Derabassi News:  ਡੇਰਾਬੱਸੀ ਇਲਾਕੇ ਦੇ ਗੁਲਮੋਹਰ ਐਕਸਟੈਂਨਸ਼ਨ ਵਾਸੀਆਂ ਨੇ ਪਾਣੀ ਦੀ ਨਿਕਾਸੀ ਅਤੇ ਬਿਜਲੀ ਦੀ ਸਮੱਸਿਆ ਤੋਂ ਤੰਗ ਆ ਕੇ ਐਤਵਾਰ ਨੂੰ ਪੰਜਾਬ ਸਰਕਾਰ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਮੋਨਿਕਾ ਕਪੂਰ, ਆਰੀਅਨ ਭੱਲਾ, ਪ੍ਰਤੀਕ, ਵੀਕੇ ਸੂਦ, ਦੀਪਕ ਦੱਤਾ, ਅਰੁਣ ਵਾਲੀਆ, ਰੇਖਾ, ਰੋਹਿਣੀ, ਦਿਨੇਸ਼, ਸੁਨੀਲ ਖੰਨਾ, ਰਾਕੇਸ਼ ਗੁਪਤਾ ਅਫਰੋਜ ਆਲਮ, ਸੰਜੀਵ ਚਾਵਲਾ, ਸਨੇਹਾ, ਸ਼ਾਲੂ, ਆਸ਼ੀਸ਼, ਵਰਿੰਦਰ ਸੂਦ ਆਦਿ ਨੇ ਕਿਹਾ ਕਿ ਉਹ ਸੁਸਾਇਟੀ ਵਿੱਚ ਪਾਣੀ ਦੀ ਨਿਸਾਨੀ ਅਤੇ ਬਿਜਲੀ ਦੇ ਅਣਐਲਾਨੇ ਕੱਟਾਂ ਦੀ ਸਮੱਸਿਆ ਤੋਂ ਗੰਭੀਰ ਪਰੇਸ਼ਾਨ ਹਨ।


COMMERCIAL BREAK
SCROLL TO CONTINUE READING

ਜੁਲਾਈ 2022 ਵਿੱਚ ਹੜ੍ਹ ਕਾਰਨ ਉਨ੍ਹਾਂ ਦੀ ਸੁਸਾਇਟੀ ਵਿੱਚ 15 ਤੋਂ 20 ਫੁੱਟ ਪਾਣੀ ਭਰ ਗਿਆ ਸੀ, ਜਿਸ ਕਾਰਨ ਲੋਕਾਂ ਦੀਆਂ ਗੱਡੀਆਂ ਅਤੇ ਹੋਰ ਸਾਮਾਨ ਪਾਣੀ ਵਿੱਚ ਡੁੱਬ ਗਏ ਸਨ ਅਤੇ ਲੋਕ ਦੋ ਦਿਨ ਤੱਕ ਆਪਣੇ ਫਲੈਟਾਂ ਵਿੱਚ ਫਸੇ ਰਹੇ ਸਨ। ਸੁਸਾਇਟੀ ਵਿੱਚ ਲਗਾਤਾਰ ਬਿਜਲੀ ਕਟੌਤੀ ਤੋਂ ਲੋਕ ਪਰੇਸ਼ਾਨ ਹੋ ਗਏ ਹਨ। ਬਿਜਲੀ ਕਟੌਤੀ ਦੀ ਸਮੱਸਿਆ ਕਾਰਨ ਸੁਸਾਇਟੀ ਦਾ ਇਕ ਵਰਗ ਜੇਨਰੇਟਰ ਉਤੇ ਨਿਰਭਰ ਹੈ, ਜਦਕਿ ਥੋੜ੍ਹੀ ਜਿਹੀ ਹਵਾ ਚੱਲਣ ਉਤੇ ਸੁਸਾਇਟੀ ਦੀ ਬਿਜਲੀ ਕੱਟ ਦਿੱਤੀ ਜਾਂਦੀ ਹੈ।


ਬਹੁ-ਮੰਜ਼ਿਲਾ ਇਮਾਰਤਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ 24 ਘੰਟੇ ਬਿਜਲੀ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਵਿੱਚ ਪਾਵਰ ਬੈਕਅੱਪ ਫੇਲ੍ਹ ਹੋ ਜਾ ਰਿਹਾ ਹੈ। ਕਈ ਘੰਟਿਆਂ ਤੱਕ ਬਿਜਲੀ ਕੱਟਾਂ ਤੋਂ ਲੋਕ ਪਰੇਸ਼ਾਨ ਹਨ। ਕਈ ਵਾਰ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲਦਾ। ਫਰਿੱਜ 'ਚ ਰੱਖਿਆ ਖਾਣ-ਪੀਣ ਦਾ ਸਮਾਨ ਖਰਾਬ ਹੋ ਜਾਂਦਾ ਹੈ। ਲੋਕਾਂ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਕਾਫੀ ਅੜਿੱਕਾ ਖੜ੍ਹਾ ਹੁੰਦਾ ਹੈ।


ਬਿਜਲੀ ਦੇ ਲਗਾਤਾਰ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਹਨ। ਵੋਲਟੇਜ ਦਾ ਉਤਰਾਅ-ਚੜ੍ਹਾਅ ਵੀ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਸੁਸਾਇਟੀ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਵੀ ਲੰਮੇ ਸਮੇਂ ਤੋਂ ਗੰਭੀਰ ਬਣੀ ਹੋਈ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਫਲੈਟਾਂ ਦੀਆਂ ਪਾਰਕਿੰਗਾਂ ਵਿੱਚ ਬਰਸਾਤੀ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈਂਦਾ ਹੈ। ਇੰਨਾ ਹੀ ਨਹੀਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੁਸਾਇਟੀ ਦੀਆਂ ਸੜਕਾਂ ਵੀ ਪਾਣੀ ਨਾਲ ਭਰ ਗਈਆਂ ਹਨ।


ਇਹ ਸਮੱਸਿਆ ਪਿਛਲੇ 5 ਸਾਲਾਂ ਤੋਂ ਬਰਕਰਾਰ ਹੈ ਪਰ ਇਸ ਦੇ ਜ਼ਿੰਮੇਵਾਰ ਲੋਕ ਪੂਰੀ ਤਰ੍ਹਾਂ ਅੱਖਾਂ ਬੰਦ ਕਰਕੇ ਬੈਠੇ ਹਨ। ਸੁਸਾਇਟੀ ਵਾਸੀਆਂ ਨੇ ਇਸ ਸਮੱਸਿਆ ਦੇ ਹੱਲ ਲਈ ਉੱਚ ਅਧਿਕਾਰੀਆਂ ਨੂੰ ਕਈ ਵਾਰ ਅਪੀਲ ਕੀਤੀ ਹੈ ਪਰ ਅੱਜ ਤੱਕ ਕਿਸੇ ਨੇ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ। ਸੁਸਾਇਟੀ ਵਾਸੀਆਂ ਨੇ ਡੇਰਾਬੱਸੀ ਪ੍ਰਸ਼ਾਸਨ ਤੋਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਦੀ ਮੰਗ ਕੀਤੀ ਹੈ।