾਂਗਰਸ ਰਾਜ ਕਰਦੀ ਸੀ- ਵੜਿੰਗ
ਉਨ੍ਹਾਂ ਕਿਹਾ ਜੋ ਖੱਦਰ ਪਹਿਨਦਾ ਸੀ ਤੇ ਸਾਇਕਲ ’ਤੇ ਚੱਲਦਾ ਸੀ ਉਨ੍ਹਾਂ ਲੀਡਰਾਂ ਦੇ ਹੁੰਦਿਆ ਕਾਂਗਰਸ ਰਾਜ ਕਰਦੀ ਸੀ। ਵੜਿੰਗ ਨੇ ਕਿਹਾ ਪਿਛਲੇ 20 ਸਾਲਾਂ ਤੋਂ ਕਾਂਗਰਸ ਕਮਰਸ਼ੀਅਲ ਪਾਰਟੀ ਹੋ ਗਈ ਹੈ, ਕਮਰਸ਼ੀਅਲ ਤੋਂ ਭਾਵ ਕਾਰੋਬਾਰੀਆਂ ਦੀ ਪਾਰਟੀ ਬਣ ਗਈ।
ਸਵਿੱਸ ਬੈਂਕ ਦਾ ਪੈਸਾ ਲੈਕੇ ਕੈਪਟਨ ਕਾਂਗਰਸ ’ਚ ਆ ਗਿਆ: ਵੜਿੰਗ
ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਸਵਿੱਸ ਬੈਂਕ (Swiss Bank) ਦਾ ਪੈਸਾ ਲੈਕੇ ਕਾਂਗਰਸ ’ਚ ਆ ਗਿਆ। ਜਦੋਂ ਜਾਂਚ (Inquiry) ਖੁੱਲ੍ਹੀ ਤਾਂ ਭਾਜਪਾ ’ਚ ਵੜਿਆ ਫੇਰ ਗੁਟਕਾ ਸਾਹਿਬ ਦੀ ਸਹੁੰ ਖਾਕੇ ਬਾਦਲਾਂ ਨਾਲ ਸਮਝੌਤਾ ਕਰ ਲਿਆ।
ਕਾਂਗਰਸ ਦੀਆਂ 18 ਨਹੀਂ ਅੱਜ 117 ਸੀਟਾਂ ਹੁੰਦੀਆਂ: ਵੜਿੰਗ
ਵੜਿੰਗ ਨੇ ਕਿਹਾ ਕਿ ਕਾਂਗਰਸ ’ਚ ਧਨਾਢ ਲੋਕਾਂ ਦੀ ਐਂਟਰੀ ਹੋ ਗਈ, ਜਿਨ੍ਹਾਂ ਨੂੰ ਬਲਾਕ ਪ੍ਰਧਾਨਾਂ ਦੀ ਕਦਰ ਹੀ ਨਹੀਂ ਸੀ। ਉਨ੍ਹਾਂ ਕਿਹਾ ਕੈਪਟਨ ਦੇ ਹੁੰਦਿਆ ਜਿਨ੍ਹਾਂ ਕੋਲ ਪੈਸਾ ਜ਼ਿਆਦਾ ਹੁੰਦਾ ਸੀ ਉਨ੍ਹਾਂ ਨੂੰ ਟਿਕਟਾਂ ਦਿੱਤੀਆਂ ਗਈਆਂ। ਜੇਕਰ ਖੱਦਰ ਪਾਉਣ ਵਾਲੇ ਅਤੇ ਸਾਈਕਲ ਚਲਾਉਣ ਵਾਲੇ ਨੂੰ ਟਿਕਟਾਂ ਦਿੱਤੀਆਂ ਜਾਦੀਆਂ ਤਾਂ ਅੱਜ ਕਾਂਗਰਸ ਦੀਆਂ 18 ਨਹੀਂ ਬਲਕਿ 117 ਸੀਟਾਂ ਹੋਣੀਆਂ ਸਨ।