ਮੰਤਰੀ ਮੰਡਲ ’ਚ ਹੋਣ ਜਾ ਰਿਹਾ ਫੇਰ-ਬਦਲ, ਸਿਆਸਤ ਦੇ ਵੱਡੇ ਥੰਮ੍ਹਾਂ ਨੂੰ ਡੇਗਣ ਵਾਲੇ ਵਿਧਾਇਕਾਂ ਦਾ ਲੱਗ ਸਕਦਾ ਹੈ ਨੰਬਰ!
ਬਿਕਰਮ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੀ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਡਾ. ਜੀਵਨਜੋਤ ਕੌਰ ਅਤੇ ਹਲਕਾ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਨੂੰ ਹਰਾਉਣ ਵਾਲੇ ਜਗਦੀਪ ਸਿੰਘ ਗੋਲਡੀ ਦੇ ਨਾਮ ਦੀ ਚਰਚਾ ਚੱਲ ਰਹੀ ਹੈ।
Punjab Cabinet News: ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਖ਼ਤਮ ਹੋਣ ਤੋਂ ਬਾਅਦ ਹੁਣ ਇੱਕ ਵਾਰ ਫੇਰ ਪੰਜਾਬ ਦੇ ਮੰਤਰੀ ਮੰਡਲ ’ਚ ਫੇਰਬਦਲ ਦੀ ਇਕ ਵਾਰ ਚਰਚਾ ਛਿੜ ਗਈ ਹੈ।
ਦੱਸ ਦੇਈਏ ਕਿ ਦਿੱਲੀ ਨਗਰ ਨਿਗਮ, ਹਿਮਾਚਲ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਕਾਰਨ ਇਹ ਮਸਲਾ ਕਾਫ਼ੀ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਸੀ।
ਸੂਤਰਾਂ ਤੋਂ ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਇਸ ਵਾਰ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਸਣੇ ਕਈ ਹੋਰਨਾਂ ਵਜ਼ੀਰਾਂ ਦੀ ਛੁੱਟੀ ਹੋ ਸਕਦੀ ਹੈ, ਇਹ ਬਦਲਾਅ ਤਕਰੀਬਨ ਦਸੰਬਰ ਦੇ ਅਖ਼ੀਰ ਤੱਕ ਹੋ ਸਕਦਾ ਹੈ।
ਇਸ ਵਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ’ਚ ਸਿਆਸਤ ਦੇ ਵੱਡੇ ਵੱਡੇ ਥੰਮ੍ਹਾਂ ਨੂੰ ਡੇਗਣ ਵਾਲੇ ਅਤੇ ਗੁਜਰਾਤ ਚੋਣਾਂ ’ਚ ਪਾਰਟੀ ਲਈ ਵਧੀਆ ਕੰਮ ਕਰਨ ਵਾਲੇ ਲੀਡਰਾਂ ਨੂੰ ਕੈਬਨਿਟ ’ਚ ਥਾਂ ਮਿਲ ਸਕਦੀ ਹੈ।
ਇਨ੍ਹਾਂ ’ਚ ਗੁਰਮੀਤ ਸਿੰਘ ਖੁੱਡੀਆਂ, ਜਿਨ੍ਹਾਂ ਨੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੂੰ ਹਰਾਇਆ ਦਾ ਨਾਮ ਹੈ। ਦੂਜਾ ਅਜੀਤਪਾਲ ਸਿੰਘ ਕੋਹਲੀ ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੂੰ ਮਾਤ ਦਿੱਤੀ। ਇਸ ਤਰ੍ਹਾਂ ਤੱਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਹਲਕਾ ਚਮਕੌਰ ਸਾਹਿਬ ਤੋਂ ਹਰਾਉਣ ਵਾਲੇ ਡਾ. ਚਰਨਜੀਤ ਸਿੰਘ ਨੂੰ ਵੀ ਕੈਬਨਿਟ ’ਚ ਥਾਂ ਮਿਲਣ ਦੀ ਉਮੀਦ ਹੈ।
ਬਿਕਰਮ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੀ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਡਾ. ਜੀਵਨਜੋਤ ਕੌਰ ਅਤੇ ਹਲਕਾ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਨੂੰ ਹਰਾਉਣ ਵਾਲੇ ਜਗਦੀਪ ਸਿੰਘ ਗੋਲਡੀ ਦੇ ਨਾਮ ਦੀ ਚਰਚਾ ਚੱਲ ਰਹੀ ਹੈ।
ਉੱਧਰ ਆਮ ਆਦਮੀ ਪਾਰਟੀ ਕਿਸੇ ਵੀ ਦਾਗੀ ਮੰਤਰੀ ਨੂੰ ਮੰਤਰੀ ਮੰਡਲ ’ਚ ਰੱਖ 'ਭ੍ਰਿਸ਼ਟਾਚਾਰ' ਦਾ ਧੱਬਾ ਨਹੀਂ ਲਗਵਾਉਣਾ ਚਾਹੁੰਦੀ, ਜਿਸਦੇ ਚੱਲਦਿਆਂ ਤੱਤਕਾਲੀ ਸਿਹਤ ਮੰਤਰੀ ਵਿਜੈ ਸਿੰਗਲਾ ਦੀ ਕੈਬਨਿਟ ’ਚੋਂ ਛੁੱਟੀ ਕਰ ਦਿੱਤੀ ਗਈ ਸੀ। ਹੁਣ ਫ਼ੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਦੀ ਆਡੀਓ ਕਲਿੱਪ ਵਾਇਰਲ ਹੋਣ ਕਾਰਨ ਉਨ੍ਹਾਂ ਦੀਆਂ ਛੁੱਟੀ ਹੋਣਾ ਲਗਭਗ ਤੈਅ ਹੈ।
ਵਿਰੋਧੀ ਧਿਰਾਂ ਵਲੋਂ ਫੌਜਾ ਸਿੰਘ ਸਰਾਰੀ ਮਾਮਲੇ ’ਚ ਪੰਜਾਬ ਸਰਕਾਰ ਨੂੰ ਘੇਰੇ ਜਾਣ ਤੋਂ ਬਾਅਦ ਮੰਤਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸਦਾ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਸਰਾਰੀ ਵਲੋਂ ਅਜਿਹੀ ਅਣਗਹਿਲੀ ਨੂੰ ਵੇਖਦਿਆਂ ਜਲਦ ਹੀ ਉਨ੍ਹਾਂ ’ਤੇ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਜ਼ੀ ਸਟੂਡੀਓਜ਼ ਵਲੋਂ ਵੀ. ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਫ਼ਿਲਮ Gode Gode Chaa ਦੀ ਸ਼ੂਟਿੰਗ ਦੀ ਸ਼ੁਰੂਅਤ